ਪੈਰਾ ਰਚਨਾ : ਸਮਾਜ ਵਿੱਚ ਬਜ਼ੁਰਗਾਂ ਦਾ ਸਥਾਨ
ਸਮਾਜ ਵਿੱਚ ਬਜ਼ੁਰਗਾਂ ਦਾ ਸਥਾਨ
ਬੁਢਾਪਾ ਜ਼ਿੰਦਗੀ ਦੇ ਆਖ਼ਰੀ ਪੜਾਅ ਦੀ ਨਿਸ਼ਾਨੀ ਹੈ। ਉਮਰ ਦੇ ਇਸ ਪੜਾਅ ਤੱਕ ਪਹੁੰਚਦਿਆਂ-ਪਹੁੰਚਦਿਆਂ ਵਿਅਕਤੀ ਤਜਰਬੇ ਨਾਲ ਸੂਝਵਾਨ ਹੋ ਜਾਂਦਾ ਹੈ। ਉਹ ਆਪਣੇ ਤਜਰਬਿਆਂ ਦੇ ਅਧਾਰ ‘ਤੇ ਆਪਣੇ ਪਰਿਵਾਰ ਨੂੰ ਸਲਾਹ-ਮਸ਼ਵਰੇ ਦਿੰਦਾ ਹੈ, ਤਾਂ ਜੁ ਉਹ ਤਰੱਕੀ ਕਰ ਸਕਣ। ਉਮਰ ਦੇ ਲਿਹਾਜ਼ ਨਾਲ ਉਸ ਦੇ ਸੁਭਾਅ ਵਿਚਲੀ ਤਬਦੀਲੀ ਅਤੇ ਉਸ ਦੇ ਵਿਚਾਰ ਉਸ ਦੇ ਪਰਿਵਾਰ ਨੂੰ ਚੰਗੇ ਨਹੀਂ ਲੱਗਦੇ। ਸਿੱਟੇ ਵਜੋਂ ਬਜ਼ੁਰਗ ਆਪਣੇ ਘਰ-ਪਰਿਵਾਰ ਵਿੱਚ ਰਹਿੰਦੇ ਹੋਏ ਵੀ ਡਾਲੀ ਨਾਲੋਂ ਟੁੱਟੇ ਹੋਏ ਫੁੱਲ ਵਾਂਗ ਸਮਝਦੇ ਹਨ। ਘਰਾਂ ਵਿੱਚ ਬਜ਼ੁਰਗਾਂ ਦਾ ਆਸਰਾ ਰੱਬ ਵਰਗਾ ਹੁੰਦਾ ਹੈ। ਬਜ਼ੁਰਗਾਂ ਦੇ ਲਾਡ-ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ।
ਪਰ ਅਫ਼ਸੋਸ ! ਅੱਜ ਵਕਤ ਬਦਲ ਗਿਆ ਹੈ, ਆਪਣੇ ਪਰਾਏ ਹੋ ਗਏ ਹਨ, ਖ਼ੂਨ ਦੇ ਰਿਸ਼ਤੇ ਵੀ ਸਵਾਰਥੀ ਹੋ ਗਏ ਹਨ। ਅੱਜ ਕੱਲ੍ਹ ਘਰਾਂ ਵਿੱਚ ਜਾਂ ਸਮਾਜ ਵਿੱਚ ਬਜ਼ੁਰਗਾਂ ਨੂੰ ਉਹ ਮਾਣ-ਸਤਿਕਾਰ ਹਾਸਲ ਨਹੀਂ ਹੋ ਰਿਹਾ, ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਉਹਨਾਂ ਦੀਆਂ ਲੋੜਾਂ ਦਾ ਖ਼ਿਆਲ ਨਹੀਂ ਰੱਖਿਆ ਜਾ ਰਿਹਾ। ਬੱਚਿਆਂ ਨੂੰ ਉਹਨਾਂ ਦੇ ਕੋਲ ਜਾਣ ਤੋਂ ਰੋਕਿਆ ਜਾਂਦਾ ਹੈ। ਘਰ ਦੀ ਆਲੀਸ਼ਾਨ ਕੋਠੀ ਵਿੱਚ ਕਿਸੇ ਨੁੱਕਰੇ ਹੀ ਉਹਨਾਂ ਦਾ ਬਿਸਤਰਾ ਲਾ ਦਿੱਤਾ ਜਾਂਦਾ ਹੈ। ਉਹਨਾਂ ਦੇ ਖ਼ਰਚੇ ਬਰਦਾਸ਼ਤ ਨਹੀਂ ਕੀਤੇ ਜਾਂਦੇ ਅਤੇ ਜਾਇਦਾਦ ਦੇ ਨਾਲ-ਨਾਲ ਮਾਂ-ਬਾਪ ਨੂੰ ਵੀ ਵੰਡ ਲਿਆ ਜਾਂਦਾ ਹੈ। ਕੁਝ ਇੱਕ ਸਮਾਜ-ਸੇਵੀ ਸੰਸਥਾਵਾਂ ਨੇ ਅਜਿਹੇ ਵਡਭਾਗੀ ਜਾਂ ਮੰਦਭਾਗੀ ਬਜ਼ੁਰਗਾਂ ਲਈ ‘ਬਿਰਧ-ਆਸ਼ਰਮ’ ਬਣਾ ਕੇ ਜਿੱਥੇ ਇਹਨਾਂ ਨੂੰ ਕੁਝ ਰਾਹਤ ਦੇਣ ਦਾ ਯਤਨ ਕੀਤਾ ਹੈ, ਉੱਥੇ ਮਨੁੱਖ ਦੀ ਸੋਚ ਨੂੰ ਵੀ ਝੰਜੋੜ ਦਿੱਤਾ ਹੈ।ਅੱਜ ਬਜ਼ੁਰਗਾਂ ਦੀ ਸਥਿਤੀ ਨਿਰਾਸ਼ਾ ਜਨਕ, ਅਪਮਾਨ ਜਨਕ ਤੇ ਭਵਿੱਖ ਧੁੰਦਲਾ ਹੈ। ਆਉਣ ਵਾਲੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਣ ਲਈ ਦੋਵਾਂ ਪੀੜ੍ਹੀਆਂ ਨੂੰ ਆਪੋ-ਆਪਣੀ ਸੋਚ ਬਦਲਣ ਦੀ ਲੋੜ ਹੈ।