ਪੈਰਾ ਰਚਨਾ : ਸਾਡੇ ਜੀਵਨ ਵਿੱਚ ਪੰਛੀ
ਸਾਡੇ ਜੀਵਨ ਵਿੱਚ ਪੰਛੀਆਂ ਦਾ ਵਿਸ਼ੇਸ਼ ਮਹੱਤਵ ਹੈ । ਇਹ ਪ੍ਰਕਿਰਤੀ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਇਹ ਸੁੰਦਰਤਾ ਮਨੁੱਖ ਨੂੰ ਖ਼ੁਸ਼ੀ ਪ੍ਰਦਾਨ ਕਰਦੀ ਹੈ। ਅੰਬਾਂ ‘ਤੇ ਬੈਠੀ ਕੋਇਲ ਦੀ ਮਿੱਠੀ ਅਵਾਜ਼ ਸਾਡੇ ਮਨ ਨੂੰ ਭਾਉਂਦੀ ਅਥਵਾ ਪ੍ਰਭਾਵਿਤ ਕਰਦੀ ਹੈ। ਕਾਲ਼ੇ ਬੱਦਲਾਂ ਨੂੰ ਦੇਖ ਕੇ ਪੈਲਾਂ ਪਾਉਂਦਾ ਮੋਰ ਸਾਨੂੰ ਖ਼ੁਸ਼ੀ ਪ੍ਰਦਾਨ ਕਰਦਾ ਹੈ। ਸਾਡੇ ਲੋਕ-ਗੀਤਾਂ ਵਿੱਚ ਵੀ ਕਈ ਪੰਛੀਆਂ ਦਾ ਜ਼ਿਕਰ ਆਇਆ ਹੈ। ਇਹਨਾਂ ਵਿੱਚ ਕਾਂ, ਕਬੂਤਰ, ਤਿੱਤਰ, ਮੋਰ, ਕੋਇਲ, ਤੋਤੇ ਅਤੇ ਕੂੰਜ ਆਦਿ ਵਰਨਣਯੋਗ ਹਨ। ਮੋਰ ਤਾਂ ਸਾਡਾ ਕੌਮੀ ਪੰਛੀ ਹੈ। ਸੁਨੇਹੇ ਭੇਜਣ ਅਤੇ ਲਿਆਉਣ ਦੇ ਪ੍ਰਸੰਗ ਵਿੱਚ ਲੋਕ-ਗੀਤਾਂ ਵਿੱਚ ਕਾਂ ਅਤੇ ਕਬੂਤਰ ਦਾ ਜ਼ਿਕਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਇੱਕ ਵੰਡ ਅਨੁਸਾਰ ਇਹਨਾਂ ਪੰਛੀਆਂ ਨੂੰ ਮਿੱਤਰ ਅਤੇ ਵੈਰੀ ਪੰਛੀਆਂ ਵਿੱਚ ਵੀ ਵੰਡਿਆ ਗਿਆ ਹੈ। ਇੱਲ ਜਿੱਥੇ ਮਰੇ ਹੋਏ ਜੀਵਾਂ ਨੂੰ ਖਾ ਕੇ ਵਾਤਾਵਰਨ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉਂਦੀ ਹੈ ਉੱਥੇ ਸਾਡੇ ਕਈ ਮਿੱਤਰ ਪੰਛੀ ਉਹਨਾਂ ਕੀੜਿਆਂ ਆਦਿ ਨੂੰ ਖਾ ਜਾਂਦੇ ਹਨ ਜਿਹੜੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਦੂਸਰੇ ਪਾਸੇ ਕੁਝ ਪੰਛੀ ਆਪ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤੋਤੇ ਤਾਂ ਫਲਾਂ ਨੂੰ ਟੁੱਕ-ਟੁੱਕ ਕੇ ਸੁੱਟ ਦਿੰਦੇ ਹਨ। ਕੁਝ ਵੀ ਕਿਉਂ ਨਾ ਹੋਵੇ ਇਹ ਪੰਛੀ ਪ੍ਰਕਿਰਤੀ ਦੀ ਸੁੰਦਰਤਾ ਦੇ ਪ੍ਰਤੀਕ ਹਨ। ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਮਾਰਦੇ ਪੰਛੀ ਖੁੱਲ੍ਹ ਨੂੰ ਮਾਣਦੇ ਹਨ। ਪੰਛੀ ਆਮ ਤੌਰ ‘ਤੇ ਦਰਖ਼ਤਾਂ ‘ਤੇ ਆਪਣਾ ਘਰ (ਆਲ੍ਹਣਾ) ਬਣਾਉਂਦੇ ਹਨ। ਬਿਜੜੇ ਦਾ ਘਰ ਤਾਂ ਉਸ ਦੀ ਕਲਾਕਾਰੀ ਦਾ ਸੁੰਦਰ ਨਮੂਨਾ ਹੈ। ਨਿਰਸੰਦੇਹ ਪੰਛੀ ਸਾਡੇ ਜੀਵਨ ਵਿੱਚ ਰੰਗੀਨੀ ਪੈਦਾ ਕਰਦੇ ਹਨ। ਸਾਨੂੰ ਪੰਛੀਆਂ ਪ੍ਰਤਿ ਹਮਦਰਦੀ ਵਾਲ਼ਾ ਰਵੱਈਆ ਅਪਣਾਉਣਾ ਚਾਹੀਦਾ ਹੈ।