ਬੁੱਲ੍ਹੇ ਸ਼ਾਹ : ਬੁੱਲ੍ਹਾ ਕੀ ਜਾਣਾ ਮੈਂ ਕੌਣ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਨਾ ਮੈਂ ਅੰਦਰ ਵੇਦ ਕਿਤਾਬਾਂ,
ਨਾ ਵਿੱਚ ਭੰਗਾਂ ਨਾ ਸ਼ਰਾਬਾਂ,
ਨਾ ਵਿੱਚ ਰਿੰਦਾਂ ਮਸਤ ਖ਼ਰਾਬਾਂ,
ਨਾ ਵਿੱਚ ਜਾਗਣ ਨਾ ਵਿੱਚ ਸੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੀ ਆਤਮਾ ਦੀ ਅਸਲੀ ਅਤੇ ਅੰਦਰਲੀ ‘ਮੈਂ’ ਨੂੰ ਪਛਾਣਨ ਦੇ ਯਤਨ ਵਿੱਚ ਹੈ। ਉਹ ਅਨੁਭਵ ਕਰਦਾ ਹੈ ਕਿ ਉਸ ਦੀ ‘ਮੈਂ’ ਧਾਰਮਿਕ ਰਹੁ-ਰੀਤਾਂ, ਇਲਮ, ਸੰਸਾਰਿਕ ਰੰਗਾਂ-ਤਮਾਸ਼ਿਆਂ ਤੇ ਹੋਰ ਸੰਸਾਰਿਕ ਕਾਰਗੁਜ਼ਾਰੀਆਂ ਵਿੱਚ ਕਿਤੇ ਵੀ ਨਹੀਂ, ਸਗੋਂ ਉਹ ਉਸ ਦੇ ਮਨ ਦੀ ਅੰਦਰਲੀ ਡੂੰਘਾਈ ਵਿੱਚ ਸਥਿਤ ਹੈ, ਜੋ ਕਿ ਕੇਵਲ ਸ਼ਹੁ ਨੂੰ ਪਛਾਣਦੀ ਹੈ।
ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਨਾ ਮੇਰੀ ‘ਮੈਂ’ ਵੇਦ ਪੜ੍ਹਨ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਤੇ ਨਾ ਹੀ ਕੁਰਾਨ ਪੜ੍ਹਨ ਵਾਲਿਆਂ ਵਿੱਚੋਂ ਹੋਣ ਕਰਕੇ ਹੈ। ਨਾ ਮੇਰੀ ‘ਮੈਂ’ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ, ਨਾ ਮਲੰਗਾਂ ਵਿੱਚੋਂ ਹੋਣ ਕਰਕੇ ਹੈ ਤੇ ਨਾ ਨਸ਼ਾ ਪੀ ਕੇ ਬਦਮਸਤ ਹੋਣ ਵਾਲਿਆਂ ਵਿੱਚੋਂ ਹੋਣ ਕਰਕੇ। ਨਾ ਮੇਰੀ ‘ਮੈਂ’ ਜਗਰਾਤੇ ਕੱਟਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ ਤੇ ਨਾ ਸੁੱਤੇ ਰਹਿਣ ਵਾਲਿਆਂ ਵਿੱਚੋਂ ਹੋਣ ਕਰਕੇ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ।