ਪੈਰਾ ਰਚਨਾ : ਵਾਦੜੀਆਂ – ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
‘ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’। ਇਹ ਅਖਾਣ ਇੱਕ ਅਖੁੱਟ ਸਚਿਆਈ ਦਾ ਸੂਚਕ ਹੈ : ਅਰਥਾਤ ਪੈ ਚੁੱਕੀਆਂ ਚੰਗੀਆਂ-ਮੰਦੀਆਂ ਆਦਤਾਂ ਮਰਨ ਤੱਕ ਨਾਲ ਰਹਿੰਦੀਆਂ ਹਨ। ਸੱਚ ਬੋਲਣ ਵਾਲਾ ਆਪਣਾ ਅੰਗ-ਅੰਗ ਕਟਵਾ ਕੇ ਵੀ ਸੱਚ ਹੀ ਬੋਲਦਾ ਹੈ ਅਤੇ ਨਸ਼ੱਈ ਨਸ਼ੇ ਖ਼ਾਤਰ ਵੱਡੇ ਤੋਂ ਵੱਡਾ ਜੁਰਮ ਕਰਨੋਂ ਨਹੀਂ ਕਤਰਾਉਂਦਾ। ਇਨ੍ਹਾਂ ਆਦਤਾਂ ਨੂੰ ਪਿਛਲੇ ਜਨਮਾਂ-ਜਨਮਾਂਤਰਾਂ ਦੇ ਸੰਸਕਾਰ, ਇਸ ਜਨਮ ਦੀ ਘਰੋਗੀ ਸਥਿਤੀ, ਆਂਢ-ਗੁਆਂਢ, ਦੋਸਤ-ਮਿੱਤਰ, ਸੰਗੀ-ਸਾਥੀ, ਪ੍ਰਾਪਤ ਵਿੱਦਿਆ ਤੇ ਹੋਰ ਅਨੇਕ ਗੱਲਾਂ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਦੀ ਜੜ੍ਹ ਬਚਪਨ ਵਿੱਚ ਹੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਮਾਪੇ ਤੇ ਅਧਿਆਪਕ ਕਰੜੀ ਨਜ਼ਰ ਰੱਖਣ ਤਾਂ ਕਵੱਲੀਆਂ ਆਦਤਾਂ ਤੋਂ ਬਚਾਅ ਹੋ ਸਕਦਾ ਹੈ। ਇਸ ਤਰ੍ਹਾਂ ਘਰੋਗੀ ਜੀਵਨ ਸੁੱਖ-ਰਹਿਣਾ ਅਤੇ ਸਮਾਜਕ ਸਥਿਤੀ ਸਾਫ਼-ਸੁਥਰੀ ਬਣ ਸਕਦੀ ਹੈ। ਮਾਪਿਆਂ, ਅਧਿਆਪਕਾਂ, ਸਮਾਜਕ, ਧਾਰਮਕ ਤੇ ਰਾਜਸੀ ਨੇਤਾਵਾਂ ਵੱਲੋਂ ਲਾਪਰਵਾਹੀ ਅਤੇ ਵੇਖ ਕੇ ਅਣਡਿੱਠ ਕਰਨ ਦੀ ਕਮਜ਼ੋਰ ਨੀਤੀ ਭੈੜੀਆਂ ਆਦਤਾਂ ਦੇ ਪੁੰਗਰਨ ਦੇ ਪ੍ਰਮੁੱਖ ਕਾਰਨ ਹਨ। ਇੱਕ ਵਾਰੀ ਪੈ ਚੁੱਕੀਆਂ ਚੰਗੀਆਂ-ਮੰਦੀਆਂ ਆਦਤਾਂ ਅੰਤਿਮ ਸੁਆਸ ਤੀਕ ਜੀਵ ਦੇ ਪ੍ਰਛਾਵੇਂ ਵਾਂਗ ਨਾਲ ਰਹਿੰਦੀਆਂ ਹਨ, ਭਾਵੇਂ ਭੈੜੀਆਂ ਆਦਤਾਂ ਨੂੰ ਹਟਾਉਣ ਤੇ ਚੰਗੀਆਂ ਨੂੰ ਪਾਉਣ ਲਈ ਅੰਤਾਂ ਦੀ ਸਖ਼ਤੀ ਕਿਉਂ ਨਾ ਕੀਤੀ ਜਾਏ। ਚੰਗੀਆਂ ਆਦਤਾਂ ਵਾਲਾ ਸਹਿਜ-ਸੁਭਾਅ ਅੰਮ੍ਰਿਤ ਵੇਲੇ ਦੇ ਇਸ਼ਨਾਨ ਤੇ ਅੰਤਰ-ਧਿਆਨ ਉਪਰੰਤ ਕੁੱਲੀ-ਗੁੱਲੀ-ਜੁੱਲੀ ਦੀਆਂ ਲੋੜਾਂ ਲਈ ਉੱਦਮ ਕਰਦਾ ਹੋਇਆ ਪੰਜ ਵਿਕਾਰਾਂ ਨੂੰ ਬੇਲਗਾਮਾ ਨਹੀਂ ਹੋਣ ਦਿੰਦਾ; ਭੈੜੀਆਂ ਆਦਤਾਂ ਵਾਲਾ ਪੰਜੇ ਵਿਕਾਰਾਂ ਦਾ ਦਾਸ ਬਣ ਕੇ ਆਪਣਾ ਘਰ-ਕੁੱਲਾ ਵੇਚ ਕੇ ਉਨ੍ਹਾਂ ਨੂੰ ਪੂਰਿਆਂ ਕਰਨ ਦਾ ਝੱਸ ਪੂਰਾ ਕਰਦਾ ਹੈ। ਨਾ ਉਹ ਆਪ ਸੁੱਖੀ ਹੁੰਦਾ ਹੈ, ਨਾ ਹੀ ਉਸ ਦੇ ਘਰ ਵਾਲੇ ਤੇ ਨਾ ਹੀ ਸਮਾਜ। ਮਾਨੋ ਉਸ ਦੇ ਜੀਵਨ ਵਿੱਚ ਬਦਨਾਮੀ ਵਾਲਾ ਪੁੱਠਾ ਚੱਕਰ ਸਾਰੀ ਉਮਰ ਚੱਲਦਾ ਰਹਿੰਦਾ ਹੈ ਤੇ ਉਹ ਹਾਰੇ ਜੁਆਰੀਏ ਵਾਂਗ ਜੀਵਨ-ਬਾਜ਼ੀ ਹਾਰ ਕੇ ਹੱਥ ਮਲਦਾ ਪ੍ਰਲੋਕ ਸਿਧਾਰ ਜਾਂਦਾ ਹੈ। ਜਿੱਥੇ ਚੰਗੀਆਂ ਆਦਤਾਂ ਵਾਲਾ ਨੇਕ-ਨਾਮੀ ਤੇ ਜੱਸ ਖੱਟਦਾ ਹੈ, ਉੱਥੇ ਭੈੜੀਆਂ ਵਾਦੀਆਂ ਵਾਲਾ ਬਦਨਾਮੀ ਤੇ ਅਪਜਸ ਦਾ ਪਾਤਰ ਬਣਦਾ ਹੈ। ਇੱਕ ਖ਼ੁਸ਼ਬੂ ਖਿਲਾਰਦਾ ਹੈ ਤੇ ਦੂਜਾ ਬਦਬੂ। ਇੱਕ ਆਦਰਸ਼ਕ ਸਮਾਜਕ ਪ੍ਰਾਣੀ ਚੰਗੀਆਂ ਆਦਤਾਂ ਗ੍ਰਹਿਣ ਕਰਦਾ ਹੈ ਅਤੇ ਭੈੜੀਆਂ ਨੂੰ ਨੇੜੇ ਫਟਕਣ ਨਹੀਂ ਦਿੰਦਾ।