50-60 ਸ਼ਬਦਾਂ ਵਾਲੇ ਪ੍ਰਸ਼ਨ ਉੱਤਰ
ਪ੍ਰਸ਼ਨ 1. ‘ਜਨਮ ਦਿਨ’ ਕਹਾਣੀ ਵਿੱਚ ਇੱਕ ਸਧਾਰਨ ਆਦਮੀ ਦੇ ਕਿਹੜੇ ਸੁਪਨੇ ਨੂੰ ਉਕੇਰਿਆ ਗਿਆ ਹੈ?
ਉੱਤਰ : ਅੱਜ ਦੇ ਸਮੇਂ ਵਿੱਚ ਹਰ ਆਦਮੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਅਤੇ ਵਧੀਆ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਹੈ। ਇਸ ਕਹਾਣੀ ਦਾ ਮੁੱਖ ਪਾਤਰ ਜੁਗਲ ਪ੍ਰਸ਼ਾਦ ਵੀ ਆਪਣੇ ਇਸ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ। ਉਹ ਆਪਣੀ ਥੋੜ੍ਹੀ ਜਿਹੀ ਤਨਖ਼ਾਹ ਵਿੱਚ ਆਪਣੇ ਪੰਜ ਬੱਚਿਆਂ ਵਾਲ਼ੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਸ ਦਾ ਸੁਪਨਾ ਹੈ ਕਿ ਉਸ ਦਾ ਛੋਟਾ ਮੁੰਡਾ ਜੋਤੀ ਜੋ ਇੱਕ ਹੋਣਹਾਰ ਅਤੇ ਲਾਇਕ ਬੱਚਾ ਹੈ, ਇੱਕ ਅੰਗਰੇਜ਼ੀ ਸਕੂਲ ਵਿੱਚ ਪੜ੍ਹ ਕੇ ਇੱਕ ਵੱਡਾ ਅਫ਼ਸਰ ਬਣੇ ਅਤੇ ਦੇਸ਼ ਦੀ ਸੇਵਾ ਕਰੇ। ਇਸ ਲਈ ਉਹ ਬੜੀ ਮੁਸ਼ਕਲ ਨਾਲ ਆਪਣੇ ਯਾਰਾਂ-ਦੋਸਤਾਂ ਕੋਲੋਂ ਉਧਾਰ ਪੈਸੇ ਲੈ ਕੇ ਆਪਣੇ ਛੋਟੇ ਮੁੰਡੇ ਜੋਤੀ ਦਾ ਦਾਖ਼ਲਾ ਅੰਗਰੇਜ਼ੀ ਸਕੂਲ ਵਿੱਚ ਕਰਵਾਉਂਦਾ ਹੈ। ਉਸ ਦੀ ਆਪਣੇ ਮੁੰਡੇ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਉਣ ਦੀ ਸੋਚ ਇੱਕ ਮੱਧਮ ਵਰਗ ਦੇ ਪਰਿਵਾਰ ਦੀ ਸੋਚ ਨੂੰ ਬਿਆਨ ਕਰਦੀ ਹੈ।
ਪ੍ਰਸ਼ਨ 2. ਜੁਗਲ ਪ੍ਰਸ਼ਾਦ ਦੀ ਅੰਗਰੇਜ਼ੀ ਸਕੂਲਾਂ ਬਾਰੇ ਕੀ ਸੋਚ ਹੈ?
ਉੱਤਰ : ਜੁਗਲ ਪ੍ਰਸ਼ਾਦ ਦੀ ਸੋਚ ਹੈ ਕਿ ਅੰਗਰੇਜ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਨਵੀਆਂ-ਨਵੀਂਆਂ ਤਰਕੀਬਾਂ ਅਤੇ ਢੰਗਾਂ ਨਾਲ ਪੜ੍ਹਾਇਆ ਜਾਂਦਾ ਹੈ। ਇਹਨਾਂ ਸਕੂਲਾਂ ਵਿੱਚ ਬੱਚਿਆਂ ਦੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਵਿਕਸਿਤ ਕੀਤਾ ਜਾਂਦਾ ਹੈ। ਇਹਨਾਂ ਸਕੂਲਾਂ ਵਿੱਚ ਪੜ੍ਹਦੇ ਬੱਚੇ ਚੰਗੇ ਕੱਪੜੇ ਪਾਈ, ਊਚ-ਨੀਚ ਤੋਂ ਬੇ-ਲਾਗ ਨਿੱਖਰੇ ਹੋਏ ਹੁੰਦੇ ਹਨ। ਇਹਨਾਂ ਸਕੂਲਾਂ ਵਿੱਚ ਬੱਚੇ ਉਤਸ਼ਾਹ ਨਾਲ ਭਰਪੂਰ ਅਤੇ ਆਪਣੇ ਆਪ ‘ਤੇ ਪੂਰਾ ਭਰੋਸਾ ਕਰਨ ਵਾਲੇ ਹੁੰਦੇ ਹਨ। ਇਹੋ ਜਿਹੀਆਂ ਕੁਝ ਗੱਲਾਂ ਸਨ, ਜਿਨ੍ਹਾਂ ਕਾਰਨ ਜੁਗਲ ਪ੍ਰਸ਼ਾਦ ਆਪਣੇ ਮੁੰਡੇ ਜੋਤੀ ਦਾ ਦਾਖ਼ਲਾ ਅੰਗਰੇਜ਼ੀ ਸਕੂਲ ਵਿੱਚ ਕਰਵਾਉਣਾ ਚਾਹੁੰਦਾ ਸੀ।
ਪ੍ਰਸ਼ਨ 3. ਪ੍ਰਿੰਸੀਪਲ ਦੀ ਚਿੱਠੀ ਪੜ੍ਹ ਕੇ ਦੋਵੇਂ ਪਤੀ-ਪਤਨੀ ਖ਼ੁਸ਼ ਕਿਉਂ ਹੁੰਦੇ ਹਨ ਅਤੇ ਨਾਲ ਹੀ ਜੁਗਲ ਪ੍ਰਸ਼ਾਦ ਦੀ ਪਤਨੀ ‘ਤੇ ਕੀ ਅਸਰ ਹੁੰਦਾ ਹੈ?
ਉੱਤਰ : ਪ੍ਰਿੰਸੀਪਲ ਆਪਣੀ ਚਿੱਠੀ ਰਾਹੀਂ ਸੁਨੇਹਾ ਭੇਜਦੀ ਹੈ ਕਿ ਰਾਜ ਦੇ ਇੱਕ ਮੰਤਰੀ ਦੇ ਜਨਮ ਦਿਨ ਦੇ ਸਮਾਗਮ ‘ਤੇ ਜਾਣ ਲਈ ਜੋਤੀ ਦਾ ਨਾਂ ਦਿੱਤਾ ਗਿਆ ਹੈ। ਸਮਾਗਮ ਵਿੱਚ ਜੋਤੀ ਮੰਤਰੀ ਜੀ ਨੂੰ ਹਾਰ ਪਹਿਨਾਵੇਗਾ। ਇਹ ਖ਼ਬਰ ਪੜ੍ਹ ਕੇ ਦੋਵੇਂ ਪਤੀ-ਪਤਨੀ ਬਹੁਤ ਖ਼ੁਸ਼ ਹੁੰਦੇ ਹਨ। ਪਰ ਚਿੱਠੀ ਵਿੱਚ ਜੋਤੀ ਨੂੰ ਨਵੀਂ ਚਿੱਟੀ ਕਮੀਜ਼, ਨਿੱਕਰ, ਬੂਟ, ਜੁਰਾਬਾਂ ਅਤੇ ਇੱਕ ਹਾਰ ਲਿਆਉਣ ਵਾਸਤੇ ਵੀ ਕਿਹਾ ਜਾਂਦਾ ਹੈ। ਇਹ ਖ਼ਬਰ ਸੁਣ ਕੇ ਜੁਗਲ ਪ੍ਰਸ਼ਾਦ ਦੀ ਪਤਨੀ ਦੇਵਕੀ ਦੀ ਖ਼ੁਸ਼ੀ ਕਾਫੂਰ ਹੋ ਜਾਂਦੀ ਹੈ। ਕਿਉਂਕਿ ਉਹ ਸੋਚਦੀ ਹੈ ਕਿ ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਆਉਣਗੇ? ਉਹਨਾਂ ਦੇ ਕੋਲ ਤਾਂ ਇਹਨਾਂ ਚੀਜ਼ਾਂ ਨੂੰ ਖ਼ਰੀਦਣ ਵਾਸਤੇ ਲੋੜੀਂਦੇ ਪੈਸੇ ਨਹੀਂ ਸਨ।
ਪ੍ਰਸ਼ਨ 4. ਜੋਤੀ ਨੂੰ ਜਨਮ ਦਿਨ ਦੇ ਸਮਾਗਮ ਵਿੱਚ ਭੇਜਣ ਵਾਸਤੇ ਲੋੜੀਂਦੇ ਖ਼ਰਚੇ ਨੂੰ ਪੂਰਾ ਕਰਨ ਲਈ ਜੁਗਲ ਪ੍ਰਸ਼ਾਦ ਅਤੇ ਦੇਵਕੀ ਕਿਹੜੇ ਯਤਨ ਕਰਦੇ ਹਨ?
ਉੱਤਰ : ਜੁਗਲ ਪ੍ਰਸ਼ਾਦ ਦੀ ਘੱਟ ਤਨਖ਼ਾਹ ਵਿੱਚੋਂ ਉਸ ਦੀ ਪਤਨੀ ਦੇਵਕੀ ਬੜੀ ਮੁਸ਼ਕਲ ਨਾਲ ਘਰ ਦਾ ਖ਼ਰਚਾ ਚਲਾਉਂਦੀ ਹੈ। ਮਹੀਨੇ ਦੇ ਆਖਰੀ ਦਿਨ ਹੋਣ ਕਰਕੇ ਘਰ ਵਿੱਚ ਕੋਈ ਵੀ ਪੈਸਾ ਨਹੀਂ ਹੈ ਤੇ ਉੱਪਰੋਂ ਜੋਤੀ ਦੀ ਵਰਦੀ ਦਾ ਖ਼ਰਚਾ ਆ ਪੈਂਦਾ ਹੈ। ਇਸ ਨੂੰ ਪੂਰਾ ਕਰਨ ਵਾਸਤੇ ਦੇਵਕੀ ਬੱਚਿਆਂ ਦੀਆਂ ਬੁਗਨੀਆਂ ਨੂੰ ਤੋੜ ਕੇ ਵਿੱਚੋਂ ਪੈਸੇ ਕੱਢਦੀ ਹੈ, ਪਰ ਉਹ ਸਵਾ ਕੁ ਰੁਪਏ ਹੁੰਦੇ ਹਨ। ਪੈਸੇ ਪੂਰੇ ਨਾ ਪੈਂਦੇ ਵੇਖ ਕੇ ਜੁਗਲ ਪ੍ਰਸ਼ਾਦ ਆਪਣੇ ਮਿੱਤਰਾਂ ਕੋਲੋਂ ਮਿੰਨਤਾ ਤਰਲੇ ਕਰ ਕੇ ਤਿੰਨ ਰੁਪਏ ਉਧਾਰ ਲੈ ਆਉਂਦਾ ਹੈ। ਦੇਵਕੀ ਇੱਕ ਪੁਰਾਣੀ ਫਟੀ ਹੋਈ ਚਾਦਰ ਵਿੱਚੋਂ ਜੋਤੀ ਦੀ ਕਮੀਜ਼ ਗੁਆਂਢਣ ਕੋਲੋਂ ਮਸ਼ੀਨ ਲੈ ਕੇ ਸਿਉਂ ਲੈਂਦੀ ਹੈ ਅਤੇ ਜੁਗਲ ਪ੍ਰਸ਼ਾਦ ਪੈਸਿਆਂ ਵਿੱਚੋਂ ਜੋਤੀ ਲਈ ਨਿੱਕਰ, ਬੂਟ, ਜੁਰਾਬਾਂ ਅਤੇ ਹਾਰ ਦਾ ਇੰਤਜ਼ਾਮ ਕਰ ਦਿੰਦਾ ਹੈ।
ਪ੍ਰਸ਼ਨ 5. ਜੋਤੀ ਨੂੰ ਸਮਾਗਮ ਵਿੱਚ ਨਾ ਭੇਜੇ ਜਾਣ ਦੀ ਖ਼ਬਰ ਸੁਣ ਕੇ ਜੁਗਲ ਪ੍ਰਸ਼ਾਦ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ ਅਤੇ ਉਹ ਗੁੱਸੇ ਵਿੱਚ ਭਰ ਕੇ ਕੀ ਆਖਦਾ ਹੈ?
ਉੱਤਰ : ਜਦੋਂ ਜੋਤੀ ਦੀ ਜਗ੍ਹਾ ‘ਤੇ ਸੇਠ ਲਖਪਤ ਰਾਏ ਦੇ ਮੁੰਡੇ ਦਾ ਨਾਂ ਬਦਲਵਾ ਲਿਆ ਜਾਂਦਾ ਹੈ, ਤਾਂ ਇਹ ਖ਼ਬਰ ਸੁਣ ਕੇ ਜੁਗਲ ਪ੍ਰਸ਼ਾਦ ਜਿਵੇਂ ਪਾਗਲ ਹੋ ਜਾਂਦਾ ਹੈ। ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਉਸ ਦੇ ਪੂਰੇ ਤਨ ਬਦਨ ਵਿੱਚ ਗੁੱਸੇ ਦੀ ਅੱਗ ਲੱਗ ਜਾਂਦੀ ਹੈ ਅਤੇ ਉਹ ਗੁੱਸੇ ਵਿੱਚ ਉੱਚੀ ਅਵਾਜ਼ ਵਿੱਚ ਕੜਕਦੇ ਹੋਏ ਕਹਿੰਦਾ ਹੈ— “ਅੱਜ ਉਸ ਮੰਤਰੀ ਦਾ ਨਹੀਂ ਸਗੋਂ ਮੇਰਾ ਜਨਮ ਦਿਨ ਏ, ਮੇਰੀ ਸੁੱਤੀ ਗੈਰਤ ਅਤੇ ਦਲੇਰੀ ਦਾ ਜਨਮ ਦਿਨ ਏ। ਹੁਣ ਮੈਂ ਵੇਖਾਂਗਾ ਕਿ ਕੋਈ ਕਿਸੇ ਗ਼ਰੀਬ ਦੀਆਂ ਸੱਧਰਾਂ ਅਤੇ ਉਮੰਗਾਂ ਦਾ ਖ਼ੂਨ ਕਿਵੇਂ ਕਰਦਾ ਹੈ।”