CBSEClass 12 PunjabiClass 12 Punjabi (ਪੰਜਾਬੀ)EducationLetters (ਪੱਤਰ)Punjab School Education Board(PSEB)

ਦੂਜਿਆਂ ਦੇ ਕੰਮ ਆਉਣ ਦੀ ਕਿਸੇ ਅਨੋਖੀ ਘਟਨਾ ਬਾਰੇ ਪੱਤਰ


ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਦੂਜਿਆਂ ਦੇ ਕੰਮ ਆਉਣ ਦੀ ਕਿਸੇ ਅਨੋਖੀ ਘਟਨਾ ਬਾਰੇ ਜਾਣਕਾਰੀ ਦਿਓ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’,

ਚੰਡੀਗੜ੍ਹ।

ਵਿਸ਼ਾ : ਦੂਜਿਆਂ ਦੇ ਕੰਮ ਆਉਣ ਦੀ ਅਨੋਖੀ ਘਟਨਾ

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਦੂਜਿਆ ਦੇ ਕੰਮ ਆਉਣ ਦੀ ਇੱਕ ਅਨੋਖੀ ਘਟਨਾ ਬਾਰੇ ਤੁਹਾਡੇ ਪਾਠਕਾਂ ਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ ਤਾਂ ਜੋ ਉਹਨਾਂ ਦੇ ਮਨਾਂ ਵਿੱਚ ਵੀ ਅਜਿਹੇ ਔਖੇ ਸਮੇਂ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਪੈਦਾ ਹੋ ਸਕੇ।

ਪਿਛਲੇ ਮਹੀਨੇ ਦੀ ਗੱਲ ਹੈ ਕਿ ਮੈਂ ਆਪਣੇ ਇੱਕ ਦੋਸਤ ਦੇ ਸਕੂਟਰ ਪਿੱਛੇ ਬੈਠਾ ਸਾਂ ਤੇ ਅਸੀਂ ਕਿਸੇ ਜ਼ਰੂਰੀ ਕੰਮ ਲਈ ਲੁਧਿਆਣੇ ਜਾ ਰਹੇ ਸਾਂ। ਰਸਤੇ ਵਿੱਚ ਪਿਛਿਓਂ ਇੱਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦਾ ਇੱਕ ਪਾਸਾ ਸਾਡੇ ਵਿੱਚ ਇਸ ਤਰ੍ਹਾਂ ਵੱਜਾ ਕਿ ਅਸੀਂ ਦੋਵੇਂ ਸਕੂਟਰ ਤੋਂ ਡਿੱਗ ਕੇ ਸੜਕ ਦੇ ਇੱਕ ਪਾਸੇ ਜਾ ਪਏ ਪਰ ਟਰੱਕ ਵਾਲੇ ਨੇ ਟਰੱਕ ਨਾ ਰੋਕਿਆ। ਮੇਰੇ ਦੋਸਤ ਦੇ ਸਿਰ ਵਿੱਚ ਜ਼ਿਆਦਾ ਸੱਟ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ। ਮੇਰੀ ਬਾਂਹ ਦੀ ਹੱਡੀ ਭਾਵੇਂ ਟੁੱਟ ਗਈ ਸੀ ਪਰ ਮੈਂ ਹੌਸਲਾ ਕਰ ਕੇ ਉੱਠਿਆ ਤੇ ਮਦਦ ਲਈ ਰੌਲ਼ਾ ਪਾਇਆ।

ਲੋਕ ਕੁਝ ਚਿਰ ਲਈ ਰੁਕਦੇ ਜ਼ਰੂਰ ਪਰ ਕੋਈ ਸਾਡੀ ਮਦਦ ਲਈ ਅੱਗੇ ਨਾ ਆਇਆ। ਕੁਝ ਲੋਕ ਤਾਂ ਸਾਡੀ ਮੁਸੀਬਤ ਵੱਲ ਧਿਆਨ ਦੇਣ ਤੋਂ ਬਿਨਾਂ ਹੀ ਲੰਘ ਗਏ। ਮੈਨੂੰ ਬੜਾ ਦੁੱਖ ਹੋਇਆ ਕਿ ਮੁਸੀਬਤ ਵਿੱਚ ਵੀ ਦੂਜੇ ਦੀ ਮਦਦ ਕਰਨ ਤੋਂ ਅਸੀਂ ਕਿਵੇਂ ਕੰਨੀ ਕਤਰਾ ਲੈਂਦੇ ਹਾਂ। ਬਹੁਤਾ ਫ਼ਿਕਰ ਮੈਨੂੰ ਆਪਣੇ ਦੋਸਤ ਦਾ ਸੀ ਜੋ ਬੇਹੋਸ਼ ਪਿਆ ਸੀ। ਏਨੇ ਨੂੰ ਇੱਕ ਕਾਰ ਵਾਲੇ ਨੇ ਰੁਕ ਕੇ ਸਾਡੀ ਮੁਸੀਬਤ ਬਾਰੇ ਪੁੱਛਿਆ। ਕਾਰ ਵਿੱਚ ਦੋ ਨੌਜਵਾਨ ਸਨ। ਉਹ ਦੋਵੇਂ ਹੀ ਬਾਹਰ ਆ ਗਏ। ਮੇਰਾ ਦੋਸਤ ਅਜੇ ਵੀ ਬੇਹੋਸ਼ ਪਿਆ ਸੀ। ਕਾਰ ਵਾਲਾ ਇੱਕ ਨੌਜਵਾਨ ਕਾਰ ਵਿੱਚੋਂ ਪਾਣੀ ਦੀ ਬੋਤਲ ਲਿਆਇਆ ਤੇ ਮੇਰੇ ਦੋਸਤ ਦੇ ਮੂੰਹ ਵਿੱਚ ਕੁਝ ਪਾਣੀ ਪਾਇਆ। ਫਿਰ ਕਾਰ ਵਾਲੇ ਦੋਹਾਂ ਨੌਜਵਾਨਾਂ ਨੇ ਮੇਰੇ ਦੋਸਤ ਨੂੰ ਕਾਰ ਵਿੱਚ ਪਾਇਆ ਅਤੇ ਮੈਨੂੰ ਵੀ ਕਾਰ ਵਿੱਚ ਬਿਠਾਇਆ। ਫਿਰ ਇੱਕ ਨੌਜਵਾਨ ਨੇ ਸਾਡਾ ਸਕੂਟਰ ਚੁੱਕਿਆ ਤੇ ਦੇਖਿਆ ਕਿ ਭਾਵੇਂ ਸਾਮ੍ਹਣੇ ਵਾਲੀ ਬੱਤੀ ਦਾ ਸ਼ੀਸ਼ਾ ਆਦਿ ਟੁੱਟ ਗਿਆ ਸੀ ਪਰ ਫਿਰ ਵੀ ਇਹ ਸਟਾਰਟ ਹੋ ਗਿਆ। ਇਸ ਨੌਜਵਾਨ ਨੇ ਮੇਰੇ ਤੋਂ ਮੇਰੇ ਦੋਸਤ ਦੇ ਘਰ ਦਾ ਪਤਾ ਕੀਤਾ ਅਤੇ ਸਕੂਟਰ ਉਸ ਦੇ ਘਰ ਛੱਡਣ ਅਤੇ ਘਰ ਵਾਲਿਆਂ ਨੂੰ ਪਤਾ ਦੇਣ ਲਈ ਚਲਾ ਗਿਆ ਤੇ ਦੂਜਾ ਨੌਜਵਾਨ ਸਾਨੂੰ ਹਸਪਤਾਲ ਲੈ ਗਿਆ। ਸਮੇਂ ਸਿਰ ਡਾਕਟਰੀ ਸਹਾਇਤਾ ਮਿਲਨ ਕਾਰਨ ਮੇਰੇ ਦੋਸਤ ਨੂੰ ਚਾਰ ਘੰਟੇ ਬਾਅਦ ਹੋਸ਼ ਆ ਗਈ। ਮੇਰੀ ਬਾਂਹ ਦਾ ਐਕਸਰੇ ਲੈ ਕੇ ਪਲਸਤਰ ਕਰ ਦਿੱਤਾ ਗਿਆ। ਮੈਂ ਤੇ ਮੇਰਾ ਦੋਸਤ ਤੀਜੇ ਦਿਨ ਹਸਪਤਾਲੋਂ ਘਰ ਆ ਗਏ।

ਹੁਣ ਜਦ ਵੀ ਕਦੇ ਮੈਨੂੰ ਇਹ ਘਟਨਾ ਯਾਦ ਆਉਂਦੀ ਹੈ ਤਾਂ ਮੇਰੇ ਮਨ ਵਿੱਚ ਇਹ ਖ਼ਿਆਲ ਆਉਂਦਾ ਹੈ ਕਿ ਜੇਕਰ ਕਾਰ ਵਾਲੇ ਨੌਜਵਾਨ ਸਾਡੀ ਮਦਦ ਨਾ ਕਰਦੇ ਤੇ ਮੇਰੇ ਦੋਸਤ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਦੀ ਤਾਂ ਉਸ ਦੀ ਜਾਨ ਲਈ ਵੀ ਖ਼ਤਰਾ ਪੈਦਾ ਹੋ ਸਕਦਾ ਸੀ। ਇਹ ਨੌਜਵਾਨ ਭਾਵੇਂ ਸਾਡੇ ਜਾਣੂ ਨਹੀਂ ਸਨ ਪਰ ਉਹਨਾਂ ਦੇ ਦਿਲ ਵਿੱਚ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਦਾ ਜਜ਼ਬਾ ਸੀ। ਅਜੋਕੇ ਸਮੇਂ ਵਿੱਚ, ਜਦ ਕਿ ਸਾਨੂੰ ਦੂਜੇ ਦੇ ਦੁੱਖ-ਦਰਦ ਦੀ ਕੋਈ ਪਰਵਾਹ ਨਹੀਂ, ਅਜਿਹੇ ਨੌਜਵਾਨ ਸਾਨੂੰ ਮਨੁੱਖ ਨਹੀਂ ਦੇਵਤਾ ਪ੍ਰਤੀਤ ਹੁੰਦੇ ਹਨ। ਅਜਿਹੇ ਨੇਕ ਪੁਰਸ਼ਾਂ ਨੂੰ ਦੇਖ ਕੇ ਇਹ ਕਹਿਣਾ ਪੈਂਦਾ ਹੈ ਕਿ ਸਾਡੇ ਸਮਾਜ ਵਿੱਚੋਂ ਅਜੇ ਵੀ ਚੰਗੇ ਲੋਕਾਂ ਦਾ ਬੀਜ-ਨਾਸ ਨਹੀਂ ਹੋਇਆ।

ਅਜਿਹੇ ਲੋਕ ਪੂਜਣ-ਯੋਗ ਹਨ ਅਤੇ ਇਹਨਾਂ ਸਦਕਾ ਹੀ ਸਮਾਜ ਚੰਗਾ ਲੱਗਦਾ ਹੈ। ਇਸ ਪੱਤਰ ਰਾਹੀਂ ਮੈਂ ਇਹਨਾਂ ਨੇਕ ਪੁਰਸ਼ਾਂ ਲਈ ਧੰਨਵਾਦ ਪ੍ਰਗਟ ਕਰਦਾ ਹਾਂ।

ਆਸ ਹੈ ਤੁਸੀਂ ਇਹ ਪੱਤਰ ਛਾਪ ਕੇ ਧੰਨਵਾਦੀ ਬਣਾਓਗੇ ਤਾਂ ਜੋ ਦੂਸਰੇ ਲੋਕ ਵੀ ਮੁਸੀਬਤ ਸਮੇਂ ਦੂਜਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਲੈ ਸਕਣ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਨਵਤੇਜ ਸਿੰਘ

ਪਿੰਡ ਤੇ ਡਾਕਘਰ ………………,

ਜ਼ਿਲ੍ਹਾ ………………।

ਮਿਤੀ : ……………… .