ਪੈਰਾ ਰਚਨਾ : ਅਨਪੜ੍ਹਤਾ ਕੌਮ ਲਈ ਸਰਾਪ
ਅਨਪੜ੍ਹਤਾ ਕੌਮ ਲਈ ਸਰਾਪ
ਅਨਪੜ੍ਹਤਾ ਕੌਮ ਲਈ ਸਭ ਤੋਂ ਵੱਡਾ ਸਰਾਪ ਹੈ। ਭਾਵੇਂ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਪ੍ਰਾਇਮਰੀ ਤੱਕ ਦੀ ਵਿੱਦਿਆ ਸਾਰਿਆਂ ਲਈ ਜ਼ਰੂਰੀ ਹੋਣੀ ਚਾਹੀਦੀ ਹੈ, ਜੋ ਮੁਫ਼ਤ ਮੁਹੱਈਆ ਕਰਵਾਈ ਵੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਤਾਬਾਂ, ਵਰਦੀਆਂ ਤੇ ਵਜ਼ੀਫ਼ੇ ਵੀ ਦਿੱਤੇ ਜਾ ਰਹੇ ਹਨ, ਤਾਂ ਜੁ ਦੇਸ਼ ਵਿੱਚੋਂ ਅਨਪੜ੍ਹਤਾ ਦਾ ਕਲੰਕ ਦੂਰ ਹੋ ਜਾਵੇ। ਬੇਰੁਜ਼ਗਾਰੀ ਤੇ ਮਹਿੰਗਾਈ ਨੇ ਬੱਚਿਆਂ ਨੂੰ ਬਚਪਨ ਵਿੱਚ ਹੀ ਕੰਮ ਕਰਨ ਲਾ ਦਿੱਤਾ ਹੈ। ਬਹੁਤਿਆਂ ਦਾ ਤਾਂ ਬਾਰ੍ਹਵੀਂ ਤੋਂ ਬਾਅਦ ਪੜ੍ਹਨਾ ਬੰਦ ਹੋ ਜਾਂਦਾ ਹੈ। ਇਹ ਸਮੱਸਿਆ ਸਾਡੇ ਦੇਸ਼ ਅਤੇ ਕੌਮ ਲਈ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਕਿਉਂਕਿ ਅਨਪੜ੍ਹ ਵਿਅਕਤੀ ਨਾ ਤਾਂ ਚੰਗੇ ਨਾਗਰਿਕ ਦੇ ਕਰਤੱਵਾਂ ਦੀ ਠੀਕ ਪਾਲਣਾ ਕਰ ਸਕਦਾ ਹੈ ਤੇ ਨਾ ਹੀ ਆਪਣੇ ਫ਼ਰਜ਼ਾਂ ਤੇ ਹੱਕਾਂ ਨੂੰ ਪਛਾਣ ਸਕਦਾ ਹੈ। ਅਨਪੜ੍ਹ ਵਿਅਕਤੀ ਦਾ ਸਮੇਂ-ਸਮੇਂ ‘ਤੇ ਸ਼ੋਸ਼ਣ ਕੀਤਾ ਜਾਂਦਾ ਹੈ। ਅਨਪੜ੍ਹ ਵਿਅਕਤੀ ਦੇ ਖ਼ਿਆਲ ਵੀ ਪੁਰਾਣੇ ਹੁੰਦੇ ਹਨ। ਉਹ ਲਕੀਰ ਦਾ ਫ਼ਕੀਰ ਹੁੰਦਿਆਂ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਕਰਨ ਲੱਗ ਜਾਂਦਾ ਹੈ।
ਦੇਸ਼ ਵਿੱਚੋਂ ਅਨਪੜ੍ਹਤਾ ਦੂਰ ਕਰਨ ਲਈ ਸਰਕਾਰ ਤੇ ਜਨਤਾ ਦੇ ਸਾਂਝੇ ਉੱਦਮਾਂ ਦੀ ਲੋੜ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਵਿੱਦਿਆ ਦਾ ਭਰਪੂਰ ਲਾਭ ਉਠਾਉਣ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦੇ ਖੇਤਰ ਵਿੱਚ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਵੇ। ਇਸਤਰੀਆਂ ਦੀ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਵਿੱਦਿਆ ਦਾ ਨਿੱਜੀਕਰਨ ਨਾ ਕੀਤਾ ਜਾਵੇ, ਕਿਉਂਕਿ ਇਸ ਨਾਲ ਵਿੱਦਿਆ ਦਾ ਵਪਾਰੀਕਰਨ ਹੋ ਜਾਂਦਾ ਹੈ। ਵਿੱਦਿਆ ਆਮ ਲੋਕਾਂ ਦੀ ਪਹੁੰਚ ਵਿੱਚ ਹੋਣ ਨਾਲ ਹੀ ਅਨਪੜ੍ਹਤਾ ਦੇ ਸਰਾਪ ਬਚਿਆ ਜਾ ਸਕਦਾ ਹੈ।