ਪੈਰਾ ਰਚਨਾ : ਸਲੀਕਾ
ਸਲੀਕਾ
ਸਲੀਕਾ ਇੱਕ ਜੀਵਨ-ਜਾਚ ਹੈ ਤੇ ਵਿਵਹਾਰ ਦੀ ਇੱਕ ਵਿਧੀ ਹੈ। ਸਲੀਕੇ ਤੋਂ ਭਾਵ ਕਿਸੇ ਕੰਮ ਨੂੰ ਕਰਨ ਜਾਂ ਰੋਜ਼ਾਨਾ ਜੀਵਨ ਵਿੱਚ ਵਿਚਰਨ ਦਾ ਅਜਿਹਾ ਢੰਗ ਹੈ, ਜਿਸ ਨਾਲ ਦੂਜਿਆਂ ‘ਤੇ ਪ੍ਰਭਾਵ ਵੀ ਵਧੀਆ ਪੈਂਦਾ ਹੈ ਅਤੇ ਕੰਮ ਕਰਨ ਵਿੱਚ ਵੀ ਆਸਾਨੀ ਹੁੰਦੀ ਹੈ। ਕੰਮ ਭਾਵੇਂ ਛੋਟਾ ਹੋਵੇ ਜਾਂ ਵੱਡਾ, ਹਰ ਕੰਮ ਵਿੱਚ ਸਲੀਕੇ ਦੀ ਬਹੁਤ ਮਹੱਤਤਾ ਹੈ। ਖਾਣਾ ਪਕਾਉਣਾ, ਪਰੋਸਣਾ, ਕਿਤਾਬ ਲੈ ਕੇ ਵਾਪਸ ਕਰਨੀ, ਕੱਪੜੇ ਪਹਿਨਣੇ, ਗੱਲ-ਬਾਤ ਕਰਨੀ, ਕਿਸੇ ਦੇ ਘਰ ਜਾ ਕੇ ਗੱਲ-ਬਾਤ ਕਰਨੀ ਆਦਿ ਸਾਰੇ ਕੰਮਾਂ ਵਿੱਚ ਮਨੁੱਖਾਂ ਦਾ ਸਲੀਕਾ ਪ੍ਰਗਟ ਹੋ ਜਾਂਦਾ ਹੈ। ਜਦੋਂ ਅਸੀਂ ਅਜਿਹਾ ਕਰਦਿਆਂ ਪਟੜੀ ਤੋਂ ਲਹਿ ਜਾਂਦੇ ਹਾਂ, ਤਦ ਦੂਜੀ ਧਿਰ ਸਾਹਮਣੇ ਜਾਂ ਪਿੱਛੋਂ ਆਖ ਦਿੰਦੀ ਹੈ; ਇਸ ਨੂੰ ਤਾਂ ਕੰਮ ਕਰਨ ਦਾ ਸਲੀਕਾ ਹੀ ਨਹੀਂ। ਪੁਰਾਣੇ ਸਮੇਂ ਵਿੱਚ ਇਹ ਗੱਲ ਆਮ ਪ੍ਰਚੱਲਤ ਸੀ, ਸਗੋਂ ਮਨੁੱਖ ਲਈ ਇੱਕ ਕਸਵੱਟੀ ਸੀ ਕਿ ਆਦਮੀ ਆਪਣੀ ਦਸਤਾਰ (ਪੱਗੜੀ), ਰਫ਼ਤਾਰ, ਤੋਰ ਜਾਂ ਕੰਮ ਕਰਨ ਦੀ ਪ੍ਰਕਿਰਿਆ, ਗੁਫ਼ਤਾਰ ਭਾਵ ਬੋਲ-ਚਾਲ ਦੇ ਢੰਗ ਤੋਂ ਪਹਿਚਾਣਿਆ ਜਾਂਦਾ ਹੈ। ਅੱਜ ਵੀ ਇਨ੍ਹਾਂ ‘ਚੋਂ ਕਈ ਚੀਜ਼ਾਂ ਲਾਗੂ ਹਨ। ਇਹ ਠੀਕ ਹੈ ਕਿ ਪੁਰਾਣੇ ਸਮੇਂ ਵਿੱਚ ਸਲੀਕਾ ਵੱਡਿਆਂ ਕੋਲੋਂ ਉਪਦੇਸ਼ ਪ੍ਰਾਪਤ ਕਰ ਕੇ ਜਾਂ ਨਕਲ ਦੁਆਰਾ ਸਿੱਖਿਆ ਜਾਂਦਾ ਸੀ, ਪਰ ਅੱਜ ਕੱਲ੍ਹ ਤਾਂ ਅਸੀਂ ਰੇਡੀਓ, ਟੈਲੀਵਿਜ਼ਨ, ਫ਼ਿਲਮਾਂ, ਕੰਪਿਊਟਰ ਆਦਿ ਤੋਂ ਸਲੀਕਾ ਸਿੱਖਦੇ ਹਾਂ। ਸਲੀਕਾ ਸਿਖਾਉਣ ਵਾਲੇ ਸਕੂਲ ਵੀ ਖੁੱਲ੍ਹ ਗਏ ਹਨ। ਜਿਉਂ-ਜਿਉਂ ਮਨੁੱਖ ਦਾ ਜੀਵਨ ਵਧੇਰੇ ਗੁੰਝਲਦਾਰ ਬਣ ਗਿਆ ਹੈ, ਤਿਵੇਂ-ਤਿਵੇਂ ਸਲੀਕੇ ਦੀ ਲੋੜ ਹੋਰ ਵਧਦੀ ਜਾ ਰਹੀ ਹੈ। ਕੁੜੀ ਦਾ ਰਿਸ਼ਤਾ ਕਰਨਾ ਹੋਵੇ ਜਾਂ ਮੁੰਡਾ ਕਿੱਧਰੇ ਮੰਗਣਾ ਹੋਵੇ, ਪਹਿਲਾਂ ਉਸ ਦਾ ਸਲੀਕਾ ਹੀ ਵੇਖਿਆ ਜਾਂਦਾ ਹੈ। ਜੇ ਕਿਸੇ ਦੇ ਮਨ ਵਿੱਚ ਇੱਛਾ ਹੈ ਕਿ ਉਹ ਵਧੀਆ ਸਲੀਕੇ ਦਾ ਮਾਲਕ ਬਣੇ, ਤਦ ਉਸ ਦਾ ਪਹਿਲਾ ਪਾਠ ਹੋਵੇਗਾ ਦੂਜਿਆਂ ਦਾ ਧੰਨਵਾਦ ਕਰਨਾ, ਨਿੱਕੀ ਤੋਂ ਨਿੱਕੀ ਭੁੱਲ ਲਈ ਖਿਮਾ ਮੰਗਣੀ ਅਤੇ ਨਿੱਕੀ ਤੋਂ ਨਿੱਕੀ ਮਿਲਣੀ ਲਈ ਦੂਜੇ ਲਈ ਸ਼ੁੱਭ-ਇੱਛਾਵਾਂ ਅਤੇ ਦੂਜੇ ਨਾਲ ਨਿਮਰਤਾ ਸਹਿਤ ਬੋਲ ਕੇ ਉਸ ਨੂੰ ਪਹਿਲ ਦੇਣੀ।