ਪੈਰਾ ਰਚਨਾ : ਜੀਵਨ ਸੇਧ
ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਵਿਚਰਦਿਆਂ ਸਾਨੂੰ ਦੂਸਰਿਆਂ ਤੋਂ ਕਈ ਤਰ੍ਹਾਂ ਦੀ ਅਗਵਾਈ ਅਥਵਾ ਸੇਧ ਲੈਣੀ ਪੈਂਦੀ ਹੈ। ਕਿਸੇ ਖੇਤਰ ਵਿੱਚ ਸਾਡੇ ਤੋਂ ਪਹਿਲਾਂ ਕੰਮ ਕਰ ਰਹੇ ਲੋਕਾਂ ਕੋਲ ਸਾਡੇ ਨਾਲੋਂ ਵੱਧ ਤਜਰਬਾ ਹੁੰਦਾ ਹੈ ਅਤੇ ਉਹ ਸਾਡੀ ਅਗਵਾਈ ਕਰ ਸਕਦੇ ਹਨ ਅਥਵਾ ਸੰਬੰਧਿਤ ਖੇਤਰ ਵਿੱਚ ਸਾਨੂੰ ਸੇਧ ਦੇ ਸਕਦੇ ਹਨ। ਮਹਾਨ ਵਿਅਕਤੀਆਂ ਦੇ ਜੀਵਨ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਉਹਨਾਂ ਤੋਂ ਸੇਧ ਵੀ ਪ੍ਰਾਪਤ ਕਰ ਸਕਦੇ ਹਾਂ। ਇਸੇ ਉਦੇਸ਼ ਨਾਲ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਮਹਾਨ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਦੂਰਦਰਸ਼ਨ ‘ਤੇ ਮਹਾਨ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਵੀ ਇਸੇ ਉਦੇਸ਼ ਨਾਲ ਦਿਖਾਈਆਂ ਜਾਂਦੀਆਂ ਹਨ। ਪਰ ਕੁਝ ਲੋਕ ਸਮਝਦੇ ਹਨ ਕਿ ਉਹਨਾਂ ਨੂੰ ਦੂਜਿਆਂ ਦੇ ਗਿਆਨ ਅਤੇ ਤਜਰਬੇ ਦੀ ਲੋੜ ਨਹੀਂ। ਇਹ ਵਿਚਾਰਧਾਰਾ ਠੀਕ ਨਹੀਂ। ਦੂਸਰਿਆਂ ਤੋਂ ਕੋਈ ਗੱਲ ਸਿੱਖਣੀ ਮਾੜੀ ਨਹੀਂ। ਬਚਪਨ ਵਿੱਚ ਮਾਂ-ਬਾਪ ਅਤੇ ਬਾਅਦ ਵਿੱਚ ਸਾਡੇ ਅਧਿਆਪਕ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ। ਬਜ਼ੁਰਗ ਸਾਨੂੰ ਸਾਡੀਆਂ ਸਮਾਜਿਕ ਰੀਤਾਂ ਬਾਰੇ ਜਾਣਕਾਰੀ ਦਿੰਦੇ ਹਨ। ਪਰ ਸਾਡੇ ਜੀਵਨ ਵਿੱਚ ਇੱਕ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਸਾਨੂੰ ਆਪਣੇ ਯਤਨਾਂ ਨਾਲ ਜੀਵਨ-ਸੇਧ ਪ੍ਰਾਪਤ ਕਰਨੀ ਪੈਂਦੀ ਹੈ। ਕਿਸੇ ਖ਼ਾਸ ਕਿਸਮ ਦੀ ਸਥਿਤੀ ਵਿੱਚ ਕੋਈ ਮਨੁੱਖ ਕੀ ਕਰਨ ਦੇ ਸਮਰੱਥ ਹੈ ਅਤੇ ਇਹਨਾਂ ਹਾਲਾਤ ਵਿੱਚ ਉਸ ਨੂੰ ਕੀ ਕਰਨਾ ਚਾਹੀਦਾ ਹੈ— ਇਸ ਦਾ ਫ਼ੈਸਲਾ ਤਾਂ ਮਨੁੱਖ ਆਪ ਹੀ ਕਰ ਸਕਦਾ ਹੈ। ਦੂਸਰਿਆਂ ਤੋਂ ਸਲਾਹ ਲਈ ਜਾ ਸਕਦੀ ਹੈ ਪਰ ਆਪਣਾ ਰਸਤਾ ਤਾਂ ਆਪ ਹੀ ਚੁਣਨਾ ਪੈਂਦਾ ਹੈ। ਇਸ ਤਰ੍ਹਾਂ ਮਨੁੱਖ ਨੂੰ ਆਪਣੀ ਜੀਵਨ-ਸੇਧ ਆਪ ਪ੍ਰਾਪਤ ਕਰਨੀ ਪੈਂਦੀ ਹੈ।