ਗ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


ਗੋਦੜੀ ਵਿਚ ਲਾਲ ਹੋਣਾ (ਗੁੱਝੇ ਗੁਣਾਂ ਵਾਲਾ)—ਇਹ ਪਾਟੇ-ਮੈਲੇ ਕੱਪੜਿਆਂ ਵਾਲਾ ਆਦਮੀ ਗੋਦੜੀ ਵਿਚ ਲਾਲ ਹੈ। ਇਹ ਕਵਿਤਾ ਬਹੁਤ ਸੋਹਣੀ ਲਿਖਦਾ ਹੈ ।

ਗਤ ਬਣਾਉਣਾ (ਮਾਰ-ਕੁਟਾਈ ਕਰਨੀ) – ਪਿੰਡ ਵਾਲਿਆਂ ਨੇ ਚੋਰ ਨੂੰ ਕੁੱਟ-ਕੁੱਟ ਕੇ ਉਸ ਦੀ ਖ਼ੂਬ ਗਤ ਬਣਾਈ।

ਗਲ ਦਾ ਹਾਰ ਬਣ ਜਾਣਾ (ਹਰ ਵੇਲੇ ਪਾਸ ਬੈਠੇ ਰਹਿਣਾ) – ਜਦੋਂ ਦਾ ਉਸ ਨੂੰ ਪਤਾ ਲੱਗਾ ਹੈ ਕਿ ਮੈਂ ਉਸ ਨੂੰ ਨੌਕਰੀ ‘ਤੇ ਲੁਆ ਸਕਦਾ ਹਾਂ, ਬੱਸ ਉਦੋਂ ਤੋਂ ਹੀ ਉਹ ਮੇਰੇ ਗਲ ਦਾ ਹਾਰ ਬਣ ਗਿਆ ਹੈ ।

ਗਲ ਪਿਆ ਢੋਲ ਵਜਾਉਣਾ (ਕੋਈ ਅਜਿਹਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ)—ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ ।

ਗਲਾ ਭਰ ਆਉਣਾ (ਅੱਥਰੂ ਆ ਜਾਣੇ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ।

ਗਲੇ ਤੋਂ ਬਿਨਾਂ ਚੱਕੀ ਪੀਹਣਾ (ਦਿਲ ਲਾ ਕੇ ਕੰਮ ਨਾ ਕਰਨਾ) – ਤੂੰ ਤਾਂ ਗਲੇ ਤੋਂ ਬਿਨਾਂ ਚੱਕੀ ਪੀਂਹਦਾ ਹੈ । ਅਸਲ ਵਿੱਚ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ।

ਗਿੱਦੜ ਸ਼ੇਰ ਬਣਨਾ (ਮਾੜਿਆਂ ਵਿੱਚ ਜੁਰਅਤ ਆ ਜਾਣੀ) – ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨਾਲ ਗਿੱਦੜ ਸ਼ੇਰ ਬਣ ਗਏ ।

ਗਿੱਲਾ ਪੀਹਣ ਪਾਉਣਾ (ਕੰਮ ਲਮਕਾਈ ਜਾਣਾ) – ਤੂੰ ਤਾਂ ਗਿੱਲਾ ਪੀਹਣ ਪਾਈ ਜਾਂਦਾ ਹੈ, ਕੰਮ ਮੁਕਾਉਂਦਾ ਨਹੀਂ।

ਗੁੱਸਾ ਨੱਕ ‘ਤੇ ਪਿਆ ਹੋਣਾ (ਝੱਟ ਗੁੱਸਾ ਆ ਜਾਣਾ) – ਗੁੱਸਾ ਤੇਰੇ ਤਾਂ ਨੱਕ ‘ਤੇ ਪਿਆ ਹੈ, ਝੱਟ ਹੀ ਭੜਕ ਪੈਂਦਾ ਹੈ।

ਗਲ ਗਲਾਵਾਂ ਪੈਣਾ (ਅਣਭਾਉਂਦਾ ਕੰਮ ਜ਼ਿੰਮੇ ਲੱਗਣਾ) — ਇਹ ਕੰਮ ਤਾਂ ਮੇਰੇ ਗਲ ਗਲਾਵਾਂ ਪੈ ਗਿਆ ਹੈ, ਇਹ ਨਾ ਮੁੱਕਦਾ ਹੈ ਤੇ ਨਾ ਇਸ ਨੂੰ ਕਰਨ ਨੂੰ ਜੀ ਕਰਦਾ ਹੈ ।

ਗੁੱਡੀ ਚੜ੍ਹਨੀ (ਤੇਜ-ਪ੍ਰਤਾਪ ਬਹੁਤ ਵਧਣਾ) – ਪਿਛਲੀਆਂ ਆਮ ਚੋਣਾਂ ਵਿੱਚ ਵਿਰੋਧੀ ਪਾਰਟੀ ਦੀ ਗੁੱਡੀ ਬਹੁਤ ਚੜ੍ਹੀ ਹੈ।

ਗੰਗਾ ਨਹਾਉਣਾ (ਫ਼ਰਜ਼ ਤੋਂ ਮੁਕਤ ਹੋਣਾ) – ਆਪਣੀ ਅਖ਼ੀਰਲੀ ਧੀ ਦਾ ਵਿਆਹ ਕਰ ਕੇ ਹੀ ਅਸੀਂ ਤਾਂ ਗੰਗਾ ਨਹਾਤੇ ਹਾਂ।

ਗੁੱਗਲ ਹੋਣਾ (ਨਾਸ਼ ਹੋ ਜਾਣਾ)—ਮੈਂ ਜਿੰਨਾ ਧਨ ਕੈਨੇਡਾ ਤੋਂ ਖੱਟ ਕੇ ਲਿਆਂਦਾ ਸੀ, ਸਾਰਾ ਇਸ ਵਪਾਰ ਵਿੱਚ ਗੁੱਗਲ ਹੋ ਗਿਆ। ਹੁਣ ਤਾਂ ਮੈਂ ਕੌਡੀ-ਕੌਡੀ ਦਾ ਮੁਥਾਜ ਹਾਂ।

ਗਰਮ ਹੋਣਾ (ਗੁੱਸੇ ਹੋਣਾ) – ਸਤਨਾਮ ਤੇ ਮਲਕੀਤ ਚੰਗੀਆਂ-ਭਲੀਆਂ ਗੱਲਾਂ ਕਰਦੇ-ਕਰਦੇ ਐਵੇਂ ਗਰਮ ਹੋ ਪਏ।

ਗਲ ਪੈ ਜਾਣਾ (ਝਗੜਨਾ)—ਬਲਬੀਰ ਬੜਾ ਬਦ-ਮਿਜਾਜ਼ ਹੈ, ਐਵੇਂ ਹੀ ਅਗਲੇ ਦੇ ਗਲ ਪੈ ਜਾਂਦਾ ਹੈ।

ਗੱਲ ਪੱਲੇ ਬੰਨ੍ਹਣਾ (ਕਿਸੇ ਉਪਦੇਸ਼ ਨੂੰ ਮੰਨ ਲੈਣਾ) – ਜਿਸ ਨੇ ਆਪਣੇ ਵੱਡਿਆਂ ਦੀ ਗੱਲ ਨੂੰ ਪੱਲੇ ਬੰਨ੍ਹ ਲਿਆ, ਉਹ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ।

ਗਾਹ ਪਾਉਣਾ (ਖਿਲਾਰਾ ਪਾਉਣਾ) – ਰਾਮ ਦੇ ਪਿਤਾ ਨੇ ਗਾਹ ਤਾਂ ਬਥੇਰਾ ਪਾਇਆ ਹੋਇਆ ਹੈ, ਪਰ ਆਮਦਨ ਟਕੇ ਦੀ ਨਹੀਂ ।

ਗਿੱਲੇ ਗੋਹੇ ਵਾਂਗ ਧੁਖਣਾ (ਅੰਦਰੋਂ-ਅੰਦਰੀ ਦੁਖੀ ਰਹਿਣਾ) – ਕੰਵਲਜੀਤ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ, ਪਰ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀ।

ਗੁਲਛਰੇ ਉਡਾਉਣਾ (ਫ਼ਜ਼ੂਲ ਖ਼ਰਚ ਕਰਨਾ) – ਤਰਸੇਮ ਨੇ ਗੁਲਛਰੇ ਉਡਾ ਕੇ ਆਪਣੇ ਪਿਓ-ਦਾਦੇ ਦਾ ਜੋੜਿਆ ਸਾਰਾ ਪੈਸਾ ਰੋੜ੍ਹ ਦਿੱਤਾ।

ਗੋਂਗਲੂਆਂ ਤੋਂ ਮਿੱਟੀ ਝਾੜਨਾ (ਕੇਵਲ ਦਿਖਾਵੇ ਲਈ ਕੰਮ ਕਰਨਾ)— ਕ੍ਰਿਸ਼ਨ ਜੀ ਨੇ ਊਧੋ ਦੇ ਹੱਥ ਰਾਧਾ ਨੂੰ ਗਿਆਨ-ਉਪਦੇਸ਼ ਭੇਜ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਯਤਨ ਕੀਤਾ।

ਗੰਢ ਭੇਜਣਾ (ਸੱਦਾ ਭੇਜਣਾ) – ਸੰਤ ਰਾਮ ਨੇ ਆਪਣੇ ਕੁੜਮਾਂ ਨੂੰ ਆਪਣੀ ਕੁੜੀ ਦੇ ਵਿਆਹ ਦੀ ਗੰਢ ਭੇਜੀ।

ਗੰਢ ਲੈਣਾ (ਆਪਣੇ ਹੱਕ ਦਾ ਕਰ ਲੈਣਾ) – ਗਿੱਲ ਸਾਹਿਬ ਨੇ ਚੋਣਾਂ ਦੇ ਸਮੇਂ ਵਿਰੋਧੀ ਧਿਰ ਦੇ ਬੰਦਿਆਂ ਨੂੰ ਪੈਸੇ ਦੇ ਕੇ ਆਪਣੇ ਨਾਲ ਗੰਢ ਲਿਆ ।