ਦ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ
ਦਸਾਂ ਨਹੁੰਆਂ ਦੀ ਕਿਰਤ ਕਰਨਾ (ਹੱਕ ਦੀ ਕਮਾਈ ਕਰਨਾ) – ਦਸਾਂ ਨਹੁੰਆਂ ਦੀ ਕਿਰਤ ਕਰਨ ਵਿੱਚ ਬਹੁਤ ਬਰਕਤ ਹੈ।
ਦਮਗਜੇ ਮਾਰਨਾ (ਫੜ੍ਹਾਂ ਮਾਰਨਾ) — ਰਣਜੀਤ ਕਰਦਾ ਕਰਾਉਂਦਾ ਕੁੱਝ ਨਹੀਂ, ਪਰ ਦਮਗਜੇ ਬਹੁਤ ਮਾਰਦਾ ਹੈ ।
ਦੜ ਵੱਟਣਾ (ਦੁੱਖ ਜਾਂ ਔਕੜ ਨੂੰ ਸਬਰ ਕਰ ਕੇ ਸਹਿਣਾ, ਘੇਸ ਮਾਰਨਾ) – ਜਦੋਂ ਮੇਰਾ ਦੋਸਤ ਆਪਣੇ ਘਰ ਦੀ ਤੰਗੀ ਦਾ ਦੁੱਖ ਰੋ ਰਿਹਾ ਸੀ, ਤਾਂ ਮੈਂ ਕਿਹਾ, “ਦੜ ਵੱਟ, ਦਿਹਾੜੇ ਕੱਟ, ਭਲੇ ਦਿਨ ਆਵਣਗੇ ।”
ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋਣਾ (ਮੂਲ ਨਾਲੋਂ ਵਿਆਜ ਵੱਧ ਹੋਣਾ) – ਜਦੋਂ ਸ਼ਾਹੂਕਾਰ ਨੇ ਸੌ ਰੁਪਏ ਕਰਜ਼ੇ ਦਾ ਮੈਥੋਂ ਦੋ ਸਾਲ ਬਾਅਦ ਡੇਢ ਸੌ ਰੁਪਇਆ ਵਿਆਜ ਮੰਗਿਆ, ਤਾਂ ਮੈਂ ਕਿਹਾ, “ਇਹ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ।”
ਦਿਨਾਂ ਦਾ ਪ੍ਰਾਹੁਣਾ ਹੋਣਾ (ਮਰਨ ਕਿਨਾਰੇ ਹੋਣਾ) – ਬਿਮਾਰ ਬੁੱਢਾ ਬੱਸ ਦਿਨਾਂ ਦਾ ਪ੍ਰਾਹੁਣਾ ਹੈ।
ਦਾਲ ਵਿੱਚ ਕੁੱਝ ਕਾਲਾ ਹੋਣਾ (ਸ਼ੱਕ ਵਾਲੀ ਗੱਲ ਹੋਣੀ) —ਤੁਹਾਡੇ ਘਰ ਚੋਰੀ ਹੋਈ ਤੇ ਤੁਹਾਡਾ ਗੁਆਂਢੀ ਘਰੋਂ ਕਿਉਂ ਗ਼ਾਇਬ ਹੈ। ਮੈਨੂੰ ਤਾਂ ਦਾਲ ਵਿੱਚ ਕੁੱਝ ਕਾਲਾ ਲਗਦਾ ਹੈ। ਕਿਤੇ ਚੋਰੀ ਉਸ ਨੇ ਹੀ ਨਾ ਕੀਤੀ ਹੋਵੇ।
ਦਿਲ ਖੱਟਾ ਹੋਣਾ (ਕਿਸੇ ਗੱਲ ਤੋਂ ਨਫ਼ਰਤ ਹੋਣਾ) – ਜਦੋਂ ਦਾ ਉਹ ਮੇਰੇ ਅੱਗੇ ਬੋਲਿਆ ਹੈ, ਮੇਰਾ ਤਾਂ ਉਸ ਵਲੋਂ ਦਿਲ ਖੱਟਾ ਹੋ ਗਿਆ ਹੈ।
ਦੁੱਧ ਦਾ ਉਬਾਲ ਹੋਣਾ (ਥੋੜ੍ਹੇ ਚਿਰ ਦਾ ਜੋਸ਼ ਹੋਣਾ) – ਮਨਜੀਤ ਦਾ ਗੁੱਸਾ ਦੁੱਧ ਦਾ ਉਬਾਲ ਹੈ। ਉਸ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ।
ਦੁੱਧ ਵਿੱਚ ਮੇਂਗਣਾ ਪਾਉਣਾ (ਬੇਸੁਆਦੀ ਨਾਲ ਕੰਮ ਕਰਨਾ) – ਸਰਕਾਰ ਸਾਡੀਆਂ ਤਨਖ਼ਾਹਾਂ ਵਧਾਏਗੀ ਤਾਂ ਜ਼ਰੂਰ, ਪਰ ਦੁੱਧ ਵਿੱਚ ਮੇਂਗਣਾ ਪਾ ਕੇ।
ਦੋਹੀਂ ਹੱਥੀਂ ਤਾੜੀ ਵੱਜਣਾ (ਦੋਹਾਂ ਧਿਰਾਂ ਦਾ ਕਸੂਰ ਹੋਣਾ) — ਲੜਾਈ ਵਿੱਚ ਕਦੇ ਇਕ ਧਿਰ ਦਾ ਕਸੂਰ ਨਹੀਂ ਹੁੰਦਾ, ਸਗੋਂ ਦੋਹੀਂ ਹੱਥੀਂ ਤਾੜੀ ਵੱਜਦੀ ਹੈ।
ਦੋ ਬੇੜੀਆਂ ਵਿੱਚ ਲੱਤਾਂ ਹੋਣੀਆਂ (ਦੁਚਿੱਤੀ ਵਿੱਚ ਹੋਣਾ, ਦੋ ਪਾਸੇ ਹੋਣਾ) – ਜਦੋਂ ਦਾ ਮੇਰਾ ਭਰਾ ਬਿਮਾਰ ਪਿਆ ਹੈ, ਮੈਨੂੰ ਹੁਸ਼ਿਆਰਪੁਰ ਉਸ ਦੇ ਕਾਰੋਬਾਰ ਨੂੰ ਵੀ ਦੇਖਣਾ ਪੈਂਦਾ ਹੈ ਤੇ ਇਧਰ ਜਲੰਧਰ ਵਿੱਚ ਮੈਨੂੰ ਆਪਣੇ ਕੰਮ ਦਾ ਵੀ ਫ਼ਿਕਰ ਲੱਗਾ ਰਹਿੰਦਾ ਹੈ, ਮੇਰੀਆਂ ਤਾਂ ਅੱਜ-ਕਲ੍ਹ ਦੋ ਬੇੜੀਆਂ ਵਿੱਚ ਲੱਤਾਂ ਹਨ।
ਦੋਜ਼ਖ਼ ਦੀ ਅੱਗ ਵਿੱਚ ਸੜਨਾ (ਅੰਤਾਂ ਦਾ ਮਾਨਸਿਕ ਕਸ਼ਟ ਭੋਗਣਾ) – ਸੱਸ ਦੇ ਭੈੜੇ ਵਤੀਰੇ ਤੋਂ ਤੰਗ ਆਈ ਨੂੰਹ ਨੇ ਕਿਹਾ, ”ਮੈਂ ਤਾਂ ਇੱਥੇ ਦੋਜ਼ਖ਼ ਦੀ ਅੱਗ ਵਿੱਚ ਸੜ ਰਹੀ ਹਾਂ।”
ਦੰਦ ਵੱਜਣਾ, ਦੰਦੋੜਿਕਾ ਵੱਜਣਾ (ਠੰਢ ਨਾਲ ਕੰਬਣਾ)- ਦਸੰਬਰ -ਜਨਵਰੀ ਵਿੱਚ ਏਨੀ ਠੰਢ ਹੁੰਦੀ ਹੈ ਕਿ ਸਵੇਰੇ-ਸਵੇਰੇ ਸਭ ਦੇ ਦੰਦ ਵੱਜਦੇ ਹਨ।
ਦਾੜ੍ਹੀ ਬਿਗ਼ਾਨੇ ਹੱਥ ਦੇਣੀ (ਆਪਣੀ ਇੱਜ਼ਤ ਦੂਜੇ ਦੇ ਹੱਥ ਦੇਣੀ) – ਸਿਆਣੇ ਆਦਮੀ ਮੁਸ਼ਕਲ ਸਮੇਂ ਵੀ ਦਾੜ੍ਹੀ ਬਿਗਾਨੇ ਹੱਥ ਨਹੀਂ ਦਿੰਦੇ।
ਦੰਦ ਕੱਢਣੇ (ਹਿੜ-ਹਿੜ ਕਰਨਾ) – ਜਦੋਂ ਅਧਿਆਪਕ ਤੋਂ ਸੁਆਲ ਨਹੀਂ ਸੀ ਨਿਕਲ ਰਿਹਾ, ਤਾਂ ਸ਼ਰਾਰਤੀ ਬੱਚੇ ਦੰਦ ਕੱਢ ਰਹੇ ਸਨ।
ਦੰਦ ਪੀਹਣੇ (ਗੁੱਸੇ ਵਿੱਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿੱਚ ਦੰਦ ਪੀਹਣ ਲੱਗ ਪਿਆ।
ਦਿਨ ਰਾਤ ਇਕ ਕਰਨਾ (ਬਹੁਤ ਮਿਹਨਤ ਕਰਨੀ) ਵਿਦਿਆਰਥੀਆਂ ਨੂੰ ਦਿਨ ਰਾਤ ਇਕ ਕਰ ਕੇ ਮਿਹਨਤ ਕਰਨੀ ਚਾਹੀਦੀ ਹੈ।
ਦੰਦ ਖੱਟੇ ਕਰਨੇ (ਹਰਾ ਦੇਣਾ) — ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ ।