ਪੈਰਾ ਰਚਨਾ : ਚੌਕ ‘ਤੇ ਖੜ੍ਹਾ ਸਿਪਾਹੀ
ਚੌਕ ‘ਤੇ ਖੜ੍ਹਾ ਸਿਪਾਹੀ ਦੇਖਣ ਨੂੰ ਭਾਵੇਂ ਇੱਕ ਮਾਮੂਲੀ ਵਿਅਕਤੀ ਲੱਗਦਾ ਹੈ ਪਰ ਇਹ ਬਹੁਤ ਵੱਡੀ ਜ਼ੁੰਮੇਵਾਰੀ ਨਿਭਾਉਂਦਾ ਹੈ। ਟ੍ਰੈਫ਼ਿਕ ਨੂੰ ਕੰਟਰੋਲ ਕਰਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਹ ਇਸ਼ਾਰੇ ਨਾਲ ਵਾਰੀ-ਵਾਰੀ ਵੱਖ-ਵੱਖ ਪਾਸਿਆਂ ਤੋਂ ਆਉਣ ਵਾਲ਼ੇ ਲੋਕਾਂ ਨੂੰ ਲੰਘਾਉਂਦਾ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਭੀੜ ਵਾਲੇ ਚੌਕਾਂ ‘ਤੇ ਟ੍ਰੈਫਿਕ ਰੁਕ ਜਾਂਦਾ ਹੈ ਅਤੇ ਫਿਰ ਕਿਸੇ ਦੁਰਘਟਨਾ ਦਾ ਵੀ ਡਰ ਹੋ ਸਕਦਾ ਹੈ। ਜਿੰਨਾਂ ਚੌਕਾਂ ਵਿੱਚ ਬੱਤੀਆਂ ਲੱਗੀਆਂ ਹੁੰਦੀਆਂ ਹਨ ਉੱਥੇ ਵੀ ਅਸੀਂ ਸਿਪਾਹੀ ਨੂੰ ਖੜਾ ਦੇਖਦੇ ਹਾਂ। ਅਜਿਹੀ ਥਾਂ ‘ਤੇ ਟ੍ਰੈਫ਼ਿਕ ਪੁਲਿਸ ਦੇ ਸਿਪਾਹੀ ਨੇ ਇਹ ਦੇਖਣਾ ਹੁੰਦਾ ਹੈ ਕਿ ਕੋਈ ਬੱਤੀ ਦੇ ਹੁਕਮ ਦੀ ਉਲੰਘਣਾ ਨਾ ਕਰੇ। ਇਸ ਦੇ ਹੁੰਦਿਆਂ ਜਿਹੜਾ ਲਾਲ ਬੱਤੀ ਸਮੇਂ ਚੌਕ ਪਾਰ ਕਰਦਾ ਹੈ, ਇਹ ਉਸ ਨੂੰ ਸਜ਼ਾ ਦੇ ਸਕਦਾ ਹੈ। ਜੇਕਰ ਕੋਈ ਭੱਜਣ ਦੀ ਕੋਸ਼ਸ਼ ਕਰੇ ਤਾਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਅਸਲ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਸਿੱਖੀਏ। ਦੂਜੇ ਪਾਸੇ ਚੌਕ ‘ਤੇ ਖੜ੍ਹੇ ਸਿਪਾਹੀ ਨੂੰ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਅਜਿਹੇ ਸਿਪਾਹੀ ਚੌਕ ਦੇ ਇੱਕ ਪਾਸੇ ਅਰਾਮ ਨਾਲ ਬੈਠੇ ਜਾਂ ਗੱਪਾਂ ਮਾਰ ਰਹੇ ਹੁੰਦੇ ਹਨ। ਇਸ ਸਮੇਂ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਇਹਨਾਂ ਨੂੰ ਜ਼ੁੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਪਰ ਧੁੱਪ ਆਦਿ ਤੋਂ ਬਚਾਅ ਲਈ ਇਹਨਾਂ ਨੂੰ ਢੁਕਵੀਆਂ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ । ਲੋੜ ਇਸ ਗੱਲ ਦੀ ਹੈ ਕਿ ਚੌਕ ‘ਤੇ ਖੜ੍ਹਾ ਸਿਪਾਹੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਨਾ ਕਰੇ। ਟ੍ਰੈਫ਼ਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਪੈਸੇ ਲੈ ਕੇ ਛੱਡ ਦੇਣ ਨਾਲ਼ ਟ੍ਰੈਫ਼ਿਕ ਪੁਲਿਸ ਦੇ ਸਿਪਾਹੀ ਦੀ ਇੱਜ਼ਤ ਘਟਦੀ ਹੈ। ਪਰ ਸਾਨੂੰ ਚੌਕ ‘ਤੇ ਖੜ੍ਹੇ ਸਿਪਾਹੀ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨਾ ਸਾਡੇ ਹੀ ਹਿੱਤ ਵਿੱਚ ਹੈ।