ਪ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ




ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ


ਪਹਾੜ ਨਾਲ ਟੱਕਰ ਲਾਉਣਾ (ਤਕੜੇ ਨਾਲ ਵੈਰ ਪਾਉਣਾ) – ਅੰਗਰੇਜ਼ ਸਾਮਰਾਜ ਵਿਰੁੱਧ ਲੜਨਾ ਪਹਾੜ ਨਾਲ ਟੱਕਰ ਲੈਣ ਦੇ ਬਰਾਬਰ ਸੀ ।

ਪੱਕੇ ਪੈਰਾਂ ‘ਤੇ ਖਲੋਣਾ (ਸੁਰੱਖਿਅਤ ਹੋ ਜਾਣਾ) – ਸਾਨੂੰ ਜ਼ਿੰਦਗੀ ਵਿੱਚ ਹਰ ਕੰਮ ਪੱਕੇ ਪੈਰਾਂ ‘ਤੇ ਖਲੋ ਕੇ ਕਰਨਾ ਚਾਹੀਦਾ ਹੈ।

ਪੱਗ ਨੂੰ ਹੱਥ ਪਾਉਣਾ (ਬੇਇੱਜ਼ਤੀ ਕਰਨਾ)— ਸਾਨੂੰ ਆਪਣੇ ਵੱਡਿਆਂ ਦੀ ਪੱਗ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਹੈ।

ਪੱਟ ਦੇ ਪੰਘੂੜੇ ਝੂਟਣਾ (ਐਸ਼ਾਂ ਕਰਨੀਆਂ, ਮੌਜਾਂ ਮਾਣਨਾ) – ਵਿਚੋਲੇ ਨੇ ਕਿਹਾ ਕਿ ਜੇਕਰ ਤੁਹਾਡੀ ਕੁੜੀ ਇਸ ਅਮੀਰ ਘਰ ਵਿੱਚ ਵਿਆਹੀ ਗਈ, ਤਾਂ ਸਾਰੀ ਉਮਰ ਪੱਟ ਦੇ ਪੰਘੂੜੇ ਝੂਟੇਗੀ।

ਪੱਤ-ਪੱਤ ਢੂੰਡਣਾ (ਬਹੁਤ ਢੂੰਡਣਾ) — ਮੈਂ ਆਪਣਾ ਗੁਆਚਾ ਪੈੱਨ ਲੱਭਣ ਲਈ ਪੱਤ ਪੱਤ ਢੂੰਡ ਮਾਰਿਆ, ਪਰ ਵਿਅਰਥ।

ਪੱਤਰਾ ਵਾਚ ਜਾਣਾ (ਖਿਸਕ ਜਾਣਾ) – ਗੁਰਮੀਤ ਆਪਣਾ ਮਤਲਬ ਕੱਢ ਕੇ ਪੱਤਰਾ ਵਾਚ ਗਿਆ।

ਪੱਥਰ ਚੱਟ ਕੇ ਮੁੜਨਾ (ਕਿਸੇ ਗੱਲ ਦਾ ਅੰਤ ਦੇਖ ਕੇ ਮੁੜਨਾ) – ਮੈਂ ਕਿਹਾ, ”ਜਸਬੀਰ ਤੁਹਾਡੇ ਉਪਦੇਸ਼ ਨਾਲ ਆਪਣੀ ਮਨ ਆਈ ਕਰਨ ਤੋਂ ਨਹੀਂ ਟਲੇਗਾ, ਸਗੋਂ ਪੱਥਰ ਚੱਟ ਕੇ ਹੀ ਮੁੜੇਗਾ।”

ਪੱਥਰਾਂ ਨੂੰ ਰੁਆ ਦੇਣਾ (ਕਠੋਰ ਮਨਾਂ ਨੂੰ ਵੀ ਪੰਘਰਾ ਦੇਣਾ) – ਵਿਧਵਾ ਦੇ ਕੀਰਨਿਆਂ ਨੇ ਪੱਥਰਾਂ ਨੂੰ ਵੀ ਰੁਆ ਦਿੱਤਾ।

ਪਰ ਲੱਗਣਾ (ਚਾਮ੍ਹਲ ਜਾਣਾ) – ਬਿਮਲਾ ਨੂੰ ਕਾਲਜ ਜਾ ਕੇ ਪਰ ਲੱਗ ਗਏ ਹਨ।

ਪਰਛਾਵੇਂ ਤੋਂ ਡਰਨਾ (ਦੂਰ ਰਹਿਣਾ)— ਗ਼ਰੀਬ ਆਦਮੀ ਤਾਂ ਪੁਲਿਸ ਦੇ ਪਰਛਾਵੇਂ ਤੋਂ ਵੀ ਡਰਦਾ ਹੈ।

ਪਰਨਾਲਾ ਉੱਥੇ ਹੀ ਰਹਿਣਾ (ਹੱਠ ਕਾਇਮ ਰਹਿਣਾ) – ਗੁਰਦੁਆਰੇ ਦੀ ਜ਼ਮੀਨ ਛੱਡਣ ਦੀ ਗੱਲ ਨੂੰ ਉਹ ਗੱਲੀਂ-ਬਾਤੀਂ ਮੰਨ ਲੈਂਦਾ ਹੈ, ਪਰ ਪਰਨਾਲਾ ਉੱਥੇ ਹੀ ਰਹਿੰਦਾ ਹੈ, ਇਸ ਕਰਕੇ ਉਸ ਵਿਰੁੱਧ ਕੋਈ ਠੋਸ ਕਾਰਵਾਈ ਕਰਨੀ ਹੀ ਪਵੇਗੀ।

ਪੱਲਾ ਗਲ ਵਿੱਚ ਪਾਉਣਾ (ਨਿਮਰਤਾ-ਪੂਰਵਕ ਬੇਨਤੀ ਕਰਨਾ) – ਕਸ਼ਮੀਰੀ ਪੰਡਤਾਂ ਨੇ ਪੱਲਾ ਗਲ ਵਿੱਚ ਪਾ ਕੇ ਗੁਰੂ ਤੇਗ਼ ਬਹਾਦਰ ਜੀ ਅੱਗੇ ਧਰਮ ਨੂੰ ਬਚਾਉਣ ਲਈ ਬੇਨਤੀ ਕੀਤੀ।

ਪੱਲਾ ਛੁਡਾਉਣਾ (ਜ਼ਿੰਮੇਵਾਰੀ ਤੋਂ ਬਚਣਾ, ਖਹਿੜਾ ਛੁਡਾਉਣਾ)— ਹੁਣ ਤੂੰ ਪੱਲਾ ਨਾ ਛੁਡਾ, ਸਗੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ।

ਪੱਲਾ ਝਾੜਨਾ (ਸਭ ਕੁੱਝ ਛੱਡ ਦੇਣਾ) – ਸ਼ਾਮ ਲਾਲ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਸਾਧੂ ਬਣ ਗਿਆ

ਪੱਲਾ ਫੜਨਾ ਜਾਂ ਪੱਲਾ ਪਕੜਨਾ (ਆਸਰਾ ਲੈਣਾ) – ਕਸ਼ਮੀਰੀ ਪੰਡਤਾਂ ਨੇ ਮੁਸ਼ਕਲ ਵਿਚ ਗੁਰੂ ਤੇਗ਼ ਬਹਾਦਰ ਜੀ ਦਾ ਪੱਲਾ ਫੜਿਆ।

ਪੱਲੇ ਬੰਨ੍ਹ ਲੈਣਾ (ਮਨ ਵਿੱਚ ਵਸਾਉਣਾ) – ਬੱਚਿਆਂ ਨੂੰ ਵੱਡਿਆਂ ਦੀਆਂ ਨਸੀਹਤਾਂ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਹਨ।

ਪਰਦਾ ਫ਼ਾਸ਼ ਕਰਨਾ (ਭੇਤ ਖੋਲ੍ਹਣਾ) – ਮੈਂ ਭਰੀ ਪੰਚਾਇਤ ਵਿੱਚ ਉਸ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰ ਦਿੱਤਾ।

ਪਾਜ ਖੁੱਲ੍ਹ ਜਾਣਾ (ਭੇਦ ਖੁੱਲ੍ਹ ਜਾਣਾ) – ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਸਾਰਾ ਪਾਜ ਖੋਲ੍ਹ ਦਿੱਤਾ।

ਪਾਣੀ ਪੀ-ਪੀ ਕੇ ਕੋਸਣਾ (ਬਹੁਤ ਲਾਹਣਤਾਂ ਪਾਉਣੀਆਂ) — ਨੂੰਹ ਨਾਲ ਬੁਰਾ ਸਲੂਕ ਕਰਨ ਵਾਲੀ ਸੱਸ ਨੂੰ ਲੋਕਾਂ ਨੇ ਪਾਣੀ ਪੀ-ਪੀ ਕੇ ਕੋਸਿਆ।

ਪਾਣੀ ਭਰਨਾ (ਗੁਲਾਮੀ ਕਰਨੀ) — ਵੱਡੇ-ਵੱਡੇ ਰਾਜਪੂਤ ਸਰਦਾਰ ਅਕਬਰ ਦਾ ਪਾਣੀ ਭਰਨ ਲੱਗੇ, ਪਰ ਰਾਣਾ ਪ੍ਰਤਾਪ ਨੇ ਉਸ ਦੀ ਈਨ ਨਾ ਮੰਨੀ।

ਪਾਣੀ ਵਾਰ ਕੇ ਪੀਣਾ (ਬਲਿਹਾਰ ਜਾਣਾ) – ਸੱਸ ਨੇ ਆਪਣੇ ਨੂੰਹ ਪੁੱਤਰ ਤੋਂ ਪਾਣੀ ਵਾਰ ਕੇ ਪੀਤਾ।

ਪਾਣੀਓਂ ਪਤਲਾ ਕਰਨਾ (ਬੇਪਤੀ ਕਰਨੀ) — ਮੇਰੇ ਭਰਾ ਨੇ ਮੇਰੀ ਬੇਇੱਜ਼ਤੀ ਕਰ ਕੇ ਮੈਨੂੰ ਭਰੀ ਪੰਚਾਇਤ ਵਿੱਚ ਪਾਣੀਓਂ ਪਤੀਲਾ ਕਰ ਦਿੱਤਾ।

ਪਾਂਧਾ ਨਾ ਪੁੱਛਣਾ (ਕੰਮ ਲਈ ਝੱਟ ਤਿਆਰ ਹੋ ਜਾਣਾ) — ਇਹ ਮਕਾਨ ਚੰਗਾ ਹੈ। ਤੂੰ ਪਾਂਧਾ ਨਾ ਪੁੱਛ ਤੇ ਇਸ ਦਾ ਸੌਦਾ ਕਰ ਲੈ।

ਪਾਪੜ ਵੇਲਣਾ (ਕਈ ਭਾਂਤ ਦੇ ਯਤਨ ਕਰਨੇ) — ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਕਈ ਪਾਪੜ ਵੇਲੇ, ਪਰ ਸਫਲਤਾ ਨਾ ਮਿਲੀ।

ਪਿੱਠ ਠੋਕਣਾ (ਹੱਲਾ-ਸ਼ੇਰੀ ਦੇਣਾ)— ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ।

ਪਿੱਠ ਦੇਣਾ (ਮੌਕੇ ‘ਤੇ ਕੰਮ ਨਾ ਆਉਣਾ) – ਪੰਜਾਬੀ ਸਿਪਾਹੀ ਜੰਗ ਦੇ ਮੈਦਾਨ ਵਿੱਚ ਕਦੇ ਪਿੱਠ ਨਹੀਂ ਦਿੰਦਾ।

ਪਿੱਠ ਲੱਗਣਾ (ਹਾਰ ਜਾਣਾ) — ਸਾਡੀ ਫ਼ੌਜ ਜੰਗ ਵਿੱਚ ਦੇਸ਼ ਦੀ ਪਿੱਠ ਨਹੀਂ ਲੱਗਣ ਦੇਵੇਗੀ।

ਪੁੱਠੀਆਂ ਛਾਲਾਂ ਮਾਰਨੀਆਂ (ਬਹੁਤ ਖ਼ੁਸ਼ ਹੋਣਾ) – ਸਾਡੇ ਸਕੂਲ ਦੀ ਟੀਮ ਨੇ ਜਿਲ੍ਹਾ ਪੱਧਰ ‘ਤੇ ਹੋਏ ਫੁੱਟਬਾਲ ਦੇ ਮੈਚ ਜਿੱਤ ਕੇ ਪੁੱਠੀਆਂ ਛਾਲਾਂ ਮਾਰੀਆਂ।

ਪੈਰ ਜੰਮਣਾ (ਸਥਿਰ ਹੋਣਾ) – ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਵਿੱਚ ਪੈਰ ਜਮਾਉਣ ਮਗਰੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ।

ਪੈਰ ਧੋ-ਧੋ ਪੀਣਾ (ਬਹੁਤ ਆਦਰ ਕਰਨਾ) – ਸੱਸ ਨੇ ਕਿਹਾ, “ਮੇਰੀਆਂ ਨੂੰਹਾਂ ਇੰਨੀਆਂ ਚੰਗੀਆਂ ਹਨ ਕਿ ਉਹ ਮੇਰੇ ਪੈਰ ਧੋ-ਧੋ ਪੀਂਦੀਆਂ ਹਨ।”

ਪੋਟਾ-ਪੋਟਾ ਦੁਖੀ ਹੋਣਾ (ਬਹੁਤ ਦੁਖੀ ਹੋਣਾ)— ਬੁੱਢਾ ਬਾਪ ਪੁੱਤਰਾਂ ਦੀ ਬੇ-ਇਤਫ਼ਾਕੀ ਤੇ ਲੜਾਈ ਕਾਰਨ ਪੋਟਾ-ਪੋਟਾ ਦੁਖੀ ਸੀ।

ਪੈਰਾਂ ‘ਤੇ ਪਾਣੀ ਨਾ ਪੈਣ ਦੇਣਾ (ਨਾ ਮੰਨਣਾ) – ਪੁਲਿਸ ਨੇ ਚੋਰ ਨੂੰ ਚੋਰੀ ਬਾਰੇ ਪੁੱਛ-ਗਿੱਛ ਕੀਤੀ। ਮਾਰ ਪੈਣ ਤੋਂ ਪਹਿਲਾਂ ਤਾਂ ਉਹ ਪੈਰਾਂ ‘ਤੇ ਪਾਣੀ ਨਹੀਂ ਸੀ ਪੈਣ ਦਿੰਦਾ, ਪਰੰਤੂ ਮਗਰੋਂ ਸਭ ਕੁੱਝ ਬਕ ਪਿਆ।

ਪੱਗ ਵਟਾਉਣਾ (ਧਰਮ-ਭਰਾ ਬਣਨਾ)— ਦੋਹਾਂ ਮਿੱਤਰਾਂ ਨੇ ਆਪਸ ਵਿੱਚ ਪੱਗ ਵਟਾ ਲਈ ਤੇ ਉਹ ਸੱਕੇ ਭਰਾਵਾਂ ਨਾਲੋਂ ਵਧ ਪਿਆਰ ਨਾਲ ਰਹਿਣ ਲੱਗੇ।

ਪੈਰਾਂ ਹੇਠੋਂ ਜ਼ਮੀਨ ਖਿਸਕਣਾ (ਬਹੁਤ ਘਬਰਾ ਜਾਣਾ) – ਆਪਣੇ ਪਿਤਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਪੈਰ ਉੱਖੜਨੇ (ਹਾਰ ਕੇ ਨੱਸ ਜਾਣਾ) – ਪਾਕਿਸਤਾਨ ਦੀਆਂ ਫ਼ੌਜਾਂ ਦੇ ਬੰਗਲਾ ਦੇਸ਼ ਵਿੱਚ ਜਲਦੀ ਹੀ ਪੈਰ ਉੱਖੜ ਗਏ।

ਪੈਰ ਜ਼ਮੀਨ ‘ਤੇ ਨਾ ਲੱਗਣਾ (ਬਹੁਤ ਖ਼ੁਸ਼ ਹੋਣਾ)— ਜਦੋਂ ਹਰਜੀਤ ਦਾ ਵਿਆਹ ਹੋਇਆ, ਤਾਂ ਉਸ ਦੇ ਪੈਰ ਜ਼ਮੀਨ ‘ਤੇ ਨਹੀਂ ਸਨ ਲਗਦੇ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਵਿਆਹ ਦੀਆਂ ਖ਼ੁਸ਼ੀਆਂ ਚਾਰ ਦਿਨ ਹੀ ਰਹਿੰਦੀਆਂ ਹਨ।

ਪੋਚਾ ਪਾਉਣਾ (ਮੰਦੀ ਗੱਲ ਨੂੰ ਛੁਪਾ ਰੱਖਣਾ) — ਉਨ੍ਹਾਂ ਨੇ ਆਪਣੀ ਧੀ ਦੀਆਂ ਕਰਤੂਤਾਂ ‘ਤੇ ਪੋਚਾ ਪਾ ਕੇ ਉਸ ਨੂੰ ਚੰਗੇ ਘਰ ਵਿਆਹ ਦਿੱਤਾ।

ਪੱਛਾਂ ‘ਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁਖਾਉਣਾ) – ਮੇਰੇ ਪੱਛਾਂ ‘ਤੇ ਲੂਣ ਨਾ ਛਿੜਕੋ, ਮੈਂ ਅੱਗੇ ਹੀ ਬਹੁਤ ਦੁਖੀ ਹਾਂ।