ਪੈਰਾ ਰਚਨਾ : ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਆਸਾ ਦੀ ਵਾਰ’ ਦੀ 19ਵੀਂ ਪਉੜੀ ਦਾ ਇੱਕ ਸਲੋਕ ਹੈ। ਇਸ ਵਿੱਚ ਗੁਰੂ ਸਾਹਿਬ ਜੀ ਨੇ ਇਸਤਰੀ ਦੀ ਮਹਾਨਤਾ ਨੂੰ ਪਛਾਣਨ ਦਾ ਸੰਕੇਤ ਦਿੱਤਾ ਹੈ। ਆਪ ਨੇ ਇਸਤਰੀ ਨੂੰ ਜੱਗ-ਜਣਨੀ ਕਹਿ ਕੇ ਸਤਿਕਾਰਿਆ। ਉਸ ਨੂੰ ਨੀਵਾਂ ਸਮਝਣ ਵਾਲਿਆਂ ਦੇ ਵਿਚਾਰਾਂ ਦਾ ਖੰਡਨ ਕਰ ਕੇ ਇਹ ਵਿਚਾਰ ਪੇਸ਼ ਕੀਤਾ ਕਿ ਜਿਸ ਇਸਤਰੀ ਦੀ ਸੁਭਾਗੀ ਕੁੱਖੋਂ ਰਾਜੇ-ਮਹਾਰਾਜੇ ਜਨਮ ਲੈਂਦੇ ਹਨ, ਉਸ ਨੂੰ ਮੰਦਾ ਕਹਿਣਾ ਬਹੁਤ ਹੀ ਗ਼ਲਤ ਸੋਚ ਹੈ। ਵੈਦਿਕ ਕਾਲ ਵਿੱਚ ਇਸਤਰੀਆਂ ਦੀ ਪ੍ਰਧਾਨਤਾ ਸੀ। ਇਹਨਾਂ ਦੀ ਇੱਛਾ ਨਾਲ ਹੀ ਇਹਨਾਂ ਨੂੰ ਵਿਆਹਿਆ ਜਾਂਦਾ ਸੀ, ਸਗੋਂ ਕਈ ਹਵਨ-ਯੱਗ ਆਦਿ ਇਹਨਾਂ ਦੀ ਹਾਜ਼ਰੀ ਤੋਂ ਬਿਨਾਂ ਸੰਪੂਰਨ ਨਹੀਂ ਸਨ ਮੰਨੇ ਜਾਂਦੇ। ਲੜਕੀਆਂ ਗੁਰੂਆਂ ਕੋਲੋਂ ਲੜਕਿਆਂ ਦੇ ਬਰਾਬਰ ਸਿੱਖਿਆ ਵੀ ਗ੍ਰਹਿਣ ਕਰਦੀਆਂ ਸਨ, ਪਰ ਮਨੂ ਮਹਾਰਾਜ ਨੇ ਆਪਣੀਆਂ ਸਿਮਰਿਤੀਆਂ ਵਿੱਚ ਇਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ‘ਸਰਪਣੀ, ਕਾਮਣੀ’ ਆਦਿ ਕਹਿ ਕੇ ਅਪਮਾਨਤ ਕੀਤਾ ਜਾਣ ਲੱਗਾ। ਮੁਸਲਮਾਨੀ ਰਾਜ ਵਿੱਚ ਇਹਨਾਂ ‘ਤੇ ਅੱਤਿਆਚਾਰ ਵਧਦੇ ਗਏ। ਜਾਂ ਤਾਂ ਇਹਨਾਂ ਨੂੰ ਜੰਮਦੀਆਂ ਨੂੰ ਹੀ ਦਬਾਇਆ ਜਾਣ ਲੱਗ ਪਿਆ ਜਾਂ ਪਰਦੇ ਵਿੱਚ ਰੱਖਣ ਦਾ ਰਿਵਾਜ ਪੈ ਗਿਆ। ਨਾਥ ਜੋਗੀ ਵੀ ਇਸਤਰੀ ਨੂੰ ‘ਬਾਘਣ’ ਕਹਿ ਕੇ ਭੰਡਦੇ ਰਹੇ ਤੇ ਜ਼ਗੀਰਦਾਰੀ ਸਮਾਜ ਵਿੱਚ ਇਸ ਨੂੰ ‘ਪੈਰ ਦੀ ਜੁੱਤੀ’ ਵਾਂਗ ਸਮਝਿਆ ਜਾਣ ਲੱਗ ਪਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕੋਝੇ ਤੇ ਘਟੀਆ ਅਨਿਆਂ ਵਿਰੁੱਧ ਭਰਵੀਂ ਅਵਾਜ਼ ਬੁਲੰਦ ਕੀਤੀ ਤੇ ਫ਼ੁਰਮਾਇਆ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਆਪ ਨੇ ਹੰਕਾਰੀ ਮਰਦ ਦੀ ਘਟੀਆ ਸੋਚ ਨੂੰ ਹਲੂਣਦਿਆਂ ਕਿਹਾ ਕਿ ਇਸ ਸੰਸਾਰ ਵਿੱਚ ਹਰ ਪੁਰਖ ਇਸਤਰੀ ਦੀ ਕੁੱਖ ਤੋਂ ਹੀ ਜਨਮ ਲੈਂਦਾ ਹੈ। ਰਾਜਿਆਂ-ਮਹਾਰਾਜਿਆਂ ਦੀ ਜਨਮ-ਦਾਤੀ ਵੀ ਤਾਂ ਇਸਤਰੀ ਹੀ ਹੈ। ਇਸ ਸੰਸਾਰ ਵਿੱਚ ਕੋਈ ਵੀ ਜੀਵ (ਔਰਤ-ਪੁਰਖ) ਅਜਿਹਾ ਨਹੀਂ ਹੈ, ਜੋ ਇਸਤਰੀ ਤੋਂ ਪੈਦਾ ਨਾ ਹੋਇਆ ਹੋਵੇ। ਇਸ ਲਈ ਸ੍ਰਿਸ਼ਟੀ ਨੂੰ ਗਤੀਮਾਨ ਰੱਖਣ ਵਾਲੀ ਮਹਾਨ ਸ਼ਕਤੀ ਨੂੰ ਅਪਮਾਨਤ ਕਰਨਾ ਸ਼ੋਭਾ ਨਹੀਂ ਦਿੰਦਾ।