ਗੁਰੂ ਅਮਰਦਾਸ ਜੀ
ਪ੍ਰਸ਼ਨ. ਗੁਰਗੱਦੀ ਸੰਭਾਲਦੇ ਸਮੇਂ ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?
ਉੱਤਰ : ਗੁਰਗੱਦੀ ਸੰਭਾਲਦੇ ਸਮੇਂ ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਹੇਠ ਲਿਖੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ :
1. ਦਾਸੂ ਅਤੇ ਦਾਤੂ ਦਾ ਵਿਰੋਧ : ਗੁਰੂ ਅਮਰਦਾਸ ਜੀ ਨੂੰ ਆਪਣੇ ਗੁਰੂਕਾਲ ਦੇ ਸ਼ੁਰੂ ਵਿੱਚ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾਸੂ ਅਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਗੁਰੂ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਅਸਲੀ ਉੱਤਰਾਧਿਕਾਰੀ ਐਲਾਨ ਕੀਤਾ। ਸਿੱਖ ਸੰਗਤਾਂ ਨੇ ਦਾਤੂ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਦਾਸੂ ਨੇ ਵੀ ਮਾਤਾ ਖੀਵੀ ਜੀ ਦੇ ਕਹਿਣ ‘ਤੇ ਆਪਣਾ ਵਿਰੋਧ ਛੱਡ ਦਿੱਤਾ मी।
2. ਬਾਬਾ ਸ੍ਰੀ ਚੰਦ ਦਾ ਵਿਰੋਧ : ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਹੋਣ ਕਾਰਨ ਗੁਰਗੱਦੀ ਉੱਤੇ ਆਪਣਾ ਹੱਕ ਸਮਝਦੇ ਸਨ। ਬਾਬਾ ਸ੍ਰੀ ਚੰਦ ਜੀ ਦੇ ਅਨੇਕਾਂ ਸਮਰਥਕ ਸਨ। ਗੁਰੂ ਅਮਰਦਾਸ ਜੀ ਨੇ ਅਜਿਹੇ ਸਮੇਂ ਦ੍ਰਿੜ੍ਹਤਾ ਤੋਂ ਕੰਮ ਲੈਂਦੇ ਹੋਏ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਉਲਟ ਹਨ। ਉਨ੍ਹਾਂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਬਾਬਾ ਸ੍ਰੀ ਚੰਦ ਜੀ ਦਾ ਸਾਥ ਛੱਡ ਦਿੱਤਾ।
3. ਗੋਇੰਦਵਾਲ ਸਾਹਿਬ ਦੇ ਮੁਸਲਮਾਨਾਂ ਦਾ ਵਿਰੋਧ : ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੀ ਵਧਦੀ ਹੋਈ ਪ੍ਰਸਿੱਧੀ ਵੇਖ ਕੇ ਉੱਥੋਂ ਦੇ ਮੁਸਲਮਾਨਾਂ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਸਿੱਖਾਂ ਦਾ ਸਾਮਾਨ ਚੋਰੀ ਕਰ ਲੈਂਦੇ। ਉਹ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਣ ਵਾਲੇ ਸਿੱਖਾਂ ਦੇ ਘੜੇ ਪੱਥਰ ਮਾਰ ਕੇ ਤੋੜ ਦਿੰਦੇ। ਸਿੱਖਾਂ ਨੇ ਇਸ ਸੰਬੰਧੀ ਗੁਰੂ ਜੀ ਨੂੰ ਸ਼ਿਕਾਇਤ ਕੀਤੀ। ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ।
4. ਹਿੰਦੂਆਂ ਦਾ ਵਿਰੋਧ : ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਰਹੇ ਸਨ। ਸਿੱਖ ਮਤ ਵਿੱਚ ਊਚ-ਨੀਚ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਬਾਉਲੀ ਦਾ ਨਿਰਮਾਣ ਹੋਣ ਕਾਰਨ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਅਸਥਾਨ ਵੀ ਮਿਲ ਗਿਆ ਸੀ। ਗੋਇੰਦਵਾਲ ਸਾਹਿਬ ਦੇ ਉੱਚ ਜਾਤੀਆਂ ਦੇ ਹਿੰਦੂ ਇਹ ਗੱਲ ਸਹਿਣ ਨਾ ਕਰ ਸਕੇ। ਉਨ੍ਹਾਂ ਨੇ ਆਪਣੇ ਬਾਦਸ਼ਾਹ ਅਕਬਰ ਪਾਸ ਇਹ ਝੂਠੀ ਸ਼ਿਕਾਇਤ ਕੀਤੀ ਕਿ ਗੁਰੂ ਜੀ ਹਿੰਦੂ ਧਰਮ ਵਿਰੋਧੀ ਪ੍ਰਚਾਰ ਕਰ ਰਹੇ ਹਨ। ਅਕਬਰ ਨੇ ਗੁਰੂ ਜੀ ਨੂੰ ਨਿਰਦੋਸ਼ ਕਰਾਰ ਦਿੱਤਾ ।