CBSEEducationKavita/ਕਵਿਤਾ/ कविताNCERT class 10thPunjab School Education Board(PSEB)

ਨਾ ਮੈਂ ਮੋਮਨ……….ਬੁੱਲ੍ਹਾ ਕੀ ਜਾਣਾ ਮੈਂ ਕੌਣ ।


ਬੁੱਲ੍ਹੇ ਸ਼ਾਹ : ਬੁੱਲ੍ਹਾ ਕੀ ਜਾਣਾ ਮੈਂ ਕੌਣ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਨਾ ਮੈਂ ਮੋਮਨ ਵਿੱਚ ਮਸੀਤਾਂ,

ਨਾ ਮੈਂ ਕੁਫਰ ਇਮਾਨ ਦੀਆਂ ਰੀਤਾਂ,

ਨਾ ਮੈਂ ਪਾਕਾਂ ਵਿੱਚ ਪਲੀਤਾਂ,

ਨਾ ਮੈਂ ਮੂਸਾ ਨਾ ਫਿਰਔਨ ।

ਬੁੱਲ੍ਹਾ ਕੀ ਜਾਣਾ ਮੈਂ ਕੌਣ ।


ਪ੍ਰਸੰਗ : ਇਹ ਕਾਵਿ-ਟੋਟਾ ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੀ ਆਤਮਾ ਦੀ ਅਸਲੀ ਅਤੇ ਅੰਦਰਲੀ ‘ਮੈਂ’ ਨੂੰ ਪਛਾਣਨ ਦੇ ਯਤਨ ਵਿੱਚ ਹੈ। ਉਹ ਅਨੁਭਵ ਕਰਦਾ ਹੈ ਕਿ ਉਸ ਦੀ ‘ਮੈਂ’ ਧਾਰਮਿਕ ਰਹੁ-ਰੀਤਾਂ, ਇਲਮ, ਸੰਸਾਰਿਕ ਰੰਗਾਂ-ਤਮਾਸਿਆਂ ਤੇ ਹੋਰ ਸੰਸਾਰਿਕ ਕਾਰਗੁਜ਼ਾਰੀਆਂ ਵਿੱਚ ਕਿਤੇ ਵੀ ਨਹੀਂ, ਸਗੋਂ ਉਹ ਉਸ ਦੇ ਮਨ ਦੀ ਅੰਦਰਲੀ ਡੂੰਘਾਈ ਵਿੱਚ ਸਥਿਤ ਹੈ, ਜੋ ਕੇਵਲ ਸ਼ਹੁ ਨੂੰ ਪਛਾਣਦੀ ਹੈ।

ਵਿਆਖਿਆ : ਬੁੱਲ੍ਹੇ ਸ਼ਾਹ ਆਖਦਾ ਹੈ ਕਿ ਨਾ ਮੇਰੀ ਮੈਂ ਮਸੀਤਾਂ ਵਿੱਚ ਰਹਿਣ ਵਾਲਾ ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਮੋਮਨ ਹੋਣ ਵਿੱਚ ਹੈ ਤੇ ਨਾ ਹੀ ਕੁਫ਼ਰ ਜਾਂ ਈਮਾਨ ਦੇ ਝਗੜੇ ਵਿਚ ਪੈਣ ਵਿਚ। ਨਾ ਹੀ ਮੇਰੀ ‘ਮੈਂ’ ਆਪਣੇ ਆਪ ਨੂੰ ਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ ਹੈ ਤੇ ਨਾ ਹੀ ਆਪਣੇ ਆਪ ਨੂੰ ਅਪਵਿੱਤਰ ਲੋਕਾਂ ਵਿੱਚ ਗਿਣਨ ਕਰਕੇ। ਨਾ ਮੇਰੀ ‘ਮੈਂ’ ਮਿਸਰ ਦੇ ਬਾਦਸ਼ਾਹ ਫਰਉਨ ਵਾਂਗ ਹੰਕਾਰੀ ਹੋਣ ਵਿੱਚ ਹੈ ਤੇ ਨਾ ਹੀ ਫਰਊਨ ਦਾ ਮਾਣ-ਤੋੜਨ ਵਾਲਾ ਮੂਸਾ ਹੋਣ ਵਿੱਚ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ।