ਤੁਰਸਾਂ ਮੂਲ ਨਾ ਮੁੜਸਾਂ……….ਮਾਰੂ ਵਿੱਚ ਮਰਸਾਂ।
ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪੁਰ ਧਰਸਾਂ।
ਜਬ ਲਗ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ।
ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਇ ਮਿਲਾ ਪਗ ਪਰਸਾਂ।
ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿੱਚ ਮਰਸਾਂ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੇ ਕਿੱਸੇ ‘ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ-ਪੁੰਨੂੰ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿਚ ਸੱਸੀ, ਮਾਰੂਥਲਾਂ ਦੇ ਦੁੱਖਾਂ ਦਾ ਡਰ ਦੇ ਕੇ ਪੁੰਨੂੰ ਦਾ ਪਿੱਛਾ ਕਰਨ ਤੋਂ ਰੋਕ ਰਹੀ ਆਪਣੀ ਮਾਂ ਦੀ ਨਸੀਹਤ ਨੂੰ ਰੱਦ ਕਰਦੀ ਹੋਈ ਪੁੰਨੂੰ ਨੂੰ ਮਿਲਣ ਲਈ ਆਪਣੀ ਦ੍ਰਿੜ੍ਹਤਾ ਨੂੰ ਬਿਆਨ ਕਰਦੀ ਹੈ।
ਵਿਆਖਿਆ : ਸੱਸੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਪੁੰਨੂੰ ਨੂੰ ਮੁੜ ਪ੍ਰਾਪਤ ਕਰਨ ਲਈ ਰਸਤਾ ਭਾਵੇਂ ਕਿੰਨਾ ਭਿਆਨਕ ਹੈ, ਪਰ ਉਹ ਇਸ ਰਸਤੇ ਨੂੰ ਪਾਰ ਕਰ ਕੇ ਉਸ ਦਾ ਪਿੱਛਾ ਕਰਨ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹੱਟੇਗੀ। ਉਹ ਤਪਦੇ ਮਾਰੂਥਲਾਂ ਦੇ ਰਾਹ ਉੱਤੇ ਜਾਨ ਤਲੀ ਉੱਤੇ ਧਰ ਕੇ ਅੱਗੇ ਹੀ ਅੱਗੇ ਤੁਰਦੀ ਜਾਵੇਗੀ ਅਤੇ ਪਿੱਛੇ ਨਹੀਂ ਮੁੜੇਗੀ। ਜਿੰਨਾ ਚਿਰ ਉਸ ਵਿੱਚ ਕੋਈ ਸਾਹ ਬਾਕੀ ਹੈ, ਉਹ ਨਿਰਾਸ਼ ਨਹੀਂ ਹੋਵੇਗੀ ਤੇ ਆਪਣੀ ਮੰਜ਼ਲ ‘ਤੇ ਪਹੁੰਚਣ ਲਈ ਮੌਤ ਤੋਂ ਵੀ ਨਹੀਂ ਡਰੇਗੀ। ਜੇਕਰ ਰੱਬ ਉਸ ਦੀ ਕੋਈ ਸਹਾਇਤਾ ਕਰੇਗਾ, ਤਾਂ ਉਹ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਪੈਰਾਂ ਨੂੰ ਛੋਹੇਗੀ, ਨਹੀਂ ਤਾਂ ਉਹ ਆਪਣੇ ਪੰਧ ਉੱਤੇ ਤੁਰਦੀ ਹੋਈ ਆਪਣੇ ਪ੍ਰੀਤਮ ਪਿੱਛੇ ਮਾਰੂਥਲ ਵਿੱਚ ਜਾਨ ਦੇ ਕੇ ਸ਼ਹੀਦ ਹੋ ਜਾਵੇਗੀ।