CBSEEducationPunjab School Education Board(PSEB)ਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਮੀਂਹ ਦਾ ਇੱਕ ਦਿਨ


ਜੂਨ ਦਾ ਮਹੀਨਾ ਸੀ। ਧਰਤੀ ਭੱਠ ਵਾਂਗ ਤਪ ਰਹੀ ਸੀ। ਸਾਰੇ ਲੋਕ ਗਰਮੀ ਤੋਂ ਰਾਹਤ ਚਾਹੁੰਦੇ ਸਨ। ਹਰ ਤਰ੍ਹਾਂ ਦੇ ਲੌਕਿਕ ਵਸੀਲੇ ਉਹਨਾਂ ਨੂੰ ਘੜੀ ਦੋ ਘੜੀ ਹੀ ਚੈਨ ਦਿੰਦੇ ਸਨ ਪਰ ਕੁਦਰਤੀ ਤੌਰ ‘ਤੇ ਰਾਹਤ ਦਾ ਵਸੀਲਾ ਤਾਂ ਮੀਂਹ ਹੀ ਸੀ। ਸਭ ਅਸਮਾਨ ਵੱਲ ਟਿਕਟਿਕੀ ਲਾਈ ਪਰਮਾਤਮਾ ਅੱਗੇ ਮੀਂਹ ਲਈ ਪ੍ਰਾਰਥਨਾ ਕਰ ਰਹੇ ਸਨ। ਅਖੀਰ ਬੱਦਲ ਪਰਮਾਤਮਾ ਦਾ ਵਰਦਾਨ ਬਣ ਕੇ ਅਸਮਾਨ ‘ਤੇ ਆ ਪਹੁੰਚੇ। ਸਾਰਿਆਂ ਨੂੰ ਮੀਂਹ ਦੀ ਆਸ ਹੁੰਦੀ ਹੈ। ਹਵਾ ਵਿੱਚ ਹੁਣ ਪਹਿਲਾਂ ਜਿਹੀ ਗਰਮੀ ਨਹੀਂ ਸੀ। ਸਾਰਾ ਵਾਤਾਵਰਨ ਸੁਹਾਵਣਾ ਹੋ ਗਿਆ ਸੀ। ਮੋਰਾਂ ਦੇ ਬੋਲ ਸੁਣਾਈ ਦੇਣ ਲੱਗੇ ਸਨ। ਬੱਚੇ ਵੀ ਗਲੀਆਂ ਵਿੱਚ ਰੌਲ਼ਾ ਪਾਉਂਦੇ ਸੁਣਾਈ ਦੇ ਰਹੇ ਸਨ-‘ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ।’ ਅਚਨਚੇਤ ਹੀ ਕਣੀਆਂ ਪੈਣ ਲੱਗ ਪਈਆਂ। ਸਭ ਲੋਕ ਇਸ ਮੀਂਹ ਦਾ ਅਨੰਦ ਲੈਣ ਲਈ ਬਾਹਰ ਆ ਗਏ। ਮੀਂਹ ਵਿੱਚ ਭਿੱਜ ਕੇ ਸਾਰੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਸਨ । ਇਨਸਾਨ ਤਾਂ ਕੀ ਜੀਵ-ਜੰਤੂਆਂ, ਰੁੱਖਾਂ ਅਤੇ ਬਨਸਪਤੀ ਨੇ ਵੀ ਮੀਂਹ ਨਾਲ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਧਰਤੀ ਨੇ ਵੀ ਮਿੱਠੀ-ਮਿੱਠੀ ਸੁਗੰਧ ਫੈਲਾਉਣੀ ਸ਼ੁਰੂ ਕੀਤੀ। ਕਿਸਾਨਾਂ ਨੇ ਆਪਣੀ ਆਸ ਨੂੰ ਸਫਲ ਹੁੰਦਿਆਂ ਦੇਖਿਆ। ਬੱਚੇ ਮੀਂਹ ਵਿੱਚ ਹੀ ਖੇਡਦੇ ਖ਼ੁਸ਼ੀ ਮਨਾ ਰਹੇ ਸਨ। ਉਹ ਮੀਂਹ ਦੇ ਇਸ ਦਿਨ ਦਾ ਪੂਰਾ ਅਨੰਦ ਮਾਣ ਰਹੇ ਸਨ। ਸਾਰੇ ਇਹ ਮਹਿਸੂਸ ਕਰ ਰਹੇ ਸਨ ਕਿ ਪਾਣੀ ਬਿਨਾਂ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ। ਮੀਂਹ ਨਾਲ ਮਨੁੱਖ ਦਾ ਹੀ ਨਹੀਂ, ਪਸ਼ੂ-ਪੰਛੀਆਂ, ਰੁੱਖਾਂ ਅਤੇ ਵੇਲ-ਬੂਟਿਆਂ ਦਾ ਜੀਵਨ ਵੀ ਵਿਕਸਿਤ ਹੁੰਦਾ ਹੈ। ਚਾਰ-ਚੁਫੇਰਾ ਹਰਿਆਵਲ ਨਾਲ ਭਰ ਜਾਂਦਾ ਹੈ। ਇਹ ਹਰਿਆਵਲ ਹੀ ਜੀਵਨ ਦੀ ਨਿਸ਼ਾਨੀ ਹੈ। ਮੀਂਹ ਜਿੱਥੇ ਵਾਤਾਵਰਨ ਨੂੰ ਜੀਵਨ ਦਿੰਦਾ ਹੈ। ਉੱਥੇ ਉਹ ਇਸ ਵਿੱਚ ਖ਼ੁਸ਼ੀਆਂ ਅਤੇ ਉਤਸ਼ਾਹ ਵੀ ਪੈਦਾ ਕਰਦਾ ਹੈ। ਮੀਂਹ ਸਾਡੇ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ।