CBSEEducationHistoryHistory of Punjab

ਗੁਰੂ ਹਰਿਗੋਬਿੰਦ ਜੀ


ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਬਾਦਸ਼ਾਹਾਂ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ।

ਉੱਤਰ : ਗੁਰੂ ਹਰਿਗੋਬਿੰਦ ਜੀ ਦੇ ਦੋ ਸਮਕਾਲੀਨ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਸਨ। ਇਹ ਬਾਦਸ਼ਾਹ ਬੜੇ ਕੱਟੜ ਵਿਚਾਰਾਂ ਦੇ ਸਨ।

1606 ਈ. ਵਿੱਚ ਜਹਾਂਗੀਰ ਦੁਆਰਾ ਗੁਰੂ ਹਰਿਗੋਬਿੰਦ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰਵਾ ਦਿੱਤਾ ਗਿਆ ਸੀ। ਇਸ ਕਾਰਨ ਮੁਗ਼ਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧਾਂ ਵਿੱਚ ਇੱਕ ਦਰਾਰ ਆ ਗਈ।

ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮੀਰੀ ਅਤੇ ਪੀਰੀ ਦੀ ਨੀਤੀ ਅਪਣਾਈ। ਛੇਤੀ ਹੀ ਮਗਰੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ। ਉਨ੍ਹਾਂ ਨੂੰ ਕਿਉਂ ਕੈਦ ਕੀਤਾ ਗਿਆ ਅਤੇ ਕਿੰਨਾ ਸਮਾਂ ਕੈਦ ਵਿੱਚ ਰੱਖਿਆ ਗਿਆ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ।

ਬਾਅਦ ਵਿੱਚ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੈਦ ਵਿੱਚੋਂ ਰਿਹਾਅ ਕਰ ਦਿੱਤਾ ਅਤੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਲਏ।

1628 ਈ. ਵਿੱਚ ਸ਼ਾਹਜਹਾਂ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਕਿਉਂਕਿ ਉਹ ਬੜੇ ਕੱਟੜ ਖ਼ਿਆਲਾਂ ਦਾ ਸੀ ਇਸ ਕਾਰਨ ਇੱਕ ਵਾਰ ਫਿਰ ਮੁਗ਼ਲਾਂ ਅਤੇ ਸਿੱਖਾਂ ਦੇ ਸੰਬੰਧਾਂ ਵਿੱਚ ਆਪਸੀ ਪਾੜਾ ਹੋਰ ਵੱਧ ਗਿਆ।

ਸਿੱਟੇ ਵਜੋਂ ਸ਼ਾਹਜਹਾਂ ਦੇ ਸ਼ਾਸਨ ਕਾਲ ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਾਰ ਲੜਾਈਆਂ-ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ। ਇਨ੍ਹਾਂ ਸਾਰੀਆਂ ਲੜਾਈਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੇਤੂ ਰਹੇ। ਇਨ੍ਹਾਂ ਜਿੱਤਾਂ ਕਾਰਨ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ।