ਪੈਰਾ ਰਚਨਾ : ਅਨੁਸ਼ਾਸਨ
ਅਨੁਸ਼ਾਸਨ
‘ਅਨੁਸ਼ਾਸਨ’ ਜੀਵਨ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਇੱਕ ਅਤਿ-ਮਹੱਤਵਪੂਰਨ ਲੋੜ ਹੈ। ਅਨੁਸ਼ਾਸਨਹੀਣ ਪ੍ਰਾਣੀ ‘ਸ਼ੁਤਰ ਬੇਮੁਹਾਰ’ ਵਾਂਗ ਸਾਰਾ ਰੇਗਿਸਤਾਨ ਗਾਹ ਕੇ ਵੀ ਆਪਣੇ ਨਿਸ਼ਾਨੇ ‘ਤੇ ਪੁੱਜਣੋਂ ਰਹਿ ਜਾਂਦਾ ਹੈ। ਇਸ ਮਹਾਨ ਗੁਣ ਦੀਆਂ ਜੜ੍ਹਾਂ ਬਾਲ – ਵਰੇਸ ਵਿੱਚ ਹੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੋਰ ਗੁਣਾਂ ਵਾਂਗ ਇਸ ਦਾ ਪਤਾ ਵੀ ਪ੍ਰਾਣੀ ਦੀ ਕਰਨੀ ਤੋਂ ਲੱਗਦਾ ਹੈ। ਅਨੁਸ਼ਾਸਿਤ ਵਿਦਿਆਰਥੀ ਵੇਲੇ ਸਿਰ ਸੌਂਦਾ, ਜਾਗਦਾ, ਇਸ਼ਨਾਨ ਕਰਦਾ, ਅੰਤਰ-ਧਿਆਨ ਹੁੰਦਾ, ਖਾਂਦਾ, ਪੜ੍ਹਦਾ ਤੇ ਖੇਡਦਾ ਹੈ। ਉਹ ਜਿਸ ਕੰਮ ਨੂੰ ਹੱਥ ਪਾਉਂਦਾ ਹੈ, ਨਿਰਾਸ਼ਤਾ ਨਹੀਂ ਵੇਖਣੀ ਪੈਂਦੀ। ਅਸਲ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਅਨੁਸ਼ਾਸਨ ਦਾ ਵਿਸ਼ੇਸ਼ ਮਹੱਤਵ ਹੈ। ਵਿਦਿਆਰਥੀ ਬੋਲੀ ਦੇ ਨਿਯਮਾਂ ਨੂੰ ਅਪਣਾ ਕੇ ਹੀ ਉਸ ਨੂੰ ਸ਼ੁੱਧ ਲਿਖ ਸਕਦਾ ਹੈ। ਉਹ ਖੇਡ ਦੇ ਨਿਯਮਾਂ ‘ਤੇ ਤੁਰ ਕੇ ਇੱਕ ਚੰਗਾ ਖਿਡਾਰੀ ਬਣ ਸਕਦਾ ਹੈ। ਉਹ ਬੋਰਡ/ਯੂਨੀਵਰਸਿਟੀ ਦੇ ਪਾਠ-ਕ੍ਰਮਾਂ ਅਨੁਸਾਰ ਤਿਆਰੀ ਕਰ ਕੇ ਹੀ ਇਮਤਿਹਾਨ ਪਾਸ ਕਰ ਸਕਦਾ ਹੈ। ਬੋਰਡ/ਯੂਨੀਵਰਸਿਟੀ ਦਾ ਇਮਤਿਹਾਨ ਵੀ ਜੇ ਕਿਸੇ ਕੇਂਦਰ ਵਿੱਚ ਨਿਸ਼ਚਿਤ ਦਿਨ ਤੇ ਸਮੇਂ ‘ਤੇ ਨਾ ਹੋਵੇ ਤਾਂ ਉਸ ਨੂੰ ਰੱਦ ਕਰਨਾ ਪੈਂਦਾ ਹੈ। ਸਕੂਲ ਵਿੱਚ ਜੇ ਸੇਵਾਦਾਰ ਟਾਈਮ-ਟੇਬਲ ਅਨੁਸਾਰ ਇੱਕ ਘੰਟੀ ਵੀ ਠੀਕ ਸਮੇਂ ’ਤੇ ਨਾ ਮਾਰੇ ਤਾਂ ਸਕੂਲ ਵਿੱਚ ਚਾਰ-ਚੁਫ਼ੇਰੇ ਖਲਬਲੀ ਪੈ ਜਾਂਦੀ ਹੈ। ਫ਼ੌਜ ਵਿੱਚ ਤਾਂ ਇਸ ਦੀ ਹੋਰ ਵੀ ਜ਼ਿਆਦਾ ਲੋੜ ਹੈ। ਕੇਵਲ ਅਨੁਸ਼ਾਸਿਤ ਫ਼ੌਜ ਹੀ ਰਣ-ਭੂਮੀ ਨੂੰ ਸਾਧਣ ਦੇ ਯੋਗ ਹੁੰਦੀ ਹੈ। ਹਰ ਕਿੱਤਾਕਾਰ ਆਪਣੇ ਕਿੱਤੇ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਹੀ ਉਸ ਨੂੰ ਸਿੱਖ ਤੇ ਰੋਟੀ-ਰੋਜ਼ੀ ਦਾ ਸਾਧਨ ਬਣਾ ਸਕਦਾ ਹੈ। ਹਰ ਵਿਭਾਗ ਐਲਾਨੀਆਂ ਗਈਆਂ ਛੁੱਟੀਆਂ ਤੋਂ ਛੁੱਟ ਹਰ ਦਿਨ ਨਿਸਚਿਤ ਸਮੇਂ ‘ਤੇ ਕੰਮ ਕਰਦਾ ਹੈ ਅਤੇ ਅਨੁਸ਼ਾਸਨ ਭੰਗ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ। ਹੋਰ ਤਾਂ ਹੋਰ, ਨਿਰੰਕਾਰ ਦੀ ਸਾਰੀ ਸ੍ਰਿਸ਼ਟੀ ਵੀ ਅਨੁਸ਼ਾਸਨ ਅਥਵਾ ਮਰਯਾਦਾ ਵਿੱਚ ਕੰਮ ਕਰ ਰਹੀ ਹੈ ਤੇ ਇੱਕ ਪੱਤਾ ਵੀ ਉਸ ਮਰਯਾਦਾ ਨੂੰ ਭੰਗ ਨਹੀਂ ਕਰ ਰਿਹਾ। ਸੋ, ਹਰ ਜੀਵ ਨੂੰ ਆਪਣਾ ਜੀਵਨ ਅਨੁਸ਼ਾਸਨ ਵਿੱਚ ਢਾਲਣਾ ਚਾਹੀਦਾ ਹੈ ਅਤੇ ਇਸ ਨੂੰ ਭੰਗ ਕਰਨ ਵਾਲੇ ਨੂੰ ਸ਼ਰਮਿੰਦਿਆਂ ਕਰਨਾ ਚਾਹੀਦਾ ਹੈ।