ਪੈਰਾ ਰਚਨਾ : ਕਰ ਮਜੂਰੀ ਤੇ ਖਾ ਚੂਰੀ


ਕਰ ਮਜੂਰੀ ਤੇ ਖਾ ਚੂਰੀ


ਆਦਿ-ਕਾਲ ਤੋਂ ਮਜੂਰੀ ਨੂੰ ਉੱਚਾ ਸਥਾਨ ਪ੍ਰਾਪਤ ਹੈ। ਇਹ ਦਸਾਂ ਨਹੁੰਆਂ ਜਾਂ ਖ਼ੂਨ-ਪਸੀਨੇ ਦੀ ਕਮਾਈ ਹੁੰਦੀ ਹੈ। ਇਹ ਉਹ ਹੱਕ-ਹਲਾਲ ਦੀ ਕਮਾਈ ਹੈ, ਜਿਸ ਦਾ ਨਿਸਤਾਰਾ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਭਾਗੋ ਦੇ ਪਕਵਾਨ ਵਿੱਚੋਂ ਲਹੂ ਨਿਚੋੜ ਕੇ ਕੀਤਾ ਤੇ ਅਸਲੀਅਤ ਸਭ ਨੂੰ ਦੱਸ ਦਿੱਤੀ। ਇਸ ਕਮਾਈ ਦੀ ਰੁੱਖੀ ਰੋਟੀ ਵੀ ਚੂਰੀ ਜਿਹਾ ਸੁਆਦ ਦਿੰਦੀ ਹੈ, ਮਾਨੋ ਅੰਮ੍ਰਿਤ ਦੀਆਂ ਡੀਕਾਂ ਲਾਈਆਂ ਜਾ ਰਹੀਆਂ ਹੋਣ। ਇਹ ਉਹ ਕਿਰਤ ਹੈ, ਜਿਸ ਨੂੰ ਕਰਦਿਆਂ ਚਿੱਤ ਨਿਰੰਜਨ ਨਾਲ ਲਾਇਆ ਜਾ ਸਕਦਾ ਹੈ। ਭਗਤ ਨਾਮਦੇਵ ਤਿਲੋਚਨ ਨੂੰ ਆਪਣੀ ਭਗਤੀ ਦਾ ਸਮਾਂ ਦੱਸਦੇ ਹੋਏ ਕਹਿੰਦੇ ਹਨ :

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਸਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥੨੧੩॥

ਅਜਿਹੀ ਕਮਾਈ ਵਿੱਚੋਂ ਦਿੱਤਾ ਦਾਨ ਮਹਾਂ ਪੁੰਨ ਤੇ ਕਲਿਆਣਕਾਰੀ ਸਿੱਧ ਹੁੰਦਾ ਹੈ। ਅਜਿਹੀ ਕਮਾਈ ਕਰਨ ਵਾਲਾ ਕਿਰਤੀ ਭੁੱਖਾ ਨਹੀਂ ਮਰਦਾ। ਉਹ ਜਿੱਥੇ ਵੀ ਜਾਂਦਾ ਹੈ, ਜੰਗਲ ਵਿੱਚ ਮੰਗਲ ਕਰ ਦਿੰਦਾ ਹੈ। ਉਹ ਜਿਸ ਕੰਮ ਨੂੰ ਵੀ ਛੋਂਹਦਾ ਹੈ, ਸਫ਼ਲਤਾ ਉਸ ਦੇ ਪੈਰ ਚੁੰਮਦੀ ਹੈ। ਮਿਹਨਤ ਦੇ ਨਾਲ-ਨਾਲ ਸੰਤੋਖ ਉਸ ਦਾ ਲੱਛਣ ਹੋਇਆ ਕਰਦਾ ਹੈ। ਉਹ ਆਪਣੀ ਚਾਦਰ ਅਨੁਸਾਰ ਪੈਰ ਪਸਾਰਦਾ ਹੈ। ਕਿਰਤੀ ਹੋਣ ਕਰ ਕੇ ਉਸ ਦੇ ਹੱਥ-ਪੈਰ ਨਰੋਏ ਰਹਿੰਦੇ ਹਨ ਤੇ ਉਹ ਡਾਕਟਰਾਂ ਦੇ ਬਿੱਲਾਂ ਤੋਂ ਬਚਿਆ ਰਹਿੰਦਾ ਹੈ। ਇਸ ਕਮਾਈ ਨਾਲ ਉਸ ਦੀਆਂ ਰੋਟੀ, ਕੱਪੜੇ ਤੇ ਮਕਾਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਤੇ ਉਹ ਸਾਦਾ ਤੇ ਸਾਫ਼ ਜੀਵਨ ਸਬਰ-ਸਬੂਰੀ ਨਾਲ ਬਤੀਤ ਕਰਦਾ ਹੈ, ਪਰ ਅਜੋਕੇ ਪਦਾਰਥਵਾਦੀ ਸੰਸਾਰ ਵਿੱਚ ਮਨੁੱਖ ਦੀਆਂ ਲੋੜਾਂ ਦਾ ਕੋਈ ਅੰਤ ਨਹੀਂ, ਜਿਨ੍ਹਾਂ ਨੂੰ ਪੂਰੀਆਂ ਕਰਨ ਲਈ ਉਹ ਭ੍ਰਿਸ਼ਟ ਕਮਾਈ ਦਾ ਓਟ-ਆਸਰਾ ਲੈਂਦਾ ਹੈ। ਸਰਕਾਰ ਨੂੰ ਕਿਰਤ ਤੇ ਹੱਥੀਂ ਕੰਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕੌਮ ਦਾ ਆਚਰਨ ਤੇ ਸਮਾਜ ਦੀ ਦਿੱਖ ਬਦਲ ਕੇ ਰਹੇਗੀ ਤੇ ਜੀਵਨ ਸਹੀ ਸ਼ਬਦਾਂ ਵਿੱਚ ਖ਼ੁਸ਼ੀਆਂ ਭਰਿਆ ਹੋ ਜਾਏਗਾ।