ਪਰੀ – ਕਥਾਵਾਂ – ਪਰਿਭਾਸ਼ਾ
ਪ੍ਰਸ਼ਨ . ਪਰੀ – ਕਥਾ ਕੀ ਹੁੰਦੀ ਹੈ? ਪਰੀ ਕਥਾ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਨਾਲ ਜਾਣ – ਪਛਾਣ ਕਰਾਓ।
ਉੱਤਰ – ਪਰੀ – ਕਥਾਵਾਂ ਲੋਕ – ਕਥਾਵਾਂ ਦਾ ਵਿਸ਼ੇਸ਼ ਅੰਗ ਹਨ। ਇਨ੍ਹਾਂ ਦੇ ਪਾਤਰ ਪਰੀਆਂ ਤੇ ਸ਼ਹਿਜ਼ਾਦੇ ਹੁੰਦੇ ਹਨ। ਇਹ ਕਲਪਿਤ ਅਤੇ ਬੇਹਦ ਰੋਮਾਂਟਿਕ ਹੁੰਦੀਆਂ ਹਨ। ਇਨ੍ਹਾਂ ਵਿਚ ਅਸੰਭਵ ਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਵਿਚ ਇੱਕ ਸ਼ਹਿਜ਼ਾਦਾ ਅਤੇ ਪਰੀ ਹੰਸ ਉੱਤੇ ਬੈਠ ਕੇ ਪਹਾੜਾਂ, ਦਰਿਆਵਾਂ ਅਤੇ ਸਮੁੰਦਰਾਂ ਨੂੰ ਪਾਰ ਕਰ ਜਾਂਦੇ ਹਨ।
ਇਸੇ ਤਰ੍ਹਾਂ ਪਰੀ ਰੂਪ ਵਟਾ ਕੇ ਰੁੱਖ ਜਾਂ ਫੁੱਲ ਬਣ ਜਾਂਦੀ ਹੈ। ਕਿਸੇ ਕਹਾਣੀ ਵਿਚ ਕਿਸੇ ਮਨਾਹੀ ਵਾਲੀ ਥਾਂ ਉਲੰਘਣ ਕਰਕੇ ਬੰਦੇ ਪੱਥਰ ਬਣ ਜਾਂਦੇ ਹਨ, ਕਿਤੇ ਸੋਨੇ ਦੀ ਚਿੜੀ ਬੋਲਣ ਲਗਦੀ ਹੈ। ਤੋਤਾ, ਮੈਨਾ ਮਿੱਤਰਾਂ ਤੇ ਸਹੇਲੀਆਂ ਵਾਂਗ ਗੱਲਾਂ ਕਰਦੇ ਹੋਏ ਅਨੋਖਾ ਰੰਗ ਬੰਨ੍ਹ ਦਿੰਦੇ ਹਨ।
ਇਨ੍ਹਾਂ ਵਿਚ ਅਤਿਅੰਤ ਕਹਾਣੀ – ਰਸ ਹੁੰਦਾ ਹੈ ਤੇ ਇਨ੍ਹਾਂ ਦਾ ਮੁੱਖ ਉਦੇਸ਼ ਮਨੋਰੰਜਨ ਕਰਨਾ ਹੁੰਦਾ ਹੈ। ਵਿਦਵਾਨਾਂ ਨੂੰ ਇਨ੍ਹਾਂ ਵਿਚ ਆਦਿਮ ਵਿਸ਼ਵਾਸ, ਰਹੁ – ਰੀਤਾਂ ਅਤੇ ਅਨੇਕਾਂ ਰੂੜ੍ਹੀਆਂ ਪ੍ਰਕਾਸ਼ਮਾਨ ਹੁੰਦੀਆਂ ਦਿਖਾਈ ਦਿੰਦੀਆਂ ਹਨ।
ਪਾਤਰ ਕਿਸੇ – ਤਲਾਸ਼ ਵਿਚ ਘੁੰਮਦੇ ਹਨ ਅਤੇ ਔਂਕੜਾਂ ਝਾਗਦੇ ਹਨ। ਅੰਤ ਅਜਿਹਾ ਮੌਕਾ – ਮੇਲ ਤੇ ਸੰਯੋਗ ਪੈਦਾ ਹੁੰਦਾ ਹੈ ਕਿ ਉਦੇਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਇਨ੍ਹਾਂ ਦਾ ਅੰਤ ਸੁਖਾਂਤ ਹੁੰਦਾ ਹੈ। ਇਨ੍ਹਾਂ ਵਿਚ ਅਪਹੁੰਚ ਨੂੰ ਹਿੰਮਤ ਤੇ ਸਾਹਸ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਇਨ੍ਹਾਂ ਦੇ ਪਾਤਰ ਬੇਹੱਦ ਸੋਹਣੇ ਤੇ ਮੋਹ ਲੈਣ ਵਾਲੇ ਹੁੰਦੇ ਹਨ।
ਪੰਜਾਬੀ ਦੀਆਂ ਪਰੀ – ਕਥਾਵਾਂ ਨਿਵੇਕਲੇ ਰੰਗ ਦੀਆਂ ਹਨ। ਇਨ੍ਹਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਖੁਸ਼ਬੋ ਅਨੁਭਵ ਕੀਤੀ ਜਾ ਸਕਦੀ ਹੈ। ਇਹ ਬਹੁਤ ਕਰਕੇ ਮੌਖਿਕ ਰੂਪ ਵਿੱਚ ਮਿਲਦੀਆਂ ਹਨ, ਜਿਸ ਕਰਕੇ ਇਕ – ਇਕ ਕਹਾਣੀ ਦੇ ਕਈ – ਕਈ ਰੂਪਾਂਤਰਣ ਪ੍ਰਾਪਤ ਹੁੰਦੇ ਹਨ।
ਪਰਿਭਾਸ਼ਾ – ਪਰੀ – ਕਥਾਵਾਂ ਪਰੀਆਂ ਤੇ ਸ਼ਹਿਜ਼ਾਦਿਆਂ ਬਾਰੇ ਹੁੰਦੀਆਂ ਹਨ। ਇਨ੍ਹਾਂ ਦਾ ਸਾਰਾ ਢਾਂਚਾ ਕਲਪਨਾ ਉੱਤੇ ਉਸਾਰਿਆ ਹੁੰਦਾ ਹੈ। ਇਹ ਕਹਾਣੀ – ਰਸ ਨਾਲ ਓਤ – ਪ੍ਰੋਤ ਅਸੰਭਵ ਤੇ ਰੁਮਾਂਟਿਕ ਘਟਨਾਵਾਂ ਨਾਲ ਭਰਪੂਰ ਹੁੰਦੀਆਂ ਹਨ।