ਪੈਰਾ ਰਚਨਾ : ਮੇਰਾ ਜੀਵਨ-ਉਦੇਸ਼
ਹਰ ਮਨੁੱਖ ਆਪਣੀਆਂ ਰੁਚੀਆਂ ਮੁਤਾਬਕ ਆਪਣੇ ਜੀਵਨ ਦਾ ਉਦੇਸ਼ ਨਿਸ਼ਚਿਤ ਕਰਦਾ ਹੈ। ਕੋਈ ਵਪਾਰੀ ਬਣਨਾ ਚਾਹੁੰਦਾ ਹੈ, ਕੋਈ ਇੰਜਨੀਅਰ ਅਤੇ ਕੋਈ ਡਾਕਟਰ ਬਣਨ ਦਾ ਇੱਛਕ ਹੁੰਦਾ ਹੈ। ਮੇਰਾ ਜੀਵਨ-ਉਦੇਸ਼ ਸਮਾਜ-ਸੇਵਕ ਬਣਨ ਦਾ ਹੈ। ਮੈਂ ਦੇਖਿਆ ਹੈ ਕਿ ਇਹ ਅਜਿਹਾ ਉਦੇਸ਼ ਹੈ ਜਿਸ ਵਿੱਚ ਮਨੁੱਖ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਜਿਊਂਦਾ ਹੈ। ਜੇਕਰ ਸਮਾਜ ਖ਼ੁਸ਼ਹਾਲ ਹੋਵੇਗਾ ਤਾਂ ਹੀ ਅਸੀਂ ਸਾਰੇ ਸੁਖੀ ਹੋਵਾਂਗੇ। ਪਰ ਜੇਕਰ ਸਮਾਜ ਬੁਰਾਈਆਂ ਦਾ ਸ਼ਿਕਾਰ ਹੋਵੇਗਾ ਤਾਂ ਅਸੀਂ ਖ਼ੁਸ਼ਹਾਲ ਨਹੀਂ ਹੋ ਸਕਦੇ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਸਮਾਜ ਦੀ ਅਜੋਕੀ ਹਾਲਤ ਨੂੰ ਬਦਲਨ ਦੀ ਕੋਸ਼ਸ ਕਰਾਂ ਅਤੇ ਸਮਾਜ ਵਿੱਚ ਜਾਗ੍ਰਿਤੀ ਪੈਦਾ ਕਰ ਕੇ ਇੱਕ ਅਜਿਹਾ ਵਰਗ ਪੈਦਾ ਕਰਾਂ ਜੋ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਤਪਰ ਹੋਵੇ। ਮਨੁੱਖ ਪੈਸੇ ਪਿੱਛੇ ਪਾਗਲ ਹੋਇਆ ਫਿਰਦਾ ਹੈ। ਪਰ ਸਵਾਰਥ ਲਈ ਕੀਤਾ ਕੰਮ ਸਿਰਫ਼ ਇੱਕੋ ਮਨੁੱਖ ਨੂੰ ਹੀ ਲਾਭ ਪਹੁੰਚਾਉਂਦਾ ਹੈ। ਸਵਾਰਥੀ ਇਸ ਸਮਾਜ ਵਿੱਚ ਚੰਗਾ ਨਾਮਨਾ ਨਹੀਂ ਖੱਟਦਾ। ਬਿਨਾਂ ਕਿਸੇ ਸਵਾਰਥ ਦੇ ਕੀਤੀ ਸੇਵਾ ਨਾਲ ਹੀ ਅਸੀਂ ਸਮਾਜ ਨੂੰ ਲਾਭ ਪਹੁੰਚਾ ਕੇ ਉਸ ਲਈ ਆਪਣੇ ਫ਼ਰਜ਼ ਨਿਭਾ ਸਕਦੇ ਹਾਂ। ਅਜਿਹਾ ਨਹੀਂ ਕਿ ਸਾਡੇ ਦੇਸ ਵਿੱਚ ਅੱਗੇ ਸਮਾਜ ਸੇਵਕ ਨਹੀਂ ਹਨ। ਮੈਂ ਕਈ ਸਮਾਜ-ਸੇਵਕਾਂ ਦੇ ਆਦਰਸ਼-ਜੀਵਨ ਨੂੰ ਦੇਖਿਆ ਹੈ ਅਤੇ ਉਹਨਾਂ ਦੇ ਹੀ ਉੱਚੇ ਤੇ ਸੁੱਚੇ ਇਰਾਦਿਆਂ ਤੋਂ ਪ੍ਰੇਰਿਤ ਹੋਇਆ ਹਾਂ। ਇਸੇ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਸਮਾਜ ਦੀ ਸੇਵਾ ਕਰਾਂ ਅਥਵਾ ਮਨੁੱਖੀ ਜੀਵਨ ਨੂੰ ਸੁਖੀ ਬਣਾਉਣ ਵਿੱਚ ਆਪਣਾ ਯੋਗਦਾਨ ਦਿਆਂ।