ਚਿੱਠੀ ਪੱਤਰ : ਤੁਹਾਡਾ ਛੋਟਾ ਭਰਾ ਮੋਬਾਇਲ ਦੀ ਬੇਲੋੜੀ ਵਰਤੋਂ ਕਰਦਾ ਹੈ
ਤੁਹਾਡਾ ਛੋਟਾ ਭਰਾ ਮੋਬਾਇਲ ਦੀ ਬੇਲੋੜੀ ਵਰਤੋਂ ਕਰਦਾ ਹੈ। ਉਸਨੂੰ ਇਸਦੀ ਬਹੁਤੀ ਵਰਤੋਂ ਦੇ ਨੁਕਸਾਨ ਦੱਸਦੇ ਹੋਏ ਪੱਤਰ ਲਿਖੋ।
ਪਰੀਖਿਆ ਭਵਨ
_________________ ਸ਼ਹਿਰ
ਮਿਤੀ : 10 ਅਗਸਤ, 20_____
ਪਿਆਰੇ ਹਰਜੀਤ
ਜੁਗ ਜੁਗ ਜੀਓ ! ਕੱਲ੍ਹ ਮੈਨੂੰ ਮਾਤਾ ਜੀ ਦਾ ਪੱਤਰ ਮਿਲਿਆ ਜਿਸ ਨੂੰ ਪੜ੍ਹ ਕੇ ਮੈਨੂੰ ਇਹ ਪਤਾ ਲੱਗਾ ਕਿ ਤੂੰ ਮੋਬਾਇਲ ਦੀ ਬਹੁਤ ਕੁਵਰਤੋਂ ਕਰਦਾ ਹੈਂ। ਤੂੰ ਉਸ ਉੱਤੇ ਫੇਸਬੁਕ ‘ਤੇ ਬਹੁਤ ਸਾਰੇ ਮਿੱਤਰਾਂ ਨਾਲ ਕਈ-ਕਈ ਘੰਟੇ ਚੈਟਿੰਗ ਕਰਦਾ ਹੈਂ ਅਤੇ ਦੋਸਤਾਂ ਨੂੰ ਫੋਨ ਵੀ ਬਹੁਤ ਕਰਦਾ ਹੈਂ। ਤੂੰ ਸਕੂਲੋਂ ਆਉਂਦੇ ਸਾਰ ਹੀ ਬਿਨਾਂ ਕੁਝ ਖਾਧੇ-ਪੀਤੇ ਮੋਬਾਇਲ ਫੜ ਲੈਂਦਾ ਹੈਂ। ਤੈਨੂੰ ਆਪਣੀ ਪੜ੍ਹਾਈ ਨਾਲ ਵੀ ਪਿਆਰ ਨਹੀਂ ਰਿਹਾ ਤੇ ਨਾ ਹੀ ਘਰ ਦੇ ਕੰਮਾਂ ਕਾਜਾਂ ਦੀ ਸ਼ੁੱਧ-ਬੁੱਧ ਹੈ। ਵੀਰੇ, ਇਹ ਗੱਲ ਚੰਗੀ ਨਹੀਂ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੋਬਾਇਲ ਦੀ ਵਧੇਰੇ ਵਰਤੋਂ ਹਾਨੀਕਾਰਕ ਹੈ। ਇਸ ਨਾਲ ਦਿਲੋ-ਦਿਮਾਗ਼ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ। ਤੈਨੂੰ ਪਤਾ ਹੀ ਹੈ ਕਿ ਸਾਡੇ ਮਾਤਾ-ਪਿਤਾ ਸਾਨੂੰ ਕਿੰਨੀ ਮੁਸ਼ਕਲ ਨਾਲ ਪੜ੍ਹਾ ਰਹੇ ਹਨ। ਪਿਤਾ ਜੀ ਦੀ ਆਮਦਨੀ ਵੀ ਕੋਈ ਬਹੁਤੀ ਨਹੀਂ। ਇਸ ਲਈ ਸਾਡੇ ਲਈ ਫਜ਼ੂਲ ਖਰਚੇ ਕਰਨੇ ਚੰਗੀ ਗੱਲ ਨਹੀਂ। ਵੀਰ, ਤੂੰ ਆਪ ਵੀ ਸਮਝਦਾਰ ਹੈਂ। ਦੱਸ ਭਲਾ ਮਹੀਨੇ ਵਿੱਚ ਹਜ਼ਾਰ ਰੁਪਏ ਮੋਬਾਇਲ ਵਿੱਚ ਪੁਆ ਕੇ ਉਸਦੀ ਦੁਰਵਰਤੋਂ ਕਰਨੀ ਕਿੱਥੋਂ ਦੀ ਅਕਲਮੰਦੀ ਹੈ। ਸਾਡੀਆਂ ਫੀਸਾਂ ਦੀ ਪੂਰਤੀ ਹੀ ਚੰਗੀ ਤਰ੍ਹਾਂ ਹੋ ਜਾਵੇ, ਇਹੋ ਹੀ ਭਲੀ ਗੱਲ ਹੈ।
ਵੀਰੇ, ਤੂੰ ਮਾਤਾ ਜੀ ਦਾ ਵੀ ਕਹਿਣਾ ਨਹੀਂ ਮੰਨਦਾ ਤੇ ਉਨ੍ਹਾਂ ਨੂੰ ਪੁੱਠੇ ਜਵਾਬ ਦਿੰਦਾ ਹੈ। ਉਹ ਵਿਚਾਰੇ ਤਾਂ ਆਪਣੀ ਜਗ੍ਹਾ ਸਹੀ ਹਨ, ਕਿਉਂਕਿ ਜੇ ਤੇਰੀ ਉਮਰ ਵਿੱਚ ਬੱਚਿਆਂ ਨੂੰ ਪੁੱਠੀਆਂ ਆਦਤਾਂ ਪੈ ਜਾਣ ਤਾਂ ਉਹ ਜੀਵਨ ਤਬਾਹ ਕਰ ਦਿੰਦੀਆਂ ਹਨ। ਇਸ ਲਈ ਸਿਆਣਾ ਬਣ, ਮਾਤਾ ਜੀ ਦਾ ਆਖਾ ਮੰਨ ਤੇ ਮੋਬਾਇਲ ਦੀ ਦੁਰਵਰਤੋਂ ਕਰਨੀ ਛੱਡ ਦੇ। ਇਹ ਤਾਂ ਕਿਸੇ ਵੇਲੇ, ਕਿਸੇ ਨਾਲ ਦੁੱਖ-ਸੁਖ ਕਰਨ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ। ਜੇ ਬਹੁਤ ਜ਼ਰੂਰੀ ਹੋਵੇ ਤਾਂ ਦੋਸਤਾਂ ਨੂੰ ਫੋਨ ਕਰਨਾ ਚਾਹੀਦਾ ਹੈ। ਤੇਰੇ ਪੜ੍ਹਾਈ ਕਰਨ ਦੇ ਦਿਨ ਹਨ, ਤੂੰ ਚੰਗੀ ਤਰ੍ਹਾਂ ਦਿਲ ਲਗਾ ਕੇ ਪੜ੍ਹ ਤਾਂ ਜੋ ਪੜ੍ਹ-ਲਿਖ ਕੇ ਮਾਤਾ-ਪਿਤਾ ਦਾ ਸਹਾਰਾ ਬਣੇ। ਮੈਂ ਉਮੀਦ ਕਰਦਾ ਹਾਂ ਕਿ ਤੂੰ ਮੇਰੀਆਂ ਦੱਸੀਆਂ ਗੱਲਾਂ ਵੱਲ ਗੌਰ ਕਰੇਂਗਾ ਅਤੇ ਮੋਬਾਇਲ ਦੀ ਦੁਰਵਰਤੋਂ ਨਾ ਕਰਕੇ ਵਰਤੋਂ ਕਰੇਂਗਾ।ਮਾਤਾ-ਪਿਤਾ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਤੇਰਾ ਵੱਡਾ ਵੀਰ
ਦਲਜੀਤ