ਕੁਲਫ਼ੀ – ਸੁਜਾਨ ਸਿੰਘ
ਕਹਾਣੀ – ਕੁਲਫ਼ੀ
ਪੁਸਤਕ – ਵੰਨਗੀ
ਜਮਾਤ – ਦਸਵੀਂ
ਪ੍ਰਸ਼ਨ 1. ਕੁਲਫ਼ੀ ਵਾਲੇ ਦਾ ਹੌਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ?
ਉੱਤਰ : ਕੁਲਫ਼ੀ ਵਾਲੇ ਦਾ ਹੋਕਾ ਸੁਣ ਕੇ ਚਿੱਟੀ ਦੁੱਧ ਕੁਲਫ਼ੀ ਸਾਕਾਰ ਹੋ ਕੇ ਲੇਖਕ/ਕਹਾਣੀਕਾਰ ਦੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਸੀ। ਪਰ ਪੈਸੇ ਦੀ ਤੰਗੀ ਕਾਰਨ ਉਹ ਕੁਲਫ਼ੀ ਨਹੀਂ ਸੀ ਖਾ ਸਕਦਾ। ਉਹ ਸੋਚਦਾ ਹੈ ਕਿ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਇਸ ਤਰ੍ਹਾਂ ਉਹ ਪੈਸੇ ਦੀ ਤੰਗੀ ਬਾਰੇ ਸੋਚਣ ਲੱਗਾ ਸੀ।
ਪ੍ਰਸ਼ਨ 2 .’ਤੁਸੀਂ ਤੱਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ।’ ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ ?
ਉੱਤਰ : ਲੇਖਕ ਕੋਲ ਕਾਕੇ ਨੂੰ ਮੁਰਮੁਰੇ ਲੈ ਕੇ ਦੇਣ ਲਈ ਟਕਾ ਨਹੀਂ ਸੀ। ਇਸ ਲਈ ਉਹ ਕੋਈ ਨਾ ਕੋਈ ਬਹਾਨਾ ਬਣਾ ਰਿਹਾ ਸੀ। ਅਖੀਰ ਲੇਖਕ ਨੇ ਕਿਹਾ ਕਿ ਮੁਰਮੁਰੇ ਨਾਲ ਖੰਘ ਲੱਗ ਜਾਂਦੀ ਹੈ। ਪਰ ਕਾਕਾ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਹ ਜੋ ਸ਼ਬਦ ਕਹਿੰਦਾ ਹੈ ਉਸ ਤੋਂ ਉਸ ਦਾ ਭਾਵ ਇਹ ਹੈ ਕਿ ਉਹ ਮੁਰਮੁਰਾ ਲੈਣ ਲਈ ਟਕਾ ਚਾਹੁੰਦਾ ਹੈ ਤੇ ਉਸ ਨੂੰ ਖੰਘ ਦੀ ਕੋਈ ਪਰਵਾਹ ਨਹੀਂ। ਇਸ ਲਈ ਉਹ ਕਹਿੰਦਾ ਹੈ ਕਿ ਉਸ ਨੂੰ ਨਹੀਂ ਲੱਗਦੀ-ਲੁਗਦੀ ਖੰਘ।
ਪ੍ਰਸ਼ਨ 3 . ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਸੀ ?
ਉੱਤਰ : ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਮਹਿੰਗਾਈ ਦੇ ਪ੍ਰਸੰਗ ਵਿੱਚ ਕਰਦਾ ਹੈ। ਉਸ ਸਮੇਂ ਧੇਲੇ ਦੇ ਜਿੰਨੇ ਛੋਲੇ ਆਉਂਦੇ ਸਨ ਉਨੇ ਹੁਣ ਆਨੇ ਦੇ ਵੀ ਨਹੀਂ ਸਨ ਮਿਲਦੇ। ਪਰ ਦੂਸਰੇ ਪਾਸੇ ਲੇਖਕ ਦੀ ਆਮਦਨ ਆਪਣੇ ਪਿਤਾ ਦੀ ਆਮਦਨ ਤੋਂ ਬਹੁਤ ਘੱਟ ਸੀ ਭਾਵੇਂ ਕਿ ਉਸ ਦੀ ਪੜ੍ਹਾਈ ਆਪਣੇ ਪਿਤਾ ਦੀ ਪੜ੍ਹਾਈ ਤੋਂ ਕਈ ਗੁਣਾ ਵੱਧ ਸੀ।
ਪ੍ਰਸ਼ਨ 4 . ਲੇਖਕ, ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ ?
ਉੱਤਰ : ਲੇਖਕ, ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਤੋਂ ਇਸ ਲਈ ਸੰਕੋਚ ਕਰ ਰਿਹਾ ਸੀ ਕਿਉਂਕਿ ਉਹਦੀ ਇਕੱਲੇ ਦੀ ਮੰਗ ਸੁਣੀ ਨਹੀਂ ਸੀ ਜਾਣੀ। ਦੂਸਰੇ ਪਾਸੇ ਲੋੜਵੰਦ ਇਕੱਠੇ ਨਹੀਂ ਹੁੰਦੇ ਅਤੇ ਜੇ ਹੋ ਜਾਣ ਤਾਂ ਇਕੱਠੇ ਰਹਿਣ ਨਹੀਂ ਦਿੱਤੇ ਜਾਂਦੇ। ਲੇਖਕ ਨੂੰ ਤਨਖ਼ਾਹ ਵਧਾਉਣ ਦੀ ਮੰਗ ਕਰਨ ‘ਤੇ ਨੌਕਰੀ ਤੋਂ ਜਵਾਬ ਮਿਲਨ ਦਾ ਵੀ ਡਰ ਸੀ। ਬੇਰੁਜ਼ਗਾਰੀ ਦੇ ਭਵਿਖ ਨੇ ਉਸ ਨੂੰ ਡਰਾ ਦਿੱਤਾ ਸੀ। ਇਸ ਲਈ ਉਹ ਕਾਇਰਾਂ ਵਾਂਗ ਹਮੇਸ਼ਾਂ ਦੀ ਤਰ੍ਹਾਂ ਚੁੱਪ ਰਿਹਾ।
ਪ੍ਰਸ਼ਨ 5 . ਸ਼ਾਹ ਦੇ ਮੁੰਡੇ ਤੋਂ ਕੁਲਫ਼ੀ ਖੋਹਣ ਤੇ, ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ ?
ਉੱਤਰ : ਸ਼ਾਹਾਂ ਦੇ ਮੁੰਡੇ ਤੋਂ ਕੁਲਫ਼ੀ ਖੋਹਣ ‘ਤੇ ਕਾਕੇ ਦੀ ਮਾਤਾ ਅਤੇ ਪਿਤਾ/ਦਾਰ ਜੀ ਦੀ ਅਲੱਗ-ਅਲੱਗ ਪ੍ਰਤਿਕਿਰਿਆ ਸੀ। ਸ਼ਾਹਣੀ ਦੇ ਉਲਾਂਭਾ ਲੈ ਕੇ ਆਉਣ ਕਾਰਨ ਕਾਕੇ ਦੀ ਮਾਂ ਉਸ ਨੂੰ ਝਿੜਕਦਿਆਂ ਚਪੇੜ ਮਾਰਨ ਲੱਗੀ ਸੀ, ਪਰ ਕਾਕੇ ਦਾ ਪਿਤਾ ਖ਼ੁਸ਼ ਸੀ ਕਿ ਉਸ ਕਾਇਰ ਦੇ ਘਰ ਬਹਾਦਰ ਪੁੱਤਰ ਪੈਦਾ ਹੋਇਆ ਹੈ। ਇਸੇ ਲਈ ਉਹ ਆਪਣੀ ਪਤਨੀ ਨੂੰ ਕੁਝ ਵੰਡਣ ਲਈ ਆਖਦਾ ਹੈ।
ਪ੍ਰਸ਼ਨ 6 . ਕਾਕਾ ਸੁਪਨੇ ਵਿੱਚ ਕਿਉਂ ਬੜਬੜਾ ਰਿਹਾ ਸੀ ?
ਉੱਤਰ : ਕਾਕੇ ਦੇ ਪਿਤਾ ਜੀ/ਲੇਖਕ ਨੇ ਉਸ ਨੂੰ (ਕਾਕੇ ਨੂੰ) ਕੁਲਫ਼ੀ ਖੁਆਉਣ ਦਾ ਵਾਇਦਾ ਕੀਤਾ ਸੀ। ਪਰ ਪੈਸੇ ਨਾ ਹੋਣ ਕਾਰਨ ਉਹ ਇਹ ਵਾਇਦਾ ਪੂਰਾ ਨਹੀਂ ਸੀ ਕਰ ਸਕਦਾ। ਇਸੇ ਲਈ ਉਹ ਬਹਾਨੇ ਬਣਾ ਰਿਹਾ ਸੀ। ਦੂਸਰੇ ਪਾਸੇ ਕਾਕੇ ਦੇ ਦਿਮਾਗ਼ ਵਿੱਚ ਕੁਲਫ਼ੀ ਘੁੰਮ ਰਹੀ ਸੀ ਅਤੇ ਉਹ ਕੁਲਫ਼ੀ ਖਾਣੀ ਚਾਹੁੰਦਾ ਸੀ। ਇਸ ਲਈ ਉਹ ਸੁਪਨੇ ਵਿੱਚ ਵੀ ਕੁਫ਼ੀ (ਕੁਲਫ਼ੀ), ਕੁਫ਼ੀ (ਕੁਲਫ਼ੀ) ਬੁੜਬੁੜਾ ਰਿਹਾ ਸੀ।
ਪ੍ਰਸ਼ਨ 7 . ਲੇਖਕ ਇਸ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ?
ਉੱਤਰ : ‘ਕੁਲਫ਼ੀ’ ਕਹਾਣੀ ਵਿੱਚ ਲੇਖਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਆਰਥਿਕ ਤੰਗੀ (ਪੈਸੇ ਦੀ ਤੰਗੀ) ਵਿੱਚ ਮਨੁੱਖ ਨੂੰ ਆਪਣੀਆਂ ਇੱਛਾਵਾਂ ਨੂੰ ਦਬਾਉਣਾ ਪੈਂਦਾ ਹੈ। ਇਸ ਸਥਿਤੀ ਵਿੱਚ ਉਹ ਆਪਣੇ ਬੱਚਿਆਂ ਦੀਆਂ ਮਾਮੂਲੀ ਇੱਛਾਵਾਂ ਨੂੰ ਵੀ ਪੂਰਾ ਨਹੀਂ ਕਰ ਸਕਦਾ। ਬੇਰੁਜ਼ਗਾਰੀ ਤੋਂ ਡਰਦਾ ਉਹ ਆਪਣੇ ਮਾਲਕ ਨੂੰ ਵੀ ਆਪਣੀਆਂ ਸਮੱਸਿਆਵਾਂ ਨਹੀਂ ਦੱਸਦਾ। ਕਾਕੇ ਦੀ ਮਾਨਸਿਕਤਾ ਨੂੰ ਪ੍ਰਗਟ ਕਰ ਕੇ ਲੇਖਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਮੀਰਾਂ ਦੇ ਬੱਚਿਆਂ ਨੂੰ ਦੇਖ ਕੇ ਗ਼ਰੀਬ ਬੱਚੇ ਕਈ ਵਾਰ ਵਿਰੋਧ ਦੀ ਸਥਿਤੀ ਵਿੱਚ ਆ ਜਾਂਦੇ ਹਨ। ਸਮੁੱਚੇ ਰੂਪ ਵਿੱਚ ਲੇਖਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਆਰਥਿਕ ਕਾਣੀ-ਵੰਡ ਖ਼ਤਮ ਹੋਣੀ ਚਾਹੀਦੀ ਹੈ।
ਪ੍ਰਸ਼ਨ 8. ਲੇਖਕ ਸ਼ਾਮ ਤੋਂ ਪਹਿਲਾਂ ਹੀ ਬਹਾਨੇ ਨਾਲ ਘਰੋਂ ਕਿਉਂ ਨਿਕਲ ਗਿਆ ਸੀ?
ਉੱਤਰ : ਲੇਖਕ ਨੇ ਕਾਕੇ ਨੂੰ ਕੁਲਫ਼ੀ ਖੁਆਉਣ ਦਾ ਵਾਇਦਾ ਕੀਤਾ ਸੀ। ਪਰ ਉਸ ਕੋਲ ਪੈਸਾ ਕੋਈ ਨਹੀਂ ਸੀ। ਇੱਕ ਸਾਥੀ ਤੋਂ ਮੰਗੇ ਤਿੰਨ ਰੁਪਏ ਉਸ ਦੀ ਪਤਨੀ ਨੇ ਘਰ ਦੀਆਂ ਲੋੜਾਂ ਦੱਸ ਕੇ ਉਸ ਤੋਂ ਲੈ ਲਏ ਸਨ। ਇਸੇ ਲਈ ਲੇਖਕ/ਕਹਾਣੀਕਾਰ ਖੇਡਣ ਦਾ ਬਹਾਨਾ ਕਰ ਕੇ ਸ਼ਾਮ ਤੋਂ ਪਹਿਲਾਂ ਹੀ ਘਰੋਂ ਚਲਾ ਗਿਆ ਸੀ ਅਤੇ ਢੇਰ ਰਾਤ ਗੁਜ਼ਰੀ ਘਰ ਮੁੜਿਆ ਸੀ। ਕਾਕੇ ਨੂੰ ਸੁੱਤਾ ਦੇਖ ਕੇ ਉਸ ਦੇ ਸਾਹ ਵਿੱਚ ਸਾਹ ਆਇਆ ਸੀ।
ਪ੍ਰਸ਼ਨ 9. ‘ਕੁਲਫ਼ੀ’ ਕਹਾਣੀ ਦੀ ਸਮੱਸਿਆ ਬਾਰੇ ਜਾਣਕਾਰੀ ਦਿਓ।
ਉੱਤਰ : ‘ਕੁਲਫ਼ੀ’ ਕਹਾਣੀ ਦੀ ਸਮੱਸਿਆ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਇੱਕ ਮੁਲਾਜ਼ਮ ਨਾਲ ਸੰਬੰਧਿਤ ਹੈ। ਉਸ ਦੀ ਤਨਖ਼ਾਹ ਮਹੀਨੇ ਦੇ ਪਹਿਲੇ ਪੰਦਰਾਂ ਦਿਨਾਂ ਵਿੱਚ ਹੀ ਮੁੱਕ ਜਾਂਦੀ ਹੈ। ਉਹ ਨਾ ਕੇਵਲ ਕੁਲਫ਼ੀ ਖਾਣ ਦੀ ਆਪਣੀ ਇੱਛਾ ਨੂੰ ਹੀ ਦਬਾਉਂਦਾ ਹੈ, ਸਗੋਂ ਆਪਣੇ ਪੁੱਤਰ (ਕਾਕੇ) ਦੀ ਮੁਰਮੁਰੇ ਅਤੇ ਕੁਲਫ਼ੀ ਦੀ ਇੱਛਾ ਵੀ ਪੂਰੀ ਨਹੀਂ ਕਰ ਸਕਦਾ। ਉਹ ਨੌਕਰੀ ਚਲੇ ਜਾਣ ਦੇ ਡਰ ਤੋਂ ਆਪਣੇ ਮਾਲਕ ਨੂੰ ਤਨਖ਼ਾਹ ਵਧਾਉਣ ਲਈ ਵੀ ਨਹੀਂ ਕਹਿੰਦਾ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਕਾਇਰ ਸਮਝਦਾ ਹੈ। ਪਰ ਉਹ ਆਪਣੇ ਪੁੱਤਰ (ਕਾਕੇ) ਨੂੰ ਸ਼ਾਹਾਂ ਦੇ ਮੁੰਡੇ ਤੋਂ ਕੁਲਫ਼ੀ ਖੋਹਣ ਕਾਰਨ ਬਹਾਦਰ ਆਖਦਾ ਹੈ।
ਪ੍ਰਸ਼ਨ 10. “ਕੁਝ ਵੰਡ ਸੁਦੈਣੇ, ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੰਮਿਐ।” ਇਹਨਾਂ ਸ਼ਬਦਾਂ ਦੀ ਵਿਆਖਿਆ ਕਰੋ।
ਉੱਤਰ : ਇਹ ਸ਼ਬਦ ਕਹਾਣੀ ਦੇ ਅੰਤ ‘ਤੇ ਕਹਾਣੀਕਾਰ ਆਪਣੀ ਪਤਨੀ ਨੂੰ ਕਹਿੰਦਾ ਹੈ। ਕਾਕੇ ਵੱਲੋਂ ਸ਼ਾਹਾਂ ਦੇ ਮੁੰਡੇ ਤੋਂ ਕੁਲਫ਼ੀ ਖੋਹਣ ਕਾਰਨ ਸ਼ਾਹਣੀ ਉਲਾਂਭਾ ਲੈ ਕੇ ਆਉਂਦੀ ਹੈ । ਕਾਕੇ ਦੀ ਮਾਂ ਜਦ ਉਸ ਦੇ ਚਪੇੜ ਮਾਰਨ ਲੱਗਦੀ ਹੈ ਤਾਂ ਲੇਖਕ/ਕਹਾਣੀਕਾਰ ਆਪਣੀ ਪਤਨੀ ਨੂੰ ਇਹ ਸ਼ਬਦ ਕਹਿੰਦਾ ਹੈ। ਉਹ ਆਪਣੇ ਆਪ ਨੂੰ ਕਾਇਰ ਸਮਝਦਾ ਹੈ ਕਿਉਂਕਿ ਉਹ ਨੌਕਰੀ ਜਾਣ ਦੇ ਡਰ ਤੋਂ ਆਪਣੇ ਮਾਲਕ ਨੂੰ ਆਪਣੀ ਤਨਖ਼ਾਹ ਵਧਾਉਣ ਲਈ ਨਹੀਂ ਸੀ ਕਹਿ ਸਕਿਆ। ਪਰ ਉਹ ਕਾਕੇ ਨੂੰ ਸ਼ਾਹਾਂ ਦੇ ਮੁੰਡੇ ਤੋਂ ਕੁਲਫ਼ੀ ਖੋਹਣ ਕਾਰਨ ਬਹਾਦਰ ਆਖਦਾ ਹੈ।
ਪ੍ਰਸ਼ਨ 11. ਕੁਲਫ਼ੀ ਕਹਾਣੀ ਦੇ ਲੇਖਕ ਬਾਰੇ ਜਾਣਕਾਰੀ ਦਿਓ।
ਉੱਤਰ : ‘ਕੁਲਫ਼ੀ’ ਕਹਾਣੀ ਦਾ ਲੇਖਕ ਸੁਜਾਨ ਸਿੰਘ ਹੈ। ਉਹ ਪੰਜਾਬੀ ਦਾ ਪ੍ਰਗਤੀਵਾਦੀ ਕਹਾਣੀਕਾਰ ਹੈ। ਉਸ ਦਾ ਜਨਮ 1909 ਈ. ਵਿੱਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋਇਆ। ਉਸ ਦੀ ਉਮਰ ਗਿਆਰਾਂ ਸਾਲਾਂ ਦੀ ਸੀ ਜਦ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਸੁਜਾਨ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਗ਼ਰੀਬੀ ਦੇ ਬੜੇ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕੀਤੇ ਹਨ। ਦੁੱਖ- ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ, ਮਨੁੱਖ ਤੇ ਪਸ਼ੂ, ਸਭ ਰੰਗ, ਨਵਾਂ ਰੰਗ, ਸਵਾਲ ਜਵਾਬ, ਸ਼ਹਿਰ ਤੇ ਗ੍ਰਾਂ ਉਸ ਦੇ ਕਹਾਣੀ-ਸੰਗ੍ਰਹਿ ਹਨ। ‘ਸ਼ਹਿਰ ਤੇ ਗ੍ਰਾਂ’ ਪੁਸਤਕ ਲਈ ਆਪ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਆਪ ਸਕੂਲ ਅਧਿਆਪਕ ਤੇ ਪ੍ਰੋਫ਼ੈਸਰ ਰਹੇ ਅਤੇ ਕਾਲਜ-ਪ੍ਰਿੰਸੀਪਲ ਵਜੋਂ ਸੇਵਾ-ਮੁਕਤ ਹੋਏ। 1993 ਈ. ਵਿੱਚ ਆਪ ਦਾ ਦਿਹਾਂਤ ਹੋ ਗਿਆ।