ਪ੍ਰਸੰਗ ਸਹਿਤ ਵਿਆਖਿਆ : ਤਾਰਾਂ-ਤਾਰਾਂ-ਤਾਰਾਂ
ਤਾਰਾਂ-ਤਾਰਾਂ-ਤਾਰਾਂ
ਬੋਲੀਆਂ ਦਾ ਖੂਹ ਭਰ ਦਿਆਂ,
ਜਿੱਥੇ ਪਾਣੀ ਭਰਨ ਮੁਟਿਆਰਾਂ।
ਬੋਲੀਆਂ ਦੀ ਸੜਕ ਬੰਨ੍ਹਾਂ,
ਜਿੱਥੇ ਚੱਲਦੀਆਂ ਮੋਟਰ-ਕਾਰਾਂ।
ਬੋਲੀਆਂ ਦੀ ਰੇਲ ਭਰਾਂ,
ਜਿੱਥੇ ਦੁਨੀਆਂ ਚੜ੍ਹੇ ਹਜ਼ਾਰਾਂ।
ਬੋਲੀਆਂ ਦੀ ਕਿੱਕਰ ਭਰਾਂ,
ਜਿੱਥੇ ਕਾਟੋ ਲਵੇ ਬਹਾਰਾਂ।
ਬੋਲੀਆਂ ਦੀ ਨਹਿਰ ਭਰਾਂ,
ਜਿੱਥੇ ਲਗਦੇ ਮੋਘੇ, ਨਾਲਾਂ।
ਜਿਉਂਦੀ ਮੈਂ ਮਰ ਗਈ,
ਕੱਢੀਆਂ ਜੇਠ ਨੇ ਗਾਲਾਂ……….।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ‘ਤਾਰਾਂ-ਤਾਰਾਂ-ਤਾਰਾਂ’ ਸਿਰਲੇਖ ਹੇਠ ਦਰਜ ਹਨ। ਇਸ ਬੋਲੀ ਵਿੱਚ ਬੋਲੀਆਂ ਦੀ ਰਚਿਤਾ ਮੁਟਿਆਰ ਵੱਲੋਂ ਵੱਡੀ ਗਿਣਤੀ ਵਿੱਚ ਬੋਲੀਆਂ ਦੀ ਰਚਨਾ ਕਰਨ ਦੀ ਸਮਰੱਥਾ ਦਾ ਪ੍ਰਗਟਾਵਾ ਹੈ।
ਵਿਆਖਿਆ : ਮੁਟਿਆਰ ਕੋਲ ਬੋਲੀਆਂ ਦਾ ਏਨਾ ਵੱਡਾ ਖ਼ਜ਼ਾਨਾ ਹੈ ਕਿ ਉਹ ਆਖਦੀ ਹੈ ਕਿ ਮੈਂ ਬੋਲੀਆਂ ਦਾ ਖੂਹ ਭਰ ਦਿਆਂ ਜਿੱਥੇ ਮੁਟਿਆਰਾਂ ਪਾਣੀ ਭਰਦੀਆਂ ਹਨ। ਮੈਂ ਬੋਲੀਆਂ ਦੀ ਸੜਕ ਬੰਨ੍ਹ ਦਿਆਂ ਜਿੱਥੇ ਮੋਟਰ-ਕਾਰਾਂ ਚੱਲਦੀਆਂ ਹਨ। ਮੈਂ ਬੋਲੀਆਂ ਦੀ ਰੇਲ ਭਰ ਦਿਆਂ ਜਿਸ ‘ਤੇ ਹਜ਼ਾਰਾਂ ਲੋਕ ਚੜ੍ਹਦੇ ਹਨ। ਮੈਂ ਬੋਲੀਆਂ ਦੀ ਕਿੱਕਰ ਭਰ ਦਿਆਂ ਜਿੱਥੇ ਕਾਟੋ ਬਹਾਰਾਂ ਲੈਂਦੀ ਹੈ। ਮੈਂ ਬੋਲੀਆਂ ਦੀ ਨਹਿਰ ਭਰ ਦਿਆਂ ਜਿੱਥੇ ਮੋਘੇ ਅਤੇ ਨਾਲੇ ਲੱਗਦੇ ਹਨ। ਮੁਟਿਆਰ ਆਖਦੀ ਹੈ ਕਿ ਮੈਂ ਤਾਂ ਜਿਊਂਦੀ ਹੀ ਮਰ ਗਈ (ਜਿਊਂਦਿਆਂ ਵਿੱਚ ਨਾ ਰਹੀ) ਕਿਉਂਕਿ ਮੈਨੂੰ ਤਾਂ ਜੇਠ ਨੇ ਗਾਲਾਂ ਕੱਢੀਆਂ ਹਨ।
ਔਖੇ ਸ਼ਬਦਾਂ ਦੇ ਅਰਥ
ਮੋਘਾ : ਖੇਤਾਂ ਨੂੰ ਪਾਣੀ ਲਾਉਣ ਲਈ ਨਹਿਰ ਵਿੱਚ ਰੱਖੀ ਮੋਰੀ ਜਾਂ ਨਾਲ।
ਨਾਲ਼ : ਪਾਣੀ ਜਾਣ ਲਈ ਬਣਾਇਆ ਨਾਲਾ਼