ਜੰਗ ਦਾ ਹਾਲ : ਪ੍ਰਸ਼ਨ ਉੱਤਰ
ਜੰਗ ਦਾ ਹਾਲ : ਵੱਡੇ ਉੱਤਰਾਂ ਵਾਲੇ ਪ੍ਰਸ਼ਨ (50-60 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)
ਪ੍ਰਸ਼ਨ 1. ‘ਸਾਹਿਤ ਮਾਲਾ : 10’ ਨਾਂ ਦੀ ਪਾਠ ਪੁਸਤਕ ਵਿੱਚ ‘ਜੰਗ ਦਾ ਹਾਲ’ ਸਿਰਲੇਖ ਹੇਠ ਦਰਜ ਰਚਨਾ ਵਿੱਚ ਸਿੰਘਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਲੜਾਈ ਦਾ ਜੋਂ ਹਾਲ ਬਿਆਨ ਕੀਤਾ ਗਿਆ ਹੈ ਉਸ ਨੂੰ 50-60 ਸ਼ਬਦਾਂ ਵਿੱਚ ਲਿਖੋ।
ਉੱਤਰ : ‘ਸਾਹਿਤ-ਮਾਲਾ : 10’ ਨਾਂ ਦੀ ਪਾਠ-ਪੁਸਤਕ ਵਿੱਚ ‘ਜੰਗ ਦਾ ਹਾਲ ‘ ਸਿਰਲੇਖ ਹੇਠ ਦਰਜ ਰਚਨਾ ਵਿੱਚ ਫੇਰੂ ਸ਼ਹਿਰ ਵਿਖੇ ਸਿੰਘਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਲੜਾਈ ਦਾ ਹਾਲ ਬਿਆਨ ਕੀਤਾ ਗਿਆ ਹੈ। ਇਸ ਲੜਾਈ ਵਿੱਚ ਸਿੰਘਾਂ ਨੇ ਅੰਗਰੇਜ਼ਾਂ ਦਾ ਭਾਰੀ ਜਾਨੀ ਨੁਕਸਾਨ ਕੀਤਾ। ਗਵਰਨਰ ਜਨਰਲ ਲਾਰਡ ਹਾਰਡਿੰਗ (ਟੁੰਡੇ ਲਾਟ) ਨੇ ਗੁੱਸੇ ਵਿੱਚ ਆ ਕੇ ਆਪਣੀਆਂ ਫ਼ੌਜਾਂ ਨੂੰ ਜ਼ੋਰ/ਬਹਾਦਰੀ ਨਾਲ ਮੁਕਾਬਲਾ ਕਰਨ ਦਾ ਹੁਕਮ ਦਿੱਤਾ। ਖ਼ਾਲਸਾ ਫ਼ੌਜ ਬਹਾਦਰੀ ਨਾਲ ਲੜੀ ਪਰ ਅੰਤ ਫ਼ਿਰੰਗੀਆਂ ਨੇ ਮੈਦਾਨ ਮੱਲ ਲਿਆ। ਕਵੀ ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ ਨੂੰ ‘ਹਿੰਦ ਪੰਜਾਬ ਦਾ ਜੰਗ’ ਆਖਦਾ ਕਹਿੰਦਾ ਹੈ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਹੁੰਦੇ ਤਾਂ ਉਹ ਸਿੰਘਾਂ ਵੱਲੋਂ ਦਿਖਾਈ ਬਹਾਦਰੀ ਦਾ ਮੁੱਲ ਪਾਉਂਦੇ। ਪਰ ਮਹਾਰਾਜੇ ਦੀ ਸੁਯੋਗ ਅਗਵਾਈ ਤੋਂ ਬਿਨਾਂ ਸਿੱਖ ਫ਼ੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ।
ਪ੍ਰਸ਼ਨ 2. ਹੇਠ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਦਸ਼ਾਹੀ ਫ਼ੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਉੱਤਰ : ਪ੍ਰਸੰਗ: ਇਹ ਕਾਵਿ-ਸਤਰਾਂ ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿੱਚੋਂ ਹਨ ਅਤੇ ‘ਸਾਹਿਤ ਮਾਲਾ : 10’ ਨਾਂ ਦੀ ਪਾਠ-ਪੁਸਤਕ ਵਿੱਚ ‘ਜੰਗ ਦਾ ਹਾਲ’ ਸਿਰਲੇਖ ਹੇਠ ਦਿੱਤੀਆਂ ਗਈਆਂ ਹਨ। ਆਪਣੇ ਜੰਗਨਾਮੇ ਵਿੱਚ ਸ਼ਾਹ ਮੁਹੰਮਦ ਨੇ ਸਿੰਘਾਂ (ਖ਼ਾਲਸਾ ਫ਼ੌਜ) ਅਤੇ ਫ਼ਿਰੰਗੀਆਂ (ਅੰਗਰੇਜ਼ਾਂ) ਦੀ ਲੜਾਈ ਨੂੰ ਬਿਆਨ ਕੀਤਾ ਹੈ। ਸਿੱਖ ਫ਼ੌਜਾਂ ਭਾਵੇਂ ਬਹਾਦਰੀ ਨਾਲ ਲੜੀਆਂ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਤੋਂ ਬਿਨਾਂ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਵਿਆਖਿਆ : ਹਿੰਦ ਤੇ ਪੰਜਾਬ ਭਾਵ ਅੰਗਰੇਜ਼ਾਂ ਅਤੇ ਸਿੰਘਾਂ ਦੀਆਂ ਫ਼ੌਜਾਂ ਵਿਚਕਾਰ ਯੁੱਧ ਹੋਣ ਲੱਗਾ। ਇਹਨਾਂ ਦੋਹਾਂ ਹੀ ਪਾਤਸ਼ਾਹੀਆਂ/ ਬਾਦਸ਼ਾਹਾਂ/ਰਾਜਾਂ ਦੀਆਂ ਫ਼ੌਜਾਂ ਬਹੁਤ ਭਾਰੀਆਂ ਸਨ। ਸਿੰਘਾਂ ਦੀ ਬਹਾਦਰੀ ਦੇ ਪ੍ਰਸੰਗ ਵਿੱਚ ਕਵੀ ਕਹਿੰਦਾ ਹੈ ਕਿ ਜੇਕਰ ਅੱਜ ਮਹਾਰਾਜਾ ਰਣਜੀਤ ਸਿੰਘ ਹੁੰਦੇ ਤਾਂ ਉਹ ਸਿੰਘਾਂ ਵੱਲੋਂ ਦਿਖਾਈ ਗਈ ਬਹਾਦਰੀ ਦਾ ਮੁੱਲ ਪਾਉਂਦੇ ਭਾਵ ਉਹਨਾਂ ਦੀ ਕਦਰ ਕਰਦੇ। ਲੜਾਈ ਏਨੀ ਭਿਆਨਕ ਸੀ ਕਿ ਗੋਲੇ ਵੱਜਣ ਕਾਰਨ ਘੋੜੇ ਤੇ ਆਦਮੀ ਉੱਡ ਰਹੇ ਸਨ ਅਤੇ ਹਾਥੀ ਹੌਦਿਆਂ ਸਮੇਤ ਢਹਿ/ਡਿਗ ਪੈਂਦੇ ਸਨ। ਸ਼ਾਹ ਮੁਹੰਮਦ ਆਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ ਭਾਵ ਉਹਨਾਂ ਦੀ ਸੁਯੋਗ ਅਗਵਾਈ ਤੋਂ ਬਿਨਾਂ ਸਿੱਖ ਫ਼ੌਜਾਂ ਜਿੱਤ ਕੇ ਵੀ ਅੰਤ ਹਾਰ ਗਈਆਂ।
ਪ੍ਰਸ਼ਨ 3. ‘ਜੰਗ ਦਾ ਹਾਲ’ ਨਾਂ ਦੀ ਰਚਨਾ ਦਾ ਕੇਂਦਰੀ ਭਾਵ ਲਿਖੋ।
ਉੱਤਰ : ‘ਜੰਗ ਦਾ ਹਾਲ’ ਨਾਂ ਦੀ ਰਚਨਾ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ: ਫੇਰੂ ਸ਼ਹਿਰ ਦੀ ਲੜਾਈ ਵਿੱਚ ਸਿੰਘ ਬਹਾਦਰੀ ਨਾਲ ਲੜੇ ਅਤੇ ਉਹਨਾਂ ਨੇ ਅੰਗਰੇਜ਼ਾਂ ਦੇ ਗੰਜ ਲਾਹ ਸੁੱਟੇ ਭਾਵ ਉਹਨਾਂ ਦਾ ਬਹੁਤ ਜਾਨੀ ਨੁਕਸਾਨ ਕੀਤਾ। ਅੰਗਰੇਜ਼ ਹਾਕਮਾਂ ਦੇ ਆਦੇਸ਼/ਹੁਕਮ ‘ਤੇ ਉਹਨਾਂ ਦੀਆਂ ਫ਼ੌਜਾਂ ਨੇ ਖ਼ਾਲਸਾ ਫ਼ੌਜ ’ਤੇ ਤੋਪਾਂ ਨਾਲ ਹਮਲਾ ਕਰ ਦਿੱਤਾ ਅਤੇ ਆਪਣੇ ਸਾਰੇ ਬਰੂਦਖ਼ਾਨੇ ਫੂਕ ਦਿੱਤੇ। ਸਿੰਘਾਂ ਨੂੰ ਭੱਜਣਾ ਪਿਆ ਅਤੇ ਅੰਗਰੇਜ਼ਾਂ ਨੇ ਮੈਦਾਨ ਮੱਲ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਸੁਯੋਗ ਅਗਵਾਈ ਤੋਂ ਬਿਨਾਂ ਸਿੱਖ ਫ਼ੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ।
ਪ੍ਰਸ਼ਨ 4. ਸ਼ਾਹ ਮੁਹੰਮਦ ਦੇ ਜੰਗਨਾਮੇ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ : ਸ਼ਾਹ ਮੁਹੰਮਦ ਦੀਆਂ ਦੋ ਰਚਨਾਵਾਂ ਮਿਲਦੀਆਂ ਹਨ – ‘ਕਿੱਸਾ ਸੱਸੀ ਪੁੰਨੂੰ’ ਅਤੇ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’। ਸ਼ਾਹ ਮੁਹੰਮਦ ਦੀ ਪ੍ਰਸਿੱਧੀ ਜੰਗਨਾਮੇ ਕਾਰਨ ਹੀ ਹੋਈ। ਇਸ ਰਚਨਾ ਵਿੱਚ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਹਾਲ ਬਿਆਨ ਕੀਤਾ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸੁਯੋਗ ਅਗਵਾਈ ਤੋਂ ਬਿਨਾਂ ਸਿੱਖ ਫ਼ੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ। ਭੱਜ ਸ਼ਾਹ ਮੁਹੰਮਦ ਸਿੰਘਾਂ ਦੀ ਹਾਰ ਦਾ ਵਰਨਣ ਕਰਦਿਆਂ ਵੀ ਉਹਨਾਂ ਦੀ ਬਹਾਦਰੀ ਨੂੰ ਬਹੁਤ ਭਾਵਪੂਰਤ ਢੰਗ ਨਾਲ ਬਿਆਨ ਕਰਦਾ ਹੈ। ਸ਼ਾਹ ਮੁਹੰਮਦ ਨੇ ਇਤਿਹਾਸਿਕ ਤੱਥਾਂ ਨੂੰ ਸੰਖੇਪ ਵਿੱਚ ਬਿਆਨ ਕੀਤਾ ਹੈ। ਇਸ ਜੰਗਨਾਮੇ ਵਿੱਚ ਕਵੀ ਦਾ ਪੰਜਾਬ ਲਈ ਦਰਦ ਪ੍ਰਗਟ ਹੋਇਆ ਹੈ। ਸ਼ਾਹ ਮੁਹੰਮਦ ਦੀ ਇਹ ਰਚਨਾ ਉਸ ਦੀ ਸ਼ਾਹਕਾਰ ਰਚਨਾ ਹੈ। ਇਸ ਦੀ ਭਾਸ਼ਾ ਪ੍ਰਭਾਵਸ਼ਾਲੀ ਅਤੇ ਮੁਹਾਵਰੇਦਾਰ ਹੈ। ਬੈਂਤ ਛੰਦ ਵਿੱਚ ਰਚੀ ਗਈ ਇਹ ਰਚਨਾ ਸਾਹਿਤਿਕ ਪੱਖੋਂ ਸਫਲ ਹੈ।
ਪ੍ਰਸ਼ਨ 5. ਸ਼ਾਹ ਮੁਹੰਮਦ ਦੇ ਜੀਵਨ ਅਤੇ ਰਚਨਾ ਨਾਲ ਸੰਖੇਪ ਜਾਣ-ਪਛਾਣ ਕਰਾਓ।
ਉੱਤਰ : ਸ਼ਾਹ ਮੁਹੰਮਦ ਦਾ ਜਨਮ 1782 ਈ. ਵਿੱਚ ਪਿੰਡ ਵਡਾਲਾ ਵੀਰਮ (ਸ੍ਰੀ ਅੰਮ੍ਰਿਤਸਰ) ਵਿਖੇ ਹੋਇਆ। ਉਹ ਜਾਤ ਦਾ ਕੁਰੈਸ਼ੀ ਸੀ। ਆਪ ਦੀਆਂ ਦੋ ਰਚਨਾਵਾਂ ਕਿੱਸਾ ਸੱਸੀ ਪੁੰਨੂੰ ਅਤੇ ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਮਿਲਦੀਆਂ ਹਨ। ਪਰ ਸ਼ਾਹ ਮੁਹੰਮਦ ਦੀ ਪ੍ਰਸਿੱਧੀ ਉਸ ਦੇ ਜੰਗਨਾਮੇ ਕਾਰਨ ਹੋਈ। ਪੰਜਾਬੀ ਜੰਗਨਾਮੇ ਦੀ ਪਰੰਪਰਾ ਵਿੱਚ ਇਹ ਰਚਨਾ ਸਰਵੋਤਮ ਸਥਾਨ ਰੱਖਦੀ ਹੈ। ਇਸ ਰਚਨਾ ਵਿੱਚ ਸ਼ਾਹ ਮੁਹੰਮਦ ਨੇ ਸਿੰਘਾਂ ਅਤੇ ਅੰਗਰੇਜ਼ਾਂ ਦੀ ਲੜਾਈ ਦਾ ਬਿਆਨ ਇੱਕ ਦੇਸ-ਭਗਤ ਕਵੀ ਦੇ ਤੌਰ ‘ਤੇ ਕੀਤਾ ਹੈ। ਸ਼ਾਹ ਮੁਹੰਮਦ ਨੂੰ ਇਸ ਗੱਲ ਦਾ ਦੁੱਖ ਹੈ ਕਿ ਸਿੱਖ ਫ਼ੌਜਾਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਤੋਂ ਬਿਨਾਂ ਹਾਰ ਗਈਆਂ। ਇਸ ਜੰਗਨਾਮੇ ਵਿੱਚ ਸ਼ਾਹ ਮੁਹੰਮਦ ਦਾ ਪੰਜਾਬ ਲਈ ਦਰਦ ਪ੍ਰਗਟ ਹੋਇਆ ਹੈ। ਇਹ ਰਚਨਾ ਬੈਂਤ ਛੰਦ ਵਿੱਚ ਹੈ। 1862 ਈ. ਵਿੱਚ ਸ਼ਾਹ ਮੁਹੰਮਦ ਦਾ ਦਿਹਾਂਤ ਹੋ ਗਿਆ।
ਪ੍ਰਸ਼ਨ 6. ‘ਜੰਗ ਦਾ ਹਾਲ’ ਨਾਂ ਦੀ ਕਵਿਤਾ ਵਿੱਚ ਸ਼ਾਹ ਮੁਹੰਮਦ ਨੇ ਸਿੰਘਾਂ ਦੀ ਬਹਾਦਰੀ ਦਾ ਜੋ ਵਰਨਣ ਕੀਤਾ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਜੰਗ ਦਾ ਹਾਲ’ ਨਾਂ ਦੀ ਕਵਿਤਾ ਵਿੱਚ ਸ਼ਾਹ ਮੁਹੰਮਦ ਨੇ ਕਾਵਿ-ਨਿਆਂ ਨੂੰ ਅਪਣਾਉਂਦਿਆਂ ਸਿੰਘਾਂ ਤੇ ਅੰਗਰੇਜ਼ਾਂ ਦੀ ਬਹਾਦਰੀ ਦਾ ਨਿਰਪੱਖ ਵਰਨਣ ਕੀਤਾ ਹੈ। ਕਵੀ ਦੱਸਦਾ ਹੈ ਕਿ ਸਿੰਘ ਫੇਰੂ ਸ਼ਹਿਰ ਦੀ ਲੜਾਈ ਲਈ ਮੈਦਾਨ ਵਿੱਚ ਆ ਗਏ। ਉਹਨਾਂ ਨੇ ਅਜਿਹੀ ਬਹਾਦਰੀ ਦਿਖਾਈ ਕਿ ਅੰਗਰੇਜ਼ਾਂ ਦੇ ਗੰਜ ਲਾਹ ਸੁੱਟੇ। ਅੰਗਰੇਜ਼ ਫ਼ੌਜਾਂ ਦਾ ਏਨਾ ਜਾਨੀ ਨੁਕਸਾਨ ਹੋਇਆ ਕਿ ਲੰਡਨ ਦੀਆਂ ਔਰਤਾਂ ਰੰਡੀਆਂ ਹੋਈ ਬੈਠੀਆਂ ਸਨ। ਸ਼ਾਹ ਮੁਹੰਮਦ ਨੇ ਸਿੰਘਾਂ ਦੀ ਬਹਾਦਰੀ ਦਾ ਹਾਲ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ।
ਪ੍ਰਸ਼ਨ 7. ‘ਜੰਗ ਦਾ ਹਾਲ’ ਨਾਂ ਦੀ ਕਵਿਤਾ ਵਿੱਚ ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਦੀ ਬਹਾਦਰੀ ਦਾ ਜੋ ਵਰਨਣ ਕੀਤਾ ਹੈ, ਉਸ ਨੂੰ 50-60 ਸ਼ਬਦਾਂ ਵਿੱਚ ਲਿਖੋ।
ਉੱਤਰ : ‘ਜੰਗ ਦਾ ਹਾਲ’ ਨਾਂ ਦੀ ਕਵਿਤਾ ਵਿੱਚ ਸ਼ਾਹ ਮੁਹੰਮਦ ਨੇ ਕਾਵਿ-ਨਿਆਂ ਨੂੰ ਅਪਣਾਉਂਦਿਆਂ ਅੰਗਰੇਜ਼ਾਂ ਦੀ ਬਹਾਦਰੀ ਦਾ ਨਿਰਪੱਖ ਵਰਨਣ ਕੀਤਾ ਹੈ। ਅੰਗਰੇਜ਼ ਫ਼ੌਜਾਂ ਦਾ ਬਹੁਤ ਜ਼ਿਆਦਾ ਜਾਨੀ ਨੁਕਸਾਨ ਦੇਖ ਕੇ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ (ਟੁੰਡੇ ਲਾਟ) ਨੇ ਗੁੱਸੇ ਵਿੱਚ ਆ ਕੇ ਅੰਗਰੇਜ਼ ਫ਼ੌਜਾਂ ਨੂੰ ਬਹਾਦਰੀ ਨਾਲ ਲੜਨ ਦਾ ਹੁਕਮ ਦਿੱਤਾ। ਜਦ ਉਹਨਾਂ ਤੋਪਾਂ ਨਾਲ ਹਮਲਾ ਕੀਤਾ ਤਾਂ ਸਿੰਘ ਮੈਦਾਨ ਛੱਡ ਗਏ ਅਤੇ ਅੰਗਰੇਜ਼ਾਂ ਨੇ ਇਸ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ।
ਪ੍ਰਸ਼ਨ 8. ‘ਜੰਗ ਦਾ ਹਾਲ’ ਕਵਿਤਾ ਵਿੱਚ ਫੇਰੂ ਸ਼ਹਿਰ ਦੀ ਲੜਾਈ ਵਿੱਚ ਹੋਈ ਸਿੰਘਾਂ ਦੀ ਹਾਰ ਦੇ ਪ੍ਰਸੰਗ ਵਿੱਚ ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਯਾਦ ਕਰਦਾ ਹੈ? 50-60 ਸ਼ਬਦਾਂ ਵਿੱਚ ਉੱਤਰ ਦਿਓ।
ਉੱਤਰ : ਹਿੰਦ ਅਤੇ ਪੰਜਾਬ (ਅੰਗਰੇਜ਼ਾਂ ਅਤੇ ਸਿੰਘਾਂ) ਦੀ ਲੜਾਈ ਦਾ ਜ਼ਿਕਰ ਕਰਦਾ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਅੰਗਰੇਜ਼ਾਂ ਤੇ ਸਿੰਘਾਂ ਦਾ ਜੰਗ ਹੋਣ ਲੱਗਾ। ਦੋਹਾਂ ਹੀ ਪਾਸਿਆਂ ਦੀਆਂ ਫ਼ੌਜਾਂ ਬਹਾਦਰ ਸਨ। ਪਰ ਸਿੱਖ ਫ਼ੌਜਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਤੋਂ ਬਿਨਾਂ ਅੰਤ ਹਾਰ ਦਾ ਮੂੰਹ ਦੇਖਣਾ ਪਿਆ। ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਾ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਜੇਕਰ ਅੱਜ ਮਹਾਰਾਜਾ ਰਣਜੀਤ ਸਿੰਘ ਜਿਊਂਦੇ ਹੁੰਦੇ ਤਾਂ ਉਹ ਸਿੰਘਾਂ ਦੁਆਰਾ ਦਿਖਾਈ ਬਹਾਦਰੀ ਦਾ ਮੁੱਲ ਪਾਉਂਦੇ ਭਾਵ ਉਹਨਾਂ ਦੀ ਕਦਰ ਕਰਦੇ। ਇਸ ਤਰ੍ਹਾਂ ਸ਼ਾਹ ਮੁਹੰਮਦ ਸਿੰਘਾਂ ਦੀ ਹਾਰ ‘ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
ਪ੍ਰਸ਼ਨ 9. ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ/ਅੰਗਰੇਜ਼ ਹਾਕਮਾਂ ਨੇ ਅੰਗਰੇਜ਼ ਫ਼ੌਜਾਂ ਨੂੰ ਬਹਾਦਰੀ ਨਾਲ ਲੜਨ ਦਾ ਜੋ ਹੁਕਮ ਦਿੱਤਾ ਉਸ ਦਾ ਕੀ ਅਸਰ ਹੋਇਆ?
ਉੱਤਰ : ਫੇਰੂ ਸ਼ਹਿਰ ਦੀ ਲੜਾਈ ਵਿੱਚ ਸਿੰਘਾਂ ਵੱਲੋਂ ਦਿਖਾਈ ਬਹਾਦਰੀ ਅਤੇ ਗੋਰਿਆਂ ਦੇ ਗੰਜ ਲਾਹ ਸੁੱਟਣ ਕਾਰਨ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ/ਅੰਗਰੇਜ਼ ਹਾਕਮਾਂ ਨੇ ਆਪਣੀਆਂ ਫ਼ੌਜਾਂ ਨੂੰ ਤੁਰੰਤ ਬਹਾਦਰੀ ਨਾਲ ਲੜਨ ਦਾ ਹੁਕਮ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ ਅੰਗਰੇਜ਼ ਫ਼ੌਜਾਂ ਨੇ ਤੋਪਾਂ ਨਾਲ ਸਿੰਘਾਂ ‘ਤੇ ਹੱਲਾ ਬੋਲ ਦਿੱਤਾ। ਸਿੰਘ ਮੈਦਾਨ ਛੱਡ ਕੇ ਭੱਜ ਗਏ। ਅੰਤ ਅੰਗਰੇਜ਼ਾਂ ਨੇ ਮੈਦਾਨ ਜਿੱਤ ਲਿਆ।
ਪ੍ਰਸ਼ਨ 10. ‘ਜੰਗ ਦਾ ਹਾਲ’ ਨਾਂ ਦੀ ਰਚਨਾ/ਕਵਿਤਾ ਨੂੰ ਕਲਾ ਦੀ ਦ੍ਰਿਸ਼ਟੀ ਤੋਂ ਪਰਖੋ।
ਉੱਤਰ : ‘ਜੰਗ ਦਾ ਹਾਲ’ ਕਵਿਤਾ ਤਿੰਨ ਬੰਦਾਂ ਵਿੱਚ ਹੈ। ਇਹਨਾਂ ਤਿੰਨ ਬੰਦਾਂ ਵਿੱਚ ਸ਼ਾਹ ਮੁਹੰਮਦ ਨੇ ਸਿੰਘਾਂ ਅਤੇ ਅੰਗਰੇਜ਼ਾਂ ਦੀ ਬਹਾਦਰੀ ਦਾ ਨਿਰਪੱਖ ਵਰਨਣ ਕੀਤਾ ਹੈ। ਕਵੀ ਦਾ ਬਿਆਨ ਬਹੁਤ ਪ੍ਰਭਾਵਸ਼ਾਲੀ ਹੈ। ਕਵੀ ਰਣ-ਭੂਮੀ ਦਾ ਸਜੀਵ ਚਿੱਤਰ ਪੇਸ਼ ਕਰਨ ਵਿੱਚ ਸਫਲ ਹੈ। ਸ਼ਾਹ ਮੁਹੰਮਦ ਨੇ ਸਿੰਘਾਂ ਵੱਲੋਂ ਮੋਰਚਾ ਸੰਭਾਲਣ, ਤੋਪਾਂ ਦੇ ਤੋੜਿਆਂ ਵਾਂਗ ਚੱਲਣ, ਗੋਰਿਆਂ ਦੇ ਗੰਜ ਲਾਹੇ ਜਾਣ, ਸਿੰਘਾਂ ਦੇ ਪੱਤਰਾ ਵਾਚ ਜਾਣ ਅਤੇ ਅੰਤ ਅੰਗਰੇਜ਼ਾਂ ਵੱਲੋਂ ਮੈਦਾਨ ਜਿੱਤ ਲੈਣ ਦਾ ਵਰਨਣ ਬੜੇ ਸਫਲ ਢੰਗ ਨਾਲ ਕੀਤਾ ਹੈ। ਕਵੀ ਨੇ ਅਲੱਗ-ਅਲੱਗ ਬੰਦਾਂ ਵਿੱਚ ਅਲੱਗ-ਅਲੱਗ ਕਾਫ਼ੀਏ (ਤੁਕਾਂਤ) ਅਤੇ ਅਲੱਗ-ਅਲੱਗ ਰਦੀਫ਼ ਦੀ ਵਰਤੋਂ ਕੀਤੀ ਹੈ। ਰਦੀਫ਼ ਉਹ ਸ਼ਬਦ ਹੁੰਦਾ ਹੈ ਜੋ ਤੁਕਾਂਤ ਵਾਲੇ ਸ਼ਬਦਾਂ ਤੋਂ ਬਾਅਦ ਦੁਹਰਾਇਆ ਜਾਂਦਾ ਹੈ। ‘ਜੰਗ ਦਾ ਹਾਲ’ ਕਵਿਤਾ ਬੈਂਤ ਛੰਦ ਵਿੱਚ ਹੈ ਜੋ ਪੰਜਾਬੀਆਂ ਦਾ ਹਰਮਨ-ਪਿਆਰਾ ਛੰਦ ਹੈ। ਕਲਾ ਦੇ ਪੱਖੋਂ ਇਹ ਕਵਿਤਾ ਸਫਲ ਹੈ।