ਪੈਰਾ ਰਚਨਾ – ਪਰਿਭਾਸ਼ਾ
ਪਰਿਭਾਸ਼ਾ : ਪੈਰਾ-ਰਚਨਾ ਤੋਂ ਭਾਵ ਕਿਸੇ ਵਿਸ਼ੇ ਨਾਲ ਸਬੰਧਤ ਮੁੱਖ ਵਿਚਾਰਾਂ ਨੂੰ ਤਰਤੀਬ ਵਿੱਚ ਕਾਨੀਬੰਦ ਕਰਨਾ ਹੁੰਦਾ ਹੈ। ਇਹ ਇੱਕ ਸੁਤੰਤਰ ਰਚਨਾ ਹੁੰਦੀ ਹੈ, ਜਿਸ ਵਿੱਚ ਕੇਵਲ ਇੱਕ ਪੈਰਾ ਹੀ ਲਿਖਿਆ ਜਾਂਦਾ ਹੈ।
ਵਿਸ਼ੇਸ਼ਤਾਵਾਂ :
1. ਵਾਕ ਵਿੱਚ ਸ਼ਬਦਾਂ ਨੂੰ ਵਿਆਕਰਨ ਅਨੁਸਾਰ ਗੁੰਦ ਕੇ ਇਸ ਨੂੰ ਭਾਵਪੂਰਤ ਬਣਾਇਆ ਜਾਂਦਾ ਹੈ। ਪੈਰੇ ਵਿੱਚ ਵਿਸ਼ੇ ਨਾਲ ਸਬੰਧਤ ਵਿੱਚਾਰਾਂ ਨੂੰ ਵਿਭਿੰਨ ਵਾਕਾਂ ਵਿੱਚ ਨਿਆਂਪੂਰਨ ਢੰਗ ਨਾਲ ਲਿਖ ਕੇ ਵਿਸ਼ੇ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇੱਥੇ ਸਾਰੇ ਵਾਕ ਇੱਕ-ਦੂਜੇ ਨਾਲ ਨਹੁੰ-ਮਾਸ ਵਾਲਾ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਦਾ ਸਜੋੜ ਕੁਦਰਤੀ ਤੇ ਸੁਭਾਵਕ ਹੁੰਦਾ ਹੈ।
2. ਪੈਰੇ ਵਿੱਚ ਸਭ ਤੋਂ ਜ਼ਰੂਰੀ ਵਾਕ ਨੂੰ ਅਹਿਮ ਥਾਂ ‘ਤੇ ਲਿਖਿਆ ਜਾਂਦਾ ਹੈ। ਪੈਰੇ ਵਿੱਚ ਅਜਿਹੀਆਂ ਦੋ ਹੀ ਥਾਂਵਾਂ ਹੋਇਆ ਕਰਦੀਆਂ ਹਨ-ਇੱਕ ਪੈਰੇ ਦੇ ਆਰੰਭ ਵਾਲੀ ਤੇ ਦੂਜੀ ਅੰਤ ਵਾਲੀ। ਆਮ ਤੌਰ ‘ਤੇ ਸਭ ਤੋਂ ਜ਼ਰੂਰੀ ਵਾਕ ਅਥਵਾ ਵਿਸ਼ਾ-ਵਾਕ (Topic Sentence) ਪੈਰੇ ਪਹਿਲਾ ਵਾਕ ਹੁੰਦਾ ਹੈ, ਜਿਹੜਾ ਵਿਸ਼ੇ ਨੂੰ ਤੁਰੰਤ ਛੋਹ ਲੈਂਦਾ ਹੈ।
3. ਵਿਸ਼ਾ-ਵਾਕ ਤੋਂ ਮਗਰਲੇ ਵਾਕਾਂ ਵਿੱਚ ਵਿਸ਼ਾ ਨਿਖਾਰਿਆ ਤੇ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਜਾਂਦਾ ਹੈ।
4. ਅੰਤਲੇ ਵਾਕ ਵਿੱਚ ਸਾਰੀ ਵਿਚਾਰ ਦਾ ਨਿਚੋੜ ਗਾਗਰ ਵਿੱਚ ਸਾਗਰ ਬੰਦ ਕਰਨ ਵਾਂਗ ਹੁੰਦਾ ਹੈ।
5. ਵਾਕਾਂ ਵਿੱਚ ਭਿੰਨਤਾ ਲਿਆਉਣ ਲਈ ਨਿੱਕੇ-ਵੱਡੇ ਵਾਕ ਵਰਤੇ ਜਾ ਸਕਦੇ ਹਨ।
6. ਪੈਰਾ ਇੱਕ ਸੰਯੁਕਤ ਰਚਨਾ ਜਾਪਣਾ ਚਾਹੀਦਾ ਹੈ।
7. ਪੈਰੇ ਦੇ ਅਕਾਰ ਬਾਰੇ ਕੋਈ ਨਿਸ਼ਚਿਤ ਨੇਮ ਨਹੀਂ, ਇੱਥੇ ਇੱਕ ਪੈਰਾ ਲਿਖਣਾ ਹੁੰਦਾ ਹੈ, ਪਰ ਇਸੇ ਵਿਸ਼ੇ ‘ਤੇ ਇੱਕ ਕਿਤਾਬ ਵੀ ਲਿਖੀ ਜਾ ਸਕਦੀ ਹੈ। ਬੋਰਡ ਦੇ ਇਮਤਿਹਾਨ ਲਈ ਇਹ ਪੈਰਾ 150 ਸ਼ਬਦਾਂ ਵਿੱਚ ਲਿਖਿਆ ਜਾਂਦਾ ਹੈ। ਹਰ ਹਾਲਤ ਵਿੱਚ ਸਬੰਧਤ ਵਿਸ਼ਾ ਸਪੱਸ਼ਟ ਹੋਣਾ ਅਤਿ ਜ਼ਰੂਰੀ ਹੈ।
8. ਪੈਰੇ ਵਿੱਚ ਅਤਿ ਦਾ ਸੰਜਮ ਵੀ ਹੋਣਾ ਚਾਹੀਦਾ ਹੈ। ਅਜਿਹੇ ਪੈਰੇ ਵਿੱਚੋਂ ਜੇ ਇੱਕ ਵਾਕ ਵੀ ਕੱਢ ਲਿਆ ਜਾਏ ਤਾਂ ਇਉਂ ਜਾਪੇਗਾ ਜਿਵੇਂ ਇਸ ਦਾ ਕੋਈ ਅੰਗ ਭੰਗ ਹੋ ਗਿਆ ਹੋਵੇ।