ਦਫ਼ਤਰੀ ਚਿੱਠੀ
ਆਪਣੇ ਰਾਜ ਦੇ ਵਿੱਦਿਆ ਮੰਤਰੀ ਨੂੰ ਆਪਣੇ ਇਲਾਕੇ ਵਿੱਚ ਕਾਲਜ ਖੋਲ੍ਹਣ ਲਈ ਬਿਨੈ-ਪੱਤਰ ਲਿਖੋ।
ਪਿੰਡ ਤੇ ਡਾਕ: ਬੁਲੰਦਪੁਰ,
ਜ਼ਿਲ੍ਹਾ ਮਾਨਸਾ।
10 ਜੂਨ 20………
ਸੇਵਾ ਵਿਖੇ
ਵਿੱਦਿਆ ਮੰਤਰੀ ਸਾਹਿਬ,
ਪੰਜਾਬ ਸਰਕਾਰ,
ਚੰਡੀਗੜ੍ਹ।
ਵਿਸ਼ਾ : ਪਿੰਡ ਬੁਲੰਦਪੁਰ ਵਿੱਚ ਕਾਲਜ ਖੋਲ੍ਹਣ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਸਾਡਾ ਪਿੰਡ ਮਾਨਸਾ ਜ਼ਿਲ੍ਹੇ ਦੇ ਆਖ਼ਰ ਵਿੱਚ ਪੈਂਦਾ ਹੈ। ਇਹ ਸਾਰਾ ਇਲਾਕਾ ਸਹੂਲਤਾਂ ਪੱਖੋਂ ਕਾਫ਼ੀ ਪੱਛੜਿਆ ਹੋਇਆ ਹੈ। ਪਿੱਛੇ ਜਿਹੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੇ ਇਲਾਕੇ ਦਾ ਦੌਰਾ ਕੀਤਾ ਸੀ। ਅਸੀਂ ਉਨ੍ਹਾਂ ਅੱਗੇ ਵੀ ਆਪਣੀਆਂ ਮੰਗਾਂ ਦਾ ਬਿਊਰਾ ਰੱਖਿਆ ਸੀ। ਉਨ੍ਹਾਂ ਨੇ ਸਾਨੂੰ ਕਾਫ਼ੀ ਵਿਸ਼ਵਾਸ ਦੁਆਇਆ ਸੀ ਕਿ ਸਾਡੇ ਇਲਾਕੇ ਦਾ ਸੁਧਾਰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਦੀ ਮਿਹਰ ਸਦਕਾ ਇਲਾਕੇ ਵਿੱਚ ਕਾਫ਼ੀ ਸੁਧਾਰ ਹੋਇਆ ਵੀ ਹੈ। ਇਸ ਵਾਸਤੇ ਅਸੀਂ ਪੰਜਾਬ ਸਰਕਾਰ ਦੇ ਦਿਲੋਂ ਧੰਨਵਾਦੀ ਹਾਂ।
ਪੰਜਾਬ ਸਰਕਾਰ ਦੀਆਂ ਨੀਤੀਆਂ ਅਨੁਸਾਰ ਕੋਈ ਵੀ ਪਿੰਡ ਵਿੱਦਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਲਗਪਗ ਪਿੰਡ-ਪਿੰਡ ਸਕੂਲ ਖੁੱਲ੍ਹ ਚੁੱਕੇ ਹਨ। ਸਾਡੇ ਪਿੰਡਾਂ ਦੇ ਮੁੰਡੇ ਅਤੇ ਕੁੜੀਆਂ ਇਨ੍ਹਾਂ ਸਕੂਲਾਂ ਦਾ ਭਰਪੂਰ ਲਾਭ ਉਠਾ ਰਹੇ ਹਨ। ਪ੍ਰੰਤੂ ਉਨ੍ਹਾਂ ਦੀ ਵਿੱਦਿਆ ਦਾ ਪੱਧਰ ਸਿਰਫ਼ ਸਕੂਲੀ ਵਿੱਦਿਆ ਤੱਕ ਹੀ ਸੀਮਤ ਰਹਿ ਜਾਂਦਾ ਹੈ। ਸਾਡੇ ਨੇੜੇ-ਤੇੜੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਕੋਈ ਉੱਚ-ਪੱਧਰ ਦਾ ਕਾਲਜ ਨਾ ਹੋਣ ਕਰਕੇ ਸਾਡੇ ਬੱਚੇ ਉਚੇਰੀ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਮੁੰਡੇ ਤਾਂ ਕਿਸੇ ਤਰ੍ਹਾਂ ਦੂਰ-ਦੁਰਾਡੇ ਕਾਲਜਾਂ ਵਿੱਚ ਜਾ ਕੇ ਉਚੇਰੀ ਵਿੱਦਿਆ ਪ੍ਰਾਪਤ ਕਰ ਲੈਂਦੇ ਹਨ, ਪਰੰਤੂ ਲੜਕੀਆਂ ਇਸ ਤੋਂ ਬਿਨਾਂ ਹੀ ਰਹਿ ਜਾਂਦੀਆਂ ਹਨ। ਜੇ ਕੁਝ ਇੱਕ ਲੜਕੀਆਂ ਦੇ ਮਾਪੇ ਹੌਸਲਾ ਕਰਕੇ ਭੇਜਣ ਦਾ ਹੀਲਾ-ਵਸੀਲਾ ਕਰਦੇ ਵੀ ਹਨ ਤਾਂ ਆਵਾਜਾਈ ਦੇ ਸਾਧਨਾਂ ਦੀ ਕਮੀ ਹੋਣ ਕਰਕੇ ਉਹ ਸਾਲ ਦੋ ਸਾਲਾਂ ਬਾਅਦ ਹੀ ਘਰ ਬੈਠ ਜਾਂਦੀਆਂ ਹਨ।
ਅਸੀਂ ਇਲਾਕੇ ਦੇ ਪੰਦਰਾਂ-ਸੋਲਾਂ ਪਿੰਡਾਂ ਨੇ ਮਿਲ ਕੇ ਇੱਕ ਸਾਂਝੀ ਥਾਂ ਦਾ ਪ੍ਰਬੰਧ ਕੀਤਾ ਹੈ। ਇਹ ਥਾਂ ਕਾਲਜ ਖੋਲ੍ਹਣ ਲਈ ਬਿਲਕੁਲ ਢੁਕਵੀਂ ਹੈ। ਅਸੀਂ ਇਸ ਦੀ ਇਮਾਰਤ ਵਾਸਤੇ ਵੀ ਕੁਝ ਯੋਗਦਾਨ ਪਾਉਣ ਲਈ ਤਿਆਰ ਹਾਂ। ਕਿਰਪਾ ਕਰਕੇ ਸਾਡੀ ਮੰਗ ਨੂੰ ਪਹਿਲ ਦੇ ਅਧਾਰ ‘ਤੇ ਮੰਨ ਕੇ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਨੇਕ ਕੰਮ ਲਈ ਅਸੀਂ ਇਲਾਕਾ ਨਿਵਾਸੀ ਆਪ ਦੇ ਬਹੁਤ ਧੰਨਵਾਦੀ ਹੋਵਾਂਗੇ।
ਇਸ ਸਬੰਧ ‘ਚ ਅਸੀਂ ਪੰਦਰਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰ ਮੁਹਤਬਰ ਲੋਕਾਂ ਦੇ ਇਸ ਸਬੰਧੀ ਹਸਤਾਖਰ ਕਰਵਾ ਕੇ ਇਸ ਅਰਜ਼ੀ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਕੁਲਦੀਪ ਸਿੰਘ (ਸਰਪੰਚ),
ਗ੍ਰਾਮ ਪੰਚਾਇਤ ਬੁਲੰਦਪੁਰ।