ਪੈਰਾ ਰਚਨਾ : ਲਾਇਬ੍ਰੇਰੀ ਜਾਣਾ
ਗਿਆਨ-ਪ੍ਰਾਪਤੀ ਲਈ ਲਾਇਬ੍ਰੇਰੀ ਜਾਣਾ ਇੱਕ ਚੰਗੀ ਆਦਤ ਹੈ ਅਤੇ ਇਹ ਸਮੇਂ ਦੀ ਲੋੜ ਵੀ ਬਣਦੀ ਜਾ ਰਹੀ ਹੈ। ਗਿਆਨ-ਪ੍ਰਾਪਤੀ ਦੇ ਇੱਛਕ ਵਿਅਕਤੀਆਂ ਲਈ ਲਾਇਬ੍ਰੇਰੀ ਨਾਲੋਂ ਮਹੱਤਵਪੂਰਨ ਥਾਂ ਹੋਰ ਕਿਹੜੀ ਹੋ ਸਕਦੀ ਹੈ! ਇੱਥੇ ਵੱਖ-ਵੱਖ ਵਿਸ਼ਿਆਂ ‘ਤੇ ਪੁਸਤਕਾਂ ਉਪਲਬਧ ਹੁੰਦੀਆਂ ਹਨ ਤੇ ਕੋਈ ਵੀ ਵਿਅਕਤੀ ਲੋੜ ਅਨੁਸਾਰ ਕਿਸੇ ਵਿਸ਼ੇ ‘ਤੇ ਪੁਸਤਕ ਪ੍ਰਾਪਤ ਕਰ ਕੇ ਪੜ੍ਹ ਸਕਦਾ ਹੈ। ਲਾਇਬ੍ਰੇਰੀ ਦੇ ਸ਼ਾਂਤ ਵਾਤਾਵਰਨ ਵਿੱਚ ਹਰ ਇੱਕ ਦਾ ਪੜ੍ਹਨ ਨੂੰ ਮਨ ਕਰਦਾ ਹੈ। ਦੂਸਰਿਆਂ ਨੂੰ ਪੜ੍ਹਦਿਆਂ ਦੇਖ ਕੇ ਤਾਂ ਇਹ ਇੱਛਾ ਹੋਰ ਵੀ ਤੀਬਰ ਹੋ ਜਾਂਦੀ ਹੈ। ਇਸ ਤਰ੍ਹਾਂ ਲਾਇਬ੍ਰੇਰੀ ਜਾਣਾ ਹਮੇਸ਼ਾਂ ਲਾਭਦਾਇਕ ਸਾਬਤ ਹੁੰਦਾ ਹੈ। ਵੱਖ-ਵੱਖ ਵਿਸ਼ਿਆਂ ‘ਤੇ ਖੋਜ ਕਰਨ ਵਾਲੇ ਵਿਦਵਾਨ ਤਾਂ ਹਰ ਰੋਜ਼ ਕਈ-ਕਈ ਘੰਟੇ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਨ ‘ਤੇ ਲਗਾਉਂਦੇ ਹਨ। ਵਿੱਦਿਆ ਦੇ ਇਹਨਾਂ ਪੁਜਾਰੀਆਂ ਲਈ ਲਾਇਬ੍ਰੇਰੀ ਜਿਵੇਂ ਇੱਕ ਮੰਦਰ ਬਣ ਜਾਂਦਾ ਹੈ। ਹੁਣ ਤਾਂ ਲਾਇਬ੍ਰੇਰੀ ਦੀਆਂ ਸਹੂਲਤਾਂ ਵਿੱਚ ਬਹੁਤ ਵਿਕਾਸ ਹੋਇਆ ਹੈ। ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਦੀ ਇਸ ਤਰ੍ਹਾਂ ਵੰਡ ਕੀਤੀ ਗਈ ਹੁੰਦੀ ਹੈ ਕਿ ਪੁਸਤਕਾਂ ਅਸਾਨੀ ਨਾਲ ਪ੍ਰਾਪਤ ਹੋ ਜਾਣ। ਕੈਟਾਲਾਗ ਇਸ ਸੰਬੰਧ ਵਿੱਚ ਸਾਡੀ ਮਦਦ ਕਰਦਾ ਹੈ। ਕਈ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਫੋਟੋ-ਕਾਪੀ ਕਰਨ ਵਾਲੀਆਂ ਮਸ਼ੀਨਾਂ ਵੀ ਉਪਲਬਧ ਹੁੰਦੀਆਂ ਹਨ।
ਗਿਆਨ ਦੇ ਇਸ ਸਮੁੰਦਰ ਵਿੱਚ ਪੁੱਜ ਕੇ ਜਿੱਥੇ ਮਨੁੱਖ ਨੂੰ ਆਪਣੀ ਤੁੱਛਤਾ ਦਾ ਅਹਿਸਾਸ ਹੁੰਦਾ ਹੈ ਉੱਥੇ ਗਿਆਨ ਪ੍ਰਾਪਤੀ ਦੀ ਇੱਛਾ/ਲਾਲਸਾ ਵੀ ਪੈਦਾ ਹੁੰਦੀ ਹੈ। ਲਾਇਬ੍ਰੇਰੀ ਵਿਦਿਆਰਥੀਆਂ ਦੀ ਹੀ ਨਹੀਂ ਸਗੋਂ ਆਮ ਲੋਕਾਂ ਦੀ ਵੀ ਲੋੜ ਬਣ ਗਈ ਹੈ। ਪਰ ਲਾਇਬ੍ਰੇਰੀ ਵਿੱਚ ਜਾਣ ਸਮੇਂ ਲਾਇਬ੍ਰੇਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਲਾਇਬ੍ਰੇਰੀ ਵਿੱਚ ਜਾਂਦਿਆਂ ਸਾਨੂੰ ਇਹਨਾਂ ਨਿਯਮਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਅੱਜ ਸਭ ਤੋਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਮੇਂ ਦੀ ਸਹੀ ਵਰਤੋਂ ਕਰੀਏ। ਲਾਇਬ੍ਰੇਰੀ ਜਾਣਾ ਸਮੇਂ ਦੀ ਸਹੀ ਵਰਤੋਂ ਹੀ ਤਾਂ ਹੈ।