CBSEEducationਪੈਰ੍ਹਾ ਰਚਨਾ (Paragraph Writing)

ਕੇਬਲ ਟੀ.ਵੀ. : ਪੈਰਾ ਰਚਨਾ


ਪਿਛਲੇ ਕੁਝ ਸਮੇਂ ਤੋਂ ਕੇਬਲ ਟੀ.ਵੀ. ਦਾ ਬਹੁਤ ਰਿਵਾਜ ਹੋ ਗਿਆ ਹੈ। ਸਾਡੇ ਦੇਸ ਵਿੱਚ ਵੱਡੇ-ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਈ ਦਾ ਲੋਕਾਂ ਜਾਂ ਸੰਸਥਾਵਾਂ ਨੇ ਇਸ ਨੂੰ ਆਮਦਨੀ ਦਾ ਇੱਕ ਸਾਧਨ ਬਣਾਇਆ ਹੋਇਆ ਹੈ। ਅਜਿਹੇ ਲੋਕ ਡਿਸ਼ ਐਂਟੀਨੇ ਰਾਹੀਂ ਟੀ.ਵੀ. ਦੇ ਅੰਤਰਰਾਸ਼ਟਰੀ ਪ੍ਰੋਗਰਾਮ ਦਿਖਾਉਂਦੇ ਹਨ। ਪਰ ਕੇਬਲ ਟੀ.ਵੀ. ਪ੍ਰੋਗਰਾਮ ਦਿਖਾਉਣ ਵਾਲੇ ਅੰਤਰ-ਰਾਸ਼ਟਰੀ ਪ੍ਰੋਗਰਾਮਾਂ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਕੁਝ ਪ੍ਰੋਗਰਾਮ ਆਪਣੇ ਵੱਲੋਂ ਵੀ ਦਿਖਾਉਂਦੇ ਹਨ। ਜਿੱਥੋਂ ਤੱਕ ਇਹ ਪ੍ਰੋਗਰਾਮ ਸਾਡੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਸਾਡੇ ਲਈ ਸਿਹਤਮੰਦ ਮਨੋਰੰਜਨ ਪ੍ਰਦਾਨ ਕਰਦੇ ਹਨ ਉੱਥੋਂ ਤੱਕ ਇਹਨਾਂ ਨੂੰ ਵਰਦਾਨ ਹੀ ਕਿਹਾ ਜਾਣਾ ਚਾਹੀਦਾ ਹੈ। ਪਰ ਕੇਬਲ ਟੀ.ਵੀ. ਦੇ ਕਈ ਪ੍ਰੋਗਰਾਮ ਸਾਡੇ ਨੌਜਵਾਨਾਂ ਦੇ ਚਰਿੱਤਰ ‘ਤੇ ਬੜਾ ਮਾੜਾ ਅਸਰ ਪਾਉਂਦੇ ਹਨ ਅਤੇ ਇਹਨਾਂ ਨੂੰ ਪਰਿਵਾਰ ਵਿੱਚ ਬੈਠ ਕੇ ਨਹੀਂ ਦੇਖਿਆ ਜਾ ਸਕਦਾ। ਕੇਬਲ ਟੀ.ਵੀ. ਦੇ ਪ੍ਰੋਗਰਾਮਾਂ ਬਾਰੇ ਇੱਕ ਧਾਰਨਾ ਇਹ ਵੀ ਹੈ ਕਿ ਸਾਡੇ ਨੌਜਵਾਨ ਇਹਨਾਂ ਪ੍ਰੋਗਰਾਮਾਂ ਨੂੰ ਦੇਖਣ ਦੇ ਏਨੇ ਆਦੀ ਹੋ ਜਾਂਦੇ ਹਨ ਕਿ ਉਹ ਪੜ੍ਹਾਈ ਵੱਲੋਂ ਲਾਪਰਵਾਹ ਹੋ ਜਾਂਦੇ ਹਨ। ਇਹਨਾਂ ਪ੍ਰੋਗਰਾਮਾਂ ਨੂੰ ਲਗਾਤਾਰ ਦੇਖਣ ਨਾਲ ਸਾਡੇ ਨੌਜਵਾਨਾਂ ਦੀ ਨਜ਼ਰ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਕੇਬਲ ਟੀ.ਵੀ. ਦੇ ਸਾਰੇ ਪ੍ਰੋਗਰਾਮ ਨਾ ਦੇਖੀਏ ਸਗੋਂ ਆਪਣੀ ਰੁਚੀ ਅਤੇ ਲੋੜ ਅਨੁਸਾਰ ਇਹਨਾਂ ਪ੍ਰੋਗਰਾਮਾਂ ਵਿੱਚੋਂ ਕੁਝ ਚੋਣਵੇਂ ਪ੍ਰੋਗਰਾਮ ਹੀ ਦੇਖੀਏ। ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਸਾਡੇ ਨੌਜਵਾਨ ਉਹ ਪ੍ਰੋਗਰਾਮ ਨਾ ਦੇਖਣ ਜਿਨ੍ਹਾਂ ਦਾ ਉਹਨਾਂ ਦੇ ਚਰਿੱਤਰ ‘ਤੇ ਮਾੜਾ ਅਸਰ ਪਵੇ। ਕੇਬਲ ਟੀ.ਵੀ. ਪ੍ਰੋਗਰਾਮ ਦਿਖਾਉਣ ਵਾਲੇ ਪ੍ਰਬੰਧਕਾਂ ਨੂੰ ਵੀ ਅਜਿਹੀਆਂ ਵਿਸ਼ੇਸ਼ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਅਜਿਹੇ ਪ੍ਰੋਗਰਾਮ ਨਾ ਦਿਖਾਏ ਜਾਣ ਜਿਨ੍ਹਾਂ ਦਾ ਸਾਡੇ ਨੌਜਵਾਨਾਂ ‘ਤੇ ਮਾੜਾ ਅਸਰ ਪਵੇ। ਕੇਬਲ ਟੀ.ਵੀ. ਦੇ ਪ੍ਰਬੰਧਕਾਂ ਨੂੰ ਅਜਿਹੇ ਪ੍ਰੋਗਰਾਮ ਵੀ ਨਹੀਂ ਦਿਖਾਉਣੇ ਚਾਹੀਦੇ ਜਿਨ੍ਹਾਂ ਵਿੱਚ ਨੰਗੇਜ ਹੋਵੇ। ਅਜਿਹਾ ਕਰ ਕੇ ਅਸੀਂ ਕੇਬਲ ਟੀ.ਵੀ ਦੇ ਪ੍ਰੋਗਰਾਮਾਂ ਨੂੰ ਸਰਾਪ ਬਣਨ ਤੋਂ ਰੋਕ ਸਕਦੇ ਹਾਂ।