‘ਢੋਲਾ’ ਦੀ ਪਰਿਭਾਸ਼ਾ
ਜਾਣ – ਪਛਾਣ : ਢੋਲਾ ਪੱਛਮੀ ਪੰਜਾਬ ਦਾ ਲੋਕ ਗੀਤ ਹੈ। ਇਹ ਸਾਂਦਲ ਬਾਰ, ਗੰਜੀ ਬਾਰ ਤੇ ਰਾਵੀ ਬਾਰ ਵਿਚ ਬਹੁਤ ਪ੍ਰਚਲਿਤ ਹੈ। ਢੋਲੇ ਲੋਕ ਕਵੀਆਂ ਦੁਆਰਾ ਰਚੇ ਹੁੰਦੇ ਹਨ, ਪਰ ਇਨ੍ਹਾਂ ਉੱਪਰ ਉਨ੍ਹਾਂ ਦਾ ਨਾਂ ਅੰਕਿਤ ਨਹੀਂ ਹੁੰਦਾ। ਬਾਰ ਦੇ ਲੋਕ ਇਨ੍ਹਾਂ ਨੂੰ ਸ਼ਾਇਰ ਕਹਿੰਦੇ ਹਨ।
ਇਨ੍ਹਾਂ ਵਿਚ ਸਮਕਾਲੀਨ ਮੱਧਕਾਲੀ ਸਮਾਜ ਦਾ ਚਿੱਤਰ ਹੁੰਦਾ ਹੈ। ਇਸ ਲੋਕ ਕਾਵਿ ਦੀ ਬਣਤਰ ਸਾਦੀ ਹੁੰਦੀ ਹੈ। ਪੋਠੋਹਾਰ, ਧਨੀ ਦੇ ਇਲਾਕੇ ਦੇ ਢੋਲੇ ਤਿੰਨ – ਤਿੰਨ ਸਤਰਾਂ ਦੇ ਹੁੰਦੇ ਹਨ, ਪਰ ਬਾਰ ਦੇ ਢੋਲੇ ਲੰਮੇਰੇ ਹੁੰਦੇ ਹਨ। ਇਸ ਨੂੰ ਪੁਰਾਤਨ ਖੁੱਲ੍ਹੀ ਕਵਿਤਾ ਦੀ ਵੰਨਗੀ ਕਿਹਾ ਜਾ ਸਕਦਾ ਹੈ। ਇਸ ਵਿੱਚ ਨਾ ਕਿਸੇ ਛੰਦ ਦੀ ਵਰਤੋਂ ਕੀਤੀ ਹੁੰਦੀ ਹੈ ਅਤੇ ਨਾ ਹੀ ਇਹ ਕਿਸੇ ਸਾਜ਼ ਨਾਲ ਗਾਇਆ ਜਾਂਦਾ ਹੈ, ਸਗੋਂ ਗਾਉਣ ਵਾਲਾ ਇਕ ਕੰਨ ਉੱਤੇ ਹੱਥ ਰੱਖ ਕੇ ਗਾਉਂਦਾ ਹੈ।
ਇਸ ਵਿੱਚ ਕਹਿਰਾਂ ਦਾ ਜਜ਼ਬਾ ਹੁੰਦਾ ਹੈ ਤੇ ਤੋਲ – ਤੁਕਾਂਤ ਨਾਲੋਂ ਸੰਗੀਤਕ ਲੈਅ ਦਾ ਵਧੇਰੇ ਖ਼ਿਆਲ ਰੱਖਿਆ ਜਾਂਦਾ ਹੈ। ਇਨ੍ਹਾਂ ਵਿੱਚ ਪ੍ਰੇਮੀਆਂ ਦੇ ਗਿਲੇ – ਸ਼ਿਕਵੇ, ਉਲਾਂਭੇ, ਨੂੰਹ – ਸੱਸ ਦੇ ਰਿਸ਼ਤੇ, ਪਸ਼ੂਆਂ ਤੇ ਪ੍ਰਕਿਰਤੀ, ਰਾਠਾਂ ਦੀਆਂ ਲੜਾਈਆਂ ਤੇ ਹੀਰ – ਰਾਂਝਾ, ਸੱਸੀ – ਪੁੰਨੂੰ ਆਦਿ ਪ੍ਰੇਮ ਕਹਾਣੀਆਂ ਦਾ ਉਲੇਖ ਹੁੰਦਾ ਹੈ। ਕਈ ਢੋਲਿਆਂ ਵਿਚ ਪੰਜਾਬ ਦੇ ਨਾਇਕ, ਨਾਇਕਾਵਾਂ ਤੇ ਘਟਨਾਵਾਂ ਦਾ ਕਲਾਤਮਕ ਵਰਣਨ ਹੁੰਦਾ ਹੈ। ਇਨ੍ਹਾਂ ਵਿਚ ਜਾਂਗਲੀਆਂ ਦਾ ਇਤਿਹਾਸ ਮੂੰਹੋਂ ਬੋਲਦਾ ਹੈ। ਕਈ ਢੋਲਿਆਂ ਵਿਚ ਸ਼ੂਫੀ ਰੰਗ ਵੀ ਹੁੰਦਾ ਹੈ।