ਪ੍ਰਹਿਲਾਦ ਭਗਤ – ਸਾਰ

ਪ੍ਰਸ਼ਨ . ‘ਪ੍ਰਹਿਲਾਦ ਭਗਤ’ ਦੀ ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਹਰਨਾਖਸ਼ ਅਤੇ ਪਰਨਾਖ਼ਸ ਨਾਂ ਦੇ ਦੋ ਭਰਾ ਬੈਕੁੰਠ ਵਿੱਚ ਰਹਿੰਦੇ ਸਨ। ਦੇਵਤਿਆਂ ਦੇ ਸਰਾਪ ਕਾਰਨ ਇਨ੍ਹਾਂ ਨੂੰ ਬੈਕੁੰਠ ਵਿੱਚੋਂ ਨਿਕਲਣਾ ਪੈ ਗਿਆ। ਹਰਨਾਖਸ਼ ਧਰਤੀ ਉੱਤੇ ਆ ਕੇ ਰਾਜ ਕਰਨ ਲੱਗਾ, ਪਰ ਪਰਨਾਖ਼ਸ ਦੀ ਅਚਾਨਕ ਮੌਤ ਹੋ ਗਈ। ਹਰਨਾਖਸ਼ ਭਾਵੇਂ ਬਲਵਾਨ ਸੀ, ਪਰ ਉਹ ਮੌਤ ਤੋਂ ਬਹੁਤ ਡਰਦਾ ਸੀ।

ਮੌਤ ਉੱਤੇ ਕਾਬੂ ਪਾਉਣ ਲਈ ਉਹ ਆਪਣਾ ਰਾਜ – ਭਾਗ ਛੱਡ ਕੇ ਹਿਮਾਲਾ ਪਰਬਤ ਵਿੱਚ ਪੁੱਜਾ ਤੇ ਤਪੱਸਿਆ ਕਰਨ ਲੱਗ ਪਿਆ। ਉਸ ਦੀ ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਪਰਮਾਤਮਾ ਉਸ ਦੇ ਸਾਹਮਣੇ ਪ੍ਰਗਟ ਹੋਇਆ। ਹਰਨਾਖਸ਼ ਨੇ ਉਸ ਤੋਂ ਹੇਠ ਲਿਖੇ ਵਰ ਮੰਗੇ :

ਮੈਂ ਨਾ ਦਿਨ ਨੂੰ ਮਰਾਂ, ਨਾ ਰਾਤ ਨੂੰ ਮਰਾਂ।
ਮੈਂ ਨਾ ਅੰਦਰ ਮਰਾਂ, ਨਾ ਬਾਹਰ ਮਰਾਂ।
ਮੈਂ ਨਾ ਧਰਤੀ ਉੱਤੇ ਮਰਾਂ, ਨਾ ਆਕਾਸ਼ ਤੇ ਮਰਾਂ।
ਮੈਂ ਨਾ ਬਿਮਾਰੀ ਨਾਲ ਮਰਾਂ, ਨਾ ਹਥਿਆਰ ਨਾਲ਼ ਮਰਾਂ।
ਮੈਂ ਨਾ ਮਨੁੱਖ ਤੋਂ ਮਰਾਂ, ਨਾ ਪਸ਼ੂ ਤੋਂ ਮਰਾਂ।

ਪਰਮਾਤਮਾ ਨੇ ਇਹ ਵਰ ਦੇ ਦਿੱਤੇ ਤੇ ਹਰਨਾਖਸ਼ ਬੜਾ ਖੁਸ਼ ਹੋਇਆ। ਉਹ ਬੇਖੌਫ਼ ਹੋ ਕੇ ਮੁੜ ਰਾਜ ਕਰਨ ਲੱਗਾ। ਉਸ ਨੇ ਹੰਕਾਰ ਵਿੱਚ ਆ ਕੇ ਲੋਕਾਂ ਉੱਤੇ ਜ਼ੁਲਮ ਕਰਨੇ ਆਰੰਭ ਕਰ ਦਿੱਤੇ। ਹੰਕਾਰ ਵਿੱਚ ਉਸ ਨੇ ਲੋਕਾਂ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਮ ਜਪਣ ਦਾ ਹੁਕਮ ਦਿੱਤਾ।

ਕੁੱਝ ਸਮੇਂ ਪਿੱਛੋਂ ਹਰਨਾਖਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਪ੍ਰਹਿਲਾਦ ਰੱਖਿਆ ਗਿਆ। ਵੱਡਾ ਹੋਣ ਤੇ ਉਸ ਨੂੰ ਪਾਠਸ਼ਾਲਾ ਪੜ੍ਹਨ ਲਈ ਭੇਜਿਆ ਗਿਆ। ਪਾਂਧੇ ਨੇ ਪ੍ਰਹਿਲਾਦ ਨੂੰ ਹਰਨਾਖਸ਼ ਦਾ ਨਾਂ ਜਪਣ ਦੀ ਸਿੱਖਿਆ ਦਿੱਤੀ, ਪਰ ਪ੍ਰਹਿਲਾਦ ਹਰਨਾਖਸ਼ ਦੀ ਥਾਂ ਪਰਮਾਤਮਾ ਦਾ ਨਾਂ ਜਪਦਾ ਸੀ।

ਪਰਮਾਤਮਾ ਨੂੰ ਹਰਨਾਖਸ਼ ਨਾਲੋਂ ਵੱਡਾ ਸਮਝਦਾ ਸੀ, ਇਸ ਕਰਕੇ ਉਸ ਨੇ (ਪਾਂਧੇ) ਹਰਨਾਖਸ਼ ਕੋਲ ਸ਼ਿਕਾਇਤ ਕੀਤੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਸੱਦ ਕੇ ਪੁੱਛਿਆ ਕਿ ਉਹ ਉਸ ਦਾ ਨਾਂ ਜਪਣ ਦੀ ਥਾਂ ਪਰਮਾਤਮਾ ਦਾ ਨਾਂ ਕਿਉਂ ਜਪਦਾ ਹੈ?

ਪ੍ਰਹਿਲਾਦ ਨੇ ਉੱਤਰ ਦਿੱਤਾ, “ਪਰਮਾਤਮਾ ਸਰਬ ਸ਼ਕਤੀਮਾਨ ਹੈ। ਉਸ ਨੇ ਹੀ ਸਾਰੀ ਕੁਦਰਤ ਨੂੰ ਰਚਿਆ ਹੈ।”

ਇਹ ਸੁਣ ਕੇ ਹਰਨਾਖਸ਼ ਗੁੱਸੇ ਵਿੱਚ ਆ ਗਿਆ। ਉਸ ਨੂੰ ਡਰ ਪੈ ਗਿਆ ਕਿ ਕਿਤੇ ਹੋਰ ਲੋਕ ਵੀ ਉਸ ਤੋਂ ਬਾਗੀ ਨਾ ਹੋ ਜਾਣ।

ਉਸ ਨੇ ਕੜਕ ਕੇ ਕਿਹਾ,”ਸਭ ਤੋਂ ਵੱਧ ਸ਼ਕਤੀਸ਼ਾਲੀ ਮੈਂ ਹਾਂ। ਮੈਨੂੰ ਕੋਈ ਨਹੀਂ ਮਾਰ ਸਕਦਾ। ਮੈਂ ਤੈਨੂੰ ਹੁਣੇ ਮਾਰ ਕੇ ਸੁੱਟਦਾ ਹਾਂ।”

ਉਸ ਦੀ ਅਵਾਜ਼ ਸੁਣ ਕੇ ਪ੍ਰਹਿਲਾਦ ਦੀ ਮਾਂ ਉੱਥੇ ਆ ਗਈ। ਉਸ ਨੇ ਹਰਨਾਖਸ਼ ਅੱਗੇ ਤਰਲਾ ਕੀਤਾ ਕਿ ਉਹ ਪ੍ਰਹਿਲਾਦ ਨੂੰ ਨਾ ਮਾਰੇ। ਉਸ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ। ਉਸ ਨੇ ਪ੍ਰਹਿਲਾਦ ਨੂੰ ਉਸ ਦੇ ਪਿਤਾ ਦੀ ਸ਼ਕਤੀ ਤੇ ਪ੍ਰਾਪਤ ਕੀਤੇ ਵਰਾਂ ਬਾਰੇ ਦੱਸ ਕੇ ਕਿਹਾ ਕਿ ਉਹ ਉਸ ਦੀ ਗੱਲ ਮੰਨ ਜਾਵੇ ਤੇ ਉਸ ਦਾ ਨਾਂ ਜਪੇ।

ਪ੍ਰਹਿਲਾਦ ਨੇ ਉੱਤਰ ਦਿੱਤਾ ਕਿ “ਸਭ ਤੋਂ ਸ਼ਕਤੀਸ਼ਾਲੀ ਭਗਵਾਨ ਹੈ, ਜਿਸ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ। ਪਿਤਾ ਜੀ ਨੂੰ ਵੀ ਉਸ ਨੇ ਹੀ ਬਣਾਇਆ ਹੈ।”

ਪ੍ਰਹਿਲਾਦ ਦਾ ਉੱਤਰ ਸੁਣ ਕੇ ਉਸ ਦੀ ਮਾਂ ਬੇਵਸ ਹੋ ਗਈ। ਪ੍ਰਹਿਲਾਦ ਨੂੰ ਆਪਣੇ ਵਿਸ਼ਵਾਸ ਵਿੱਚ ਦ੍ਰਿੜ੍ਹ ਵੇਖ ਕੇ ਹਰਨਾਖਸ਼ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸ ਨੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦੇਣ।

ਜਲਾਦ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲੈ ਤੁਰੇ ਪਰ ਜਦੋਂ ਉਨ੍ਹਾਂ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਿਆ, ਸਮੁੰਦਰ ਦੀ ਇੱਕ ਲਹਿਰ ਨੇ ਪ੍ਰਹਿਲਾਦ ਨੂੰ ਮੁੜ ਕਿਨਾਰੇ ਉੱਤੇ ਸੁੱਟ ਦਿੱਤਾ।

ਜਲਾਦਾਂ ਨੇ ਪ੍ਰਹਿਲਾਦ ਨੂੰ ਮੁੜ ਸਮੁੰਦਰ ਵਿੱਚ ਸੁੱਟਿਆ ਪਰ ਉਹ ਫਿਰ ਬਾਹਰ ਆ ਗਿਆ। ਜਲਾਦਾਂ ਨੇ ਆ ਕੇ ਸਾਰੀ ਗੱਲ ਹਰਨਾਖਸ਼ ਨੂੰ ਦੱਸੀ। ਹਰਨਾਖਸ਼ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਕਿਸੇ ਉੱਚੇ ਪਰਬਤ ਤੋਂ ਸੁੱਟ ਕੇ ਮਾਰ ਦੇਣ। ਜਦੋਂ ਜਲਾਦਾਂ ਨੇ ਇੰਞ ਕੀਤਾ, ਤਾਂ ਪ੍ਰਹਿਲਾਦ ਇੱਕ ਸੰਘਣੇ ਰੁੱਖ ਉੱਤੇ ਆ ਡਿੱਗਿਆ ਤੇ ਉਸ ਨੂੰ ਕੋਈ ਸੱਟ ਨਾ ਲੱਗੀ।

ਫਿਰ ਹਰਨਾਖਸ਼ ਨੇ ਪ੍ਰਹਿਲਾਦ ਨੂੰ ਇੱਕ ਪਾਗ਼ਲ ਹਾਥੀ ਅੱਗੇ ਸੁੱਟਿਆ, ਪਰ ਹਾਥੀ ਨੇ ਪ੍ਰਹਿਲਾਦ ਨੂੰ ਕੁੱਝ ਨਾ ਕਿਹਾ।

ਹਰਨਾਖਸ਼ ਦੀ ਇੱਕ ਭੈਣ ਸੀ। ਉਸ ਨੂੰ ਵਰ ਸੀ ਕਿ ਉਸ ਨੂੰ ਅੱਗ ਨਹੀਂ ਸਾੜ ਸਕਦੀ। ਹਰਨਾਖਸ਼ ਨਾਲ ਸਲਾਹ ਕਰ ਕੇ ਉਹ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ, ਤਾਂ ਜੋ ਪ੍ਰਹਿਲਾਦ ਸੜ ਕੇ ਮਰ ਜਾਵੇ। ਪਰ ਹੋਇਆ ਇਹ ਕਿ ਹੋਲਿਕਾ ਸੜ ਗਈ, ਪ੍ਰਹਿਲਾਦ ਬਚ ਗਿਆ।

ਹੁਣ ਹਰਨਾਖਸ਼ ਗੁੱਸੇ ਵਿੱਚ ਪਾਗਲ ਹੋ ਗਿਆ। ਉਸ ਨੇ ਇੱਕ ਲੋਹੇ ਦੇ ਥੰਮ੍ਹ ਨੂੰ ਗਰਮ ਕਰਵਾਇਆ। ਉਸ ਨੇ ਅੱਗ ਨਾਲ ਲਾਲ ਹੋਏ ਥੰਮ੍ਹ ਕੋਲ ਪ੍ਰਹਿਲਾਦ ਨੂੰ ਸੱਦ ਕੇ ਪੁੱਛਿਆ, “ਤੇਰਾ ਪਰਮਾਤਮਾ ਕਿੱਥੇ ਹੈ?”

ਪ੍ਰਹਿਲਾਦ ਨੇ ਉੱਤਰ ਦਿੱਤਾ, “ਪਰਮਾਤਮਾ ਤਾਂ ਕਣ – ਕਣ ਵਿੱਚ ਹੈ। ਉਹ ਮੇਰੇ ਵਿਚ, ਤੁਹਾਡੇ ਵਿੱਚ ਤੇ ਸਾਰਿਆਂ ਵਿੱਚ ਹੈ।”

ਹਰਨਾਖਸ਼ ਨੇ ਪੁੱਛਿਆ, “ਕੀ ਪਰਮਾਤਮਾ ਇਸ ਸੜਦੇ ਥੰਮ੍ਹ ਵਿੱਚ ਵੀ ਹੈ?”

ਪ੍ਰਹਿਲਾਦ ਨੇ ਹਾਂ ਵਿੱਚ ਉੱਤਰ ਦਿੱਤਾ। ਤਦ ਹਰਨਾਖਸ਼ ਨੇ ਕਿਹਾ ਕਿ ਜੇ ਪਰਮਾਤਮਾ ਇਸ ਸੜਦੇ ਥੰਮ੍ਹ ਵਿੱਚ ਵੀ ਹੈ, ਤਾਂ ਉਹ ਉਸ ਥੰਮ੍ਹ ਨੂੰ ਜੱਫੀ ਪਾਵੇ। ਇਸ ਸਮੇਂ ਪ੍ਰਹਿਲਾਦ ਨੂੰ ਥੰਮ੍ਹ ਉੱਤੇ ਇੱਕ ਕੀੜੀ ਤੁਰਦੀ ਨਜ਼ਰ ਆਈ। ਪ੍ਰਹਿਲਾਦ ਨੇ ਨਿਡਰ ਹੋ ਕੇ ਗਰਮ ਥੰਮ੍ਹ ਨੂੰ ਜੱਫੀ ਪਾ ਲਈ ਤੇ ਉਸ ਦਾ ਕੁੱਝ ਵੀ ਨਾ ਵਿਗੜਿਆ।

ਇਹ ਦੇਖ ਕੇ ਹਰਨਾਖਸ਼ ਨੇ ਗੁੱਸੇ ਵਿੱਚ ਅੰਨ੍ਹੇ ਹੋ ਕੇ ਤਲਵਾਰ ਕੱਢ ਲਈ ਤੇ ਪ੍ਰਹਿਲਾਦ ਉੱਤੇ ਵਾਰ ਕੀਤਾ। ਤਲਵਾਰ ਥੰਮ੍ਹ ਵਿਚ ਵੱਜੀ ਤੇ ਥੰਮ੍ਹ ਟੁੱਟ ਗਿਆ। ਥੰਮ੍ਹ ਵਿੱਚੋਂ ਪਰਮਾਤਮਾ ਨਰ ਸਿੰਘ ਦੇ ਰੂਪ ਵਿੱਚ ਆ ਪ੍ਰਗਟ ਹੋਇਆ।

ਪਰਮਾਤਮਾ ਦੇ ਇਸ ਰੂਪ ਦਾ ਅੱਧਾ ਧੜ ਮਨੁੱਖ ਦਾ ਅਤੇ ਅੱਧਾ ਸ਼ੇਰ ਦਾ ਸੀ। ਉਹ ਹਰਨਾਖਸ਼ ਨੂੰ ਚੁੱਕ ਕੇ ਦਹਿਲੀਜ਼ ਉੱਤੇ ਬੈਠ ਗਿਆ ਤੇ ਉਸ ਦਾ ਸਿਰ ਆਪਣੇ ਪੱਟਾਂ ਵਿੱਚ ਰੱਖ ਲਿਆ। ਹਰਨਾਖਸ਼ ਨੇ ਨਰ ਸਿੰਘ ਨੂੰ ਆਪਣੀ ਵਰ – ਪ੍ਰਾਪਤੀ ਬਾਰੇ ਦੱਸਿਆ। ਨਰ ਸਿੰਘ ਨੇ ਕਿਹਾ ਕਿ ਉਸ ਨੂੰ ਉਸ ਦੇ ਵਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਮਾਰਿਆ ਜਾ ਰਿਹਾ ਹੈ।

ਇਹ ਕਹਿ ਕੇ ਨਰ ਸਿੰਘ ਨੇ ਹਰਨਾਖਸ਼ ਨੂੰ ਆਪਣੀਆਂ ਨਹੁੰਦਰਾਂ ਨਾਲ ਮਾਰ ਦਿੱਤਾ। ਇਸ ਸਮੇਂ ਨਾ ਦਿਨ ਸੀ ਅਤੇ ਨਾ ਰਾਤ, ਬਲਕਿ ਦੋਵੇਂ ਵਕਤ ਮਿਲਦੇ ਸਨ। ਭਾਵ ਸ਼ਾਮ ਦਾ ਸਮਾਂ ਸੀ। ਉਸ ਸਮੇਂ ਹਰਨਾਖਸ਼ ਨਾ ਅੰਦਰ ਸੀ ਤੇ ਨਾ ਬਾਹਰ, ਸਗੋਂ ਉਹ ਦਹਿਲੀਜ਼ ਉੱਤੇ ਸੀ। ਉਹ ਧਰਤੀ ਜਾਂ ਆਕਾਸ਼ ਦੀ ਥਾਂ ਨਰ ਸਿੰਘ ਦੇ ਪੱਟਾਂ ਉੱਤੇ ਸੀ। ਉਹ ਨਾ ਬਿਮਾਰੀ ਨਾਲ, ਨਾ ਹਥਿਆਰਾਂ ਨਾਲ ਮਰਿਆ, ਸਗੋਂ ਨਰ ਸਿੰਘ ਦੀਆਂ ਨਹੁੰਦਰਾਂ ਨੇ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖੀ ਰੂਪ ਵਿੱਚ ਸੀ ਅਤੇ ਨਾ ਪਸ਼ੂ ਰੂਪ ਵਿੱਚ। ਇਸ ਤਰ੍ਹਾਂ ਹਰਨਾਖਸ਼ ਨੂੰ ਵਰ – ਪ੍ਰਾਪਤੀ ਵੀ ਨਾ ਬਚਾ ਸਕੀ।

ਹਰਨਾਖਸ਼ ਦੇ ਅੰਤ ਮਗਰੋਂ ਪ੍ਰਹਿਲਾਦ ਧਰਤੀ ‘ਤੇ ਰਾਜ ਕਰਨ ਲੱਗਾ ਤੇ ਉਸ ਦੇ ਰਾਜ ਵਿੱਚ ਸਾਰੇ ਸੁਖੀ ਹੋ ਗਏ।