CBSEclass 11 PunjabiEducationParagraphPunjab School Education Board(PSEB)

ਡਿਕਸ਼ਨਰੀ ਦੀ ਵਰਤੋਂ – ਪੈਰਾ ਰਚਨਾ

ਡਿਕਸ਼ਨਰੀ ਵਿਚ ਕਿਸੇ ਭਾਸ਼ਾ ਦੇ ਸ਼ਬਦਾਂ ਨੂੰ ਵਰਨਮਾਲਾ ਦੀ ਤਰਤੀਬ ਅਨੁਸਾਰ ਦੇ ਕੇ ਉਨ੍ਹਾਂ ਦੇ ਸਮਾਨਾਰਥੀ ਸ਼ਬਦ ਦਿੱਤੇ ਹੁੰਦੇ ਹਨ। ਇਸ ਤੋਂ ਬਿਨਾਂ ਸ਼ਬਦਾਂ ਦੇ ਉਚਾਰਨ ਦੀ ਕੁੰਜੀ, ਸ਼ਬਦਾਂ ਦੇ ਵਰਗਾਂ ਤੇ ਵਿਆਕਰਨਿਕ ਸ਼੍ਰੇਣੀਆਂ ਅਨੁਸਾਰ ਉਨ੍ਹਾਂ ਦਾ ਵੇਰਵਾ ਵੀ ਦਿੱਤਾ ਹੁੰਦਾ ਹੈ। ਵਿਦਿਆਰਥੀ ਜਦੋਂ ਕਿਸੇ ਦੂਸਰੇ ਇਲਾਕੇ ਦੀ ਭਾਸ਼ਾ ਜਾਂ ਵਿਦੇਸ਼ੀ ਬੋਲੀ ਨੂੰ ਸਿੱਖਦਾ ਅਤੇ ਪੜ੍ਹਦਾ ਹੈ, ਤਾਂ ਉਸ ਨੂੰ ਸ਼ਬਦਾਂ ਦੇ ਅਰਥ ਦੇਖਣ ਲਈ ਡਿਕਸ਼ਨਰੀ ਦੀ ਵਰਤੋਂ ਕਰਨੀ ਪੈਂਦੀ ਹੈ।

ਕੇਵਲ ਇਹ ਹੀ ਨਹੀਂ ਸਗੋਂ ਚੰਗੇ ਪੜ੍ਹਿਆਂ – ਲਿਖਿਆਂ ਤੇ ਅਧਿਆਪਕਾਂ ਨੂੰ ਵੀ ਆਮ ਕਰਕੇ ਡਿਕਸ਼ਨਰੀ ਦੀ ਵਰਤੋਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਸਾਡੇ ਦੇਸ਼ ਵਿੱਚ ਵਿਦਿਆਰਥੀਆਂ ਤੇ ਹੋਰਨਾਂ ਪੜ੍ਹਿਆਂ – ਲਿਖਿਆਂ ਨੂੰ ਬਹੁਤੀ ਅੰਗਰੇਜ਼ੀ ਭਾਸ਼ਾ ਦੀ ਡਿਕਸ਼ਨਰੀ ਦੀ ਵਰਤੋਂ ਕਰਨੀ ਪੈਂਦੀ ਹੈ, ਜੋ ਕਿ ਕਈ ਰੂਪਾਂ ਤੇ ਅਕਾਰਾਂ ਵਿੱਚ ਮਿਲਦੀਆਂ ਹਨ। ਕੁੱਝ ਡਿਕਸ਼ਨਰੀਆਂ ਵਿੱਚ ਅੰਗਰੇਜ਼ੀ ਸ਼ਬਦਾਂ ਦੇ ਅਰਥ ਪੰਜਾਬੀ, ਹਿੰਦੀ ਜਾਂ ਕਿਸੇ ਹੋਰ ਭਾਸ਼ਾ ਵਿੱਚੋਂ ਕਿਸੇ ਇਕ ਭਾਸ਼ਾ ਵਿੱਚ ਜਾਂ ਦੋ ਭਾਸ਼ਾਵਾਂ ਵਿੱਚ ਦਿੱਤੇ ਹੁੰਦੇ ਹਨ।

ਕੁੱਝ ਵਿੱਚ ਅੰਗਰੇਜ਼ੀ ਸ਼ਬਦਾਂ ਦੇ ਅਰਥ ਅੰਗਰੇਜ਼ੀ ਵਿੱਚ ਹੀ ਦਿੱਤੇ ਹੁੰਦੇ ਹਨ। ਵਿਦਿਆਰਥੀ, ਅਧਿਆਪਕ ਤੇ ਹੋਰ ਪੜ੍ਹੇ – ਲਿਖੇ ਆਪਣੀ – ਆਪਣੀ ਪੱਧਰ ਤੇ ਲੋੜ ਅਨੁਸਾਰ ਇਨ੍ਹਾਂ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਸਾਨੂੰ ਕਦੇ – ਕਦੇ ਹਿੰਦੀ ਜਾਂ ਉਰਦੂ ਦੀ ਡਿਕਸ਼ਨਰੀ ਦੀ ਵਰਤੋਂ ਵੀ ਕਰਨੀ ਪੈ ਜਾਂਦੀ ਹੈ। ਡਿਕਸ਼ਨਰੀ ਦੀ ਵਰਤੋਂ ਕਰਦਿਆਂ ਸਾਨੂੰ ਉਸ ਸ਼ਬਦ ਦੇ ਉਚਾਰਨ, ਸ਼ਬਦ – ਜੋੜਾਂ ਤੇ ਅਰਥਾਂ ਨੂੰ ਆਪਣੇ ਜਹਿਨ ਵਿਚ ਚੰਗੀ ਤਰ੍ਹਾਂ ਬਿਠਾ ਲੈਣਾ ਚਾਹੀਦਾ ਹੈ, ਜਿਸ ਲਈ ਉਸ ਦੀ ਵਰਤੋਂ ਕੀਤੀ ਗਈ ਹੈ। ਇਸ ਤਰ੍ਹਾਂ ਵਾਰ – ਵਾਰ ਇਕ ਸ਼ਬਦ ਲਈ ਡਿਕਸ਼ਨਰੀ ਖੋਲ੍ਹਣ ਦੀ ਜ਼ਰੂਰਤ ਨਹੀਂ ਪੈਂਦੀ।

ਡਿਕਸ਼ਨਰੀ ਵਿਚੋਂ ਕਿਸੇ ਸ਼ਬਦ ਦੇ ਦਿੱਤੇ ਬਹੁਤ ਸਾਰੇ ਸਮਾਨਾਰਥੀ ਸ਼ਬਦਾਂ ਵਿੱਚੋਂ ਉਸੇ ਸ਼ਬਦ ਦੀ ਚੋਣ ਹੀ ਕਰਨੀ ਚਾਹੀਦੀ ਹੈ ਜਿਸ ਦਾ ਅਰਥ ਸ਼ਬਦ ਦੇ ਪ੍ਰਸੰਗ ਅਨੁਸਾਰ ਠੀਕ ਹੋਵੇ। ਕਈ ਵਾਰੀ ਸਾਨੂੰ ਕਿਸੇ ਸ਼ਬਦ ਦਾ ਠੀਕ ਅਰਥ ਲੱਭਣ ਲਈ ਇਕ ਤੋਂ ਬਹੁਤੀਆਂ ਡਿਕਸ਼ਨਰੀਆਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਇਸ ਕਰਕੇ ਡਿਕਸ਼ਨਰੀ ਦੀ ਵਰਤੋਂ ਕਰਦੇ ਸਮੇਂ ਸਾਨੂੰ ਸ਼ਬਦ ਦੇ ਅਰਥ ਤੇ ਸ਼ਬਦ ਦੇ ਪ੍ਰਸੰਗ ਅਨੁਸਾਰ ਢੁੱਕਵੇਂਪਨ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਡਿਕਸ਼ਨਰੀ ਦੀ ਅਜਿਹੀ ਵਰਤੋਂ ਹੀ ਸਾਡੇ ਲਈ ਸਹੀ ਅਰਥਾਂ ਵਿਚ ਸਹਾਇਕ ਸਿੱਧ ਹੋ ਸਕਦੀ ਹੈ।