ਪ੍ਰਸ਼ਨ 1. ਧੁਨੀ ਕਿਸ ਨੂੰ ਆਖਦੇ ਹਨ?
ਉੱਤਰ : ਵਿਆਕਰਨ ਅਨੁਸਾਰ ਧੁਨੀ ਮੂੰਹ ਵਿਚੋਂ ਨਿਕਲਣ ਵਾਲੀ ਉਹ ਅਵਾਜ਼ ਹੁੰਦੀ ਹੈ, ਜਿਸ ਦੀ ਭਾਸ਼ਾ ਵਿੱਚ ਵਰਤੋਂ ਹੁੰਦੀ ਹੈ ਤੇ ਉਸ ਨੂੰ ਵਰਨ (ਅੱਖਰ) ਨਾਲ ਅੰਕਿਤ ਕੀਤਾ ਜਾ ਸਕਦਾ ਹੈ।
ਪ੍ਰਸ਼ਨ 2. ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ?
ਜਾਂ
ਪ੍ਰਸ਼ਨ. ਪੰਜਾਬੀ ਧੁਨੀਆਂ ਦੀ ਵਰਗ-ਵੰਡ ਕਰੋ।
ਜਾਂ
ਪ੍ਰਸ਼ਨ. ਵਰਨ ਜਾਂ ਅੱਖਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ : ਉਚਾਰਨ ਦੇ ਫ਼ਰਕ ਕਰ ਕੇ ਪੰਜਾਬੀ ਧੁਨੀਆਂ ਦੇ ਦੋ ਭੇਦ (ਵਰਗ) ਹਨ :
(ੳ) ਸ੍ਵਰ ਤੇ (ਅ) ਵਿਅੰਜਨ ।
ਸ੍ਵਰ (ਸੁਰ)
ਪ੍ਰਸ਼ਨ 3. ਸ੍ਵਰ (ਸੁਰ) ਧੁਨੀਆਂ ਕੀ ਹੁੰਦੀਆਂ ਹਨ? ਪੰਜਾਬੀ ਵਿੱਚ ਕਿਹੜੀਆਂ-ਕਿਹੜੀਆਂ ਧੁਨੀਆਂ ਸ੍ਵਰ ਹਨ?
ਜਾਂ
ਪ੍ਰਸ਼ਨ. ਸ੍ਵਰ ਧੁਨੀਆਂ (ਅੱਖਰ) ਕਿਸ ਨੂੰ ਕਹਿੰਦੇ ਹਨ?
ਜਾਂ
ਪ੍ਰਸ਼ਨ. ਪੰਜਾਬੀ ਵਿੱਚ ਸ੍ਵਰ ਧੁਨੀਆਂ ਕਿਹੜੀਆਂ-ਕਿਹੜੀਆਂ ਹਨ?
ਉੱਤਰ : ਉਨ੍ਹਾਂ ਧੁਨੀਆਂ (ਅੱਖਰਾਂ) ਨੂੰ ਸ੍ਵਰ (ਸੁਰ) ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ ਸ੍ਵਰ ਲਈ ਕੇਵਲ ਤਿੰਨ ਅੱਖਰ ਹੀ ਹਨ, ਜੋ ਇਹ ਹਨ, ੳ, ਅ, ੲ। ਉਂਞ ਧੁਨੀਆਤਮਕ ਪੱਧਰ ‘ਤੇ ਵਰਤੋਂ ਵਿੱਚ ਇਨ੍ਹਾਂ ਦੀ ਗਿਣਤੀ ਦਸ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ- ਅ, ਆ, ਇ, ਈ, ਉ, ਊ, ਏ, ਐ, ਓ, ਔ।
ਪ੍ਰਸ਼ਨ 4. ਨਾਸਿਕੀ ਸ੍ਵਰ ਕਿਹੜੇ ਹੁੰਦੇ ਹਨ?
ਉੱਤਰ : ਜਦੋਂ ਕਿਸੇ ਸ੍ਵਰ ਨਾਲ ਬਿੰਦੀ ਜਾਂ ਟਿੱਪੀ ਲਗ ਜਾਂਦੀ ਹੈ, ਤਾਂ ਉਹ ਨਾਸਿਕੀ ਸ੍ਵਰ ਬਣ ਜਾਂਦਾ ਹੈ। ਇਨ੍ਹਾਂ ਦੇ ਉਚਾਰਨ ਸਮੇਂ ਅਵਾਜ਼ ਨੱਕ ਵਿਚੋਂ ਨਿਕਲਦੀ ਹੈ।
ਵਿਅੰਜਨ
ਪ੍ਰਸ਼ਨ 5. ਵਿਅੰਜਨ ਧੁਨੀਆਂ ਕੀ ਹੁੰਦੀਆਂ ਹਨ? ਪੰਜਾਬੀ ਵਿੱਚ ਕਿਹੜੀਆਂ-ਕਿਹੜੀਆਂ ਧੁਨੀਆਂ ਵਿਅੰਜਨ ਹਨ?
ਜਾਂ
ਪ੍ਰਸ਼ਨ. ਵਿਅੰਜਨ ਅੱਖਰ ਕਿਹੜੇ ਹੁੰਦੇ ਹਨ? ਪੰਜਾਬੀ ਦੇ ਕਿਹੜੇ-ਕਿਹੜੇ ਅੱਖਰ ਵਿਅੰਜਨ ਹਨ?
ਉੱਤਰ : ਵਿਅੰਜਨ ਉਨ੍ਹਾਂ ਧੁਨੀਆਂ (ਅੱਖਰਾਂ) ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਭ ਮੂੰਹ ਦੇ ਅੰਦਰ ਕਿਸੇ ਥਾਂ ਛੋਹ ਕੇ ਜਾਂ ਬੁੱਲ੍ਹ ਆਪਸ ਵਿੱਚ ਛੋਹ ਕੇ ਸਾਹ ਨੂੰ ਕੁੱਝ ਸਮੇਂ ਲਈ ਰੋਕ ਲੈਂਦੇ ਹਨ। ਪੰਜਾਬੀ ਵਿੱਚ ਸ ਤੋਂ ੜ ਤਕ ਸਾਰੀਆਂ ਧੁਨੀਆਂ ਹੀ ਵਿਅੰਜਨ ਹਨ।
ਅਨੁਨਾਸਿਕ ਜਾਂ (ਨਾਸਿਕੀ) ਧੁਨੀਆਂ
ਪ੍ਰਸ਼ਨ 6. ਅਨੁਨਾਸਿਕ ਜਾਂ (ਨਾਸਿਕੀ) ਧੁਨੀਆਂ ਕਿਨ੍ਹਾਂ ਨੂੰ ਕਹਿੰਦੇ ਹਨ? ਪੰਜਾਬੀ ਦੀਆਂ ਅਨੁਨਾਸਿਕ ਧੁਨੀਆਂ ਦੀ ਉਦਾਹਰਨ ਦਿਓ।
ਜਾਂ
ਪ੍ਰਸ਼ਨ. ਨਾਸਿਕੀ ਧੁਨੀਆਂ ਦੀ ਪਰਿਭਾਸ਼ਾ ਲਿਖੋ।
ਉੱਤਰ : ਜਿਹੜੀਆਂ ਧੁਨੀਆਂ ਨੱਕ ਵਿਚੋਂ ਉਚਾਰੀਆਂ ਜਾਂਦੀਆਂ ਹਨ, ਉਹ ਅਨੁਨਾਸਿਕ (ਨਾਸਿਕੀ) ਹੁੰਦੀਆਂ ਹਨ। ਪੰਜਾਬੀ ਦੀਆਂ ਹੇਠ ਲਿਖੀਆਂ ਪੰਜ ਧੁਨੀਆਂ ਅਨੁਨਾਸਿਕ ਹਨ :
ਙ, ਞ, ਣ, ਨ , ਮ ।
ਪ੍ਰਸ਼ਨ 7. ਨਾਸਿਕੀ ਵਿਅੰਜਨ ਕਿਸ ਨੂੰ ਕਹਿੰਦੇ ਹਨ? ਪੰਜਾਬੀ ਦੇ ਨਾਸਿਕੀ ਵਿਅੰਜਨ ਲਿਖੋ।
ਉੱਤਰ : ਨਾਸਿਕੀ ਵਿਅੰਜਨ ਉਸ ਧੁਨੀ (ਅੱਖਰ) ਨੂੰ ਕਿਹਾ ਜਾਂਦਾ ਹੈ, ਜਿਸ ਦਾ ਉਚਾਰਨ ਕਰਨ ਸਮੇਂ ਅਵਾਜ਼ ਨੱਕ ਵਿਚੋਂ ਨਿਕਲਦੀ ਹੈ। ਪੰਜਾਬੀ ਵਿੱਚ ਹੇਠ ਲਿਖੀਆਂ ਧੁਨੀਆਂ (ਅੱਖਰ) ਨਾਸਿਕੀ ਵਿਅੰਜਨ ਹਨ :
ਙ, ਞ, ਣ, ਨ , ਮ ।
ਪ੍ਰਸ਼ਨ 8. ਪੰਜਾਬੀ ਵਿਚ ਕੰਠੀ, ਤਾਲਵੀ, ਉਲਟ-ਜੀਭੀ, ਦੰਤੀ, ਹੋਠੀ ਤੇ ਸੁਰ-ਯੰਤਰੀ ਵਿਅੰਜਨ ਕਿਹੜੇ-ਕਿਹੜੇ ਹਨ?
ਉੱਤਰ : ਕੰਠੀ ਵਿਅੰਜਨ – ਕ, ਖ, ਗ, ਙ ।
ਤਾਲਵੀ ਵਿਅੰਜਨ – ਚ, ਛ, ਜ, ਞ, ਸ਼, ਯ ।
ਉਲਟ-ਜੀਭੀ – ਟ, ਠ, ਡ, ਣ, ਲ, ੜ ।
ਦੰਤੀ – ਤ, ਥ, ਦ, ਨ, ਲ, ਰ, ਸ ।
ਹੋਠੀ – ਪ, ਫ, ਬ, ਮ, ਵ ।
ਸੁਰ-ਯੰਤਰੀ – ਹ ।
ਪ੍ਰਸ਼ਨ 9. ਅਜੋਕੀ ਪੰਜਾਬੀ ਵਿੱਚ ਕਿਹੜੀਆਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ?
ਉੱਤਰ : ਅਜੋਕੀ ਪੰਜਾਬੀ ਵਿੱਚ ਙ, ਞ, ਣ, ੜ ਤੇ ਲ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ।