CBSEEducationLetters (ਪੱਤਰ)ਚਿੱਠੀ ਪੱਤਰ ਅਤੇ ਅਰਜ਼ੀ (Letters and Applications)

ਛੋਟੇ ਭਰਾ ਨੂੰ ਪੱਤਰ


ਛੋਟੇ ਵੀਰ ਨੂੰ ਚਿੱਠੀ ਕਿ ਉਹ ਕਾਲਜ ਵਿਚ ਦਾਖਲ ਹੋਣ ਬਾਅਦ ਦਿਲ ਲਾ ਕੇ ਪੜ੍ਹਾਈ ਕਰੇ।


ਦਫਤਰ ਆਮਦਨ ਕਰ,

82, ਦੀ ਮਾਲ,

ਅੰਮ੍ਰਿਤਸਰ।

ਜੁਲਾਈ 7, 2023

ਮੇਰੇ ਪਿਆਰੇ ਸ਼ਸ਼ੀ,

ਪਿਤਾ ਜੀ ਦੀ ਚਿੱਠੀ ਤੋਂ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ ਤੂੰ ਹਾਇਰ ਸੈਕੰਡਰੀ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕਰ ਲਈ ਹੈ ਤੇ ਤੈਨੂੰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਚ ਦਾਖਲ ਕਰਾ ਦਿੱਤਾ ਗਿਆ ਹੈ। ਤੈਨੂੰ ਬਹੁਤ ਵਧਾਈ ਹੋਵੇ।

ਉਮੀਦ ਹੈ, ਜਿਵੇਂ ਤੂੰ ਹੁਣ ਤਕ ਸਕੂਲ ਵਿਚ ਦਿਲ ਲਾ ਕੇ ਪੜ੍ਹਾਈ ਕਰਦਾ ਰਿਹਾ ਹੈ, ਇਸੇ ਤਰ੍ਹਾਂ ਲਗਨ ਨਾਲ ਕਾਲਜ ਵਿਚ ਵੀ ਕੰਮ ਕਰਦਾ ਰਹੇਂਗਾ। ਤੈਨੂੰ ਕੁਝ ਦਿਨਾਂ ਵਿਚ ਹੀ ਪਤਾ ਲਗ ਜਾਏਗਾ ਕਿ ਕਾਲਜ ਤੇ ਸਕੂਲ ਦੇ ਵਾਯੂਮੰਡਲ ਵਿਚ ਬੜਾ ਫਰਕ ਹੁੰਦਾ ਹੈ। ਸਕੂਲ ਵਿਚ ਵਿਦਿਆਰਥੀ ਬੜੇ ਕਰੜੇ ਜ਼ਬਤ ਵਿਚ ਰਹਿੰਦੇ ਹਨ। ਲਗਾਤਾਰ ਛੇ ਘੰਟੇ ਪੜ੍ਹਾਈ ਕਰਦੇ ਹਨ। ਅਧਿਆਪਕ ਘਰ ਵਿਚ ਕਰਨ ਲਈ ਕੰਮ ਦੇਂਦੇ ਹਨ ਤੇ ਫਿਰ ਵੇਖ ਕੇ ਸੁਧਾਈ ਵੀ ਕਰਦੇ ਹਨ। ਨਾ ਕਰਨ ਉਤੇ ਤਾੜਨਾ ਵੀ ਹੁੰਦੀ ਹੈ। ਪਰ ਕਾਲਜ ਵਿਚ ਇਸ ਪੱਖੋਂ ਬੜੀ ਖੁਲ੍ਹ ਹੁੰਦੀ ਹੈ। ਤੇਰੇ ਵਰਗੇ ਆਰਟ ਦੇ ਮਜ਼ਮੂਨ ਲੈਣ ਵਾਲੇ ਵਿਦਿਆਰਥੀ ਦੀ ਪੜ੍ਹਾਈ ਤਾਂ ਮਸਾਂ ਪੰਜ ਪੀਰੀਅਡ ਜਾਂ ਸਾਢੇ ਤਿੰਨ ਘੰਟੇ ਹੁੰਦੀ ਹੈ। ਘਰ ਕਰਨ ਲਈ ਕੰਮ ਦੇਣਾ ਜਾਂ ਵੇਖਣਾ ਤਾਂ ਕਿਤੇ ਰਿਹਾ, ਪ੍ਰੋਫੈਸਰ ਤਾਂ ਇਸ ਗੱਲ ਦਾ ਵੀ ਖਿਆਲ ਨਹੀਂ ਕਰਦੇ ਕਿ ਕੋਈ ਵਿਦਿਆਰਥੀ ਪੀਰੀਅਡ ਵਿਚ ਹਾਜ਼ਰ ਵੀ ਹੁੰਦਾ ਹੈ ਕਿ ਨਹੀਂ। ਇਸੇ ਗੱਲ ਨੂੰ ਵੇਖ ਕੇ ਬਹੁਤ ਵਿਦਿਆਰਥੀ ਤਾਂ ਕਾਲਜ ਵਿਚ ਮੌਜ ਮੇਲੇ ਲਈ ਹੀ ਆਉਂਦੇ ਹਨ। ਉਨ੍ਹਾਂ ਦੀ ਵੇਖਾ-ਵੇਖੀ ਹੋਰ ਕਈ ਅਚੇਤ ਹੀ ਵਿਗੜ ਜਾਂਦੇ ਹਨ।

ਪਿਆਰੇ ਸ਼ਸ਼ੀ ਮੈਂ ਤੈਨੂੰ ਸਮੇਂ ਸਿਰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਕਾਲਜ ਵਿਚਲੀ ਖੁੱਲ੍ਹ ਦੀ ਅਯੋਗ ਵਰਤੋਂ ਕਰਨ ਵਾਲਾ ਵਿਦਿਆਰਥੀ ਨਾ ਘਰ ਦਾ ਰਹਿੰਦਾ ਹੈ ਨਾ ਘਾਟ ਦਾ। ਇਸ ਲਈ ਹਮੇਸ਼ਾ ਨਾਲ ਹਰੇਕ ਪੀਰੀਅਡ ਵਿਚ ਹਾਜ਼ਰੀ ਭਭਰੀਂ ਰੀ ਤੇ ਪੂਰੀ ਲਗਨ ਨਾਲ ਘਰ ਵਿਚ ਵੀ ਪੜ੍ਹਾਈ ਵੱਲ ਧਿਆਨ ਦੇਈਂ। ਖਾਲੀ ਪੀਰੀਅਡ ਵੀ, ਸਾਰਾ ਵਕਤ ਕੈਂਟੀਨ ਵਿਚ ਬਹਿ ਕੇ, ਗੱਪਾਂ ਮਾਰਨ ਜਾਂ ਅਵਾਰਾ ਫਿਰਨ ਵਿਚ ਨਹੀਂ ਗੁਜ਼ਾਰਨੇ। ਇਸ ਵਿੱਚੋਂ ਬਹੁਤਾ ਲਾਇਬਰੇਰੀ ਵਿਚ ਅਖਬਾਰਾਂ, ਮਾਸਿਕ ਪੱਤਰਾਂ ਤੇ ਪੁਸਤਕਾਂ ਦੇ ਅਧਿਐਨ ਵਿਚ ਲਾਣਾ। ਇਹ ਤੇਰੇ ਮਾਨਸਿਕ ਤੇ ਬੌਧਿਕ ਵਿਕਾਸ ਲਈ ਬਹੁਤ ਲਾਭਦਾਇਕ ਹੋਵੇਗਾ। ਇਸ ਵਕਤ ਵਿਚ ਹੀ ਤੂੰ ਆਪਣੇ ਪ੍ਰੋਫੈਸਰਾਂ ਨੂੰ ਮਿਲ ਕੇ ਪੜ੍ਹਾਈ ਦੀਆਂ ਮੁਸ਼ਕਲਾਂ ਦੂਰ ਕਰ ਸਕਦਾ ਹੈ।

ਇਸ ਤੋਂ ਬਿਨਾਂ ਕਾਲਜ ਦੀਆਂ ਭਾਸ਼ਨ ਪ੍ਰਤਿਯੋਗਤਾਵਾਂ, ਵਾਦ-ਵਿਵਾਦਾਂ ਤੇ ਹੋਰ ਸਾਹਿਤਿਕ ਸਰਗਰਮੀਆਂ ਅਤੇ ਖੇਡਾਂ ਵਿਚ ਹਿੱਸਾ ਲੈਣ ਨਾਲ ਤੇਰੇ ਜੀਵਨ ਦੀ ਪ੍ਰਫੁੱਲਤਾ ਵਿਚ ਬੜੀ ਮਦਦ ਮਿਲੇਗੀ, ਚੰਗਾ ਹੋਵੇਗਾ ਕਿ ਤੂੰ ਆਪਣੇ ਕਾਲਜ ਦੀ ਐਨ.ਸੀ.ਸੀ. ਯੂਨਿਟ ਦਾ ਵੀ ਮੈਂਬਰ ਬਣ ਜਾਏਂ। ਇਸ ਨਾਲ ਜਿੱਥੇ ਤੇਰਾ ਸਰੀਰ ਚੁਸਤ ਤੇ ਫੁਰਤੀਲਾ ਰਹੇਗਾ, ਉਥੇ ਤੇਰੇ ਜੀਵਨ ਵਿਚ ਅਨੁਸ਼ਾਸ਼ਨ ਤੇ ਨਿਯਮਿਤਤਾ ਦੀ ਭਾਵਨਾ ਸੁਤੇ-ਸਿਧ ਪੈਦਾ ਹੋ ਜਾਏਗੀ।

ਮੈਨੂੰ ਉਮੀਦ ਹੈ ਕਿ ਤੂੰ ਆਪਣੇ ਭਲੇ ਲਈ ਇਨ੍ਹਾਂ ਗੱਲਾਂ ਦਾ ਪੂਰਾ ਧਿਆਨ ਰੱਖੇਂਗਾ। ਤੁਹਾਡੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਮੇਰੇ ਚੰਗੇ ਜਾਣੂੰ ਹਨ। ਜਦ ਵੀ ਮੈਂ ਲੁਧਿਆਣੇ ਆਇਆ, ਉਨ੍ਹਾ ਨੂੰ ਮਿਲ ਕੇ ਤੇਰਾ ਖਿਆਲ ਰੱਖਣ ਲਈ ਆਖ ਜਾਵਾਂਗਾ।

ਪਿਤਾ ਜੀ ਨੂੰ ਨਮਸਤੇ। ਤੈਨੂੰ ਤੇ ਵੀਣਾ ਨੂੰ ਪਿਆਰ।

ਤੇਰਾ ਪਿਆਰਾ ਭਰਾ,

ਦੀਪਕ