CBSEEducationNCERT class 10thPunjab School Education Board(PSEB)

ਕਿੱਸੇ ਦੀ ਸਮਾਪਤੀ : ਪ੍ਰਸੰਗ ਸਹਿਤ ਵਿਆਖਿਆ


ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ :

ਖ਼ਤਮ ਰੱਬ ਦੇ ਕਰਮ ਦੇ ਨਾਲ ਹੋਈ,

ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ ।

ਐਸਾ ਸ਼ਿਅਰ ਕੀਤਾ ਪੁਰ ਮਗਜ਼ ਮੌਜੀ,

ਜੇਹੀ ਮੋਤੀਆਂ ਲੜੀ ਸਵਾਰ ਦੀ ਸੀ ।

ਤੂਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ,

ਜਿਹਾ ਰੰਗ ਦੇ ਖ਼ੂਬ ਬਹਾਰ ਦੀ ਸੀ ।

ਤਫ਼ਸੀਲ ਦੇ ਨਾਲ ਬਿਆਨ ਕੀਤਾ,

ਜੇਹੀ ਜ਼ੀਨਤ ਲਾਲ ਦੇ ਹਾਰ ਦੀ ਸੀ ।

ਜੇ ਕੋਈ ਪੜ੍ਹੇ ਸੋ ਬਹੁਤ ਪ੍ਰਸੰਨ ਹੋਵੇ,

ਵਾਹਵਾ ਸਭ ਖ਼ਲਕ ਪੁਕਾਰ ਦੀ ਸੀ ।

ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਸੀ,

ਜੇਹੀ ਹੀਰ ਨੂੰ ਭੜਕਨਾ ਯਾਰ ਦੀ ਸੀ ।

ਪ੍ਰਸੰਗ : ਇਹ ਕਾਵਿ-ਟੋਟਾ ਵਾਰਿਸ ਸ਼ਾਹ ਦੀ ‘ਹੀਰ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਕਿੱਸੇ ਦੀ ਸਮਾਪਤੀ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਹ ਸਤਰਾਂ ਮੂਲ ਕਿੱਸੇ ਦੇ ਅੰਤ ਵਿੱਚ ਆਉਂਦੀਆਂ ਹਨ ਤੇ ਇਨ੍ਹਾਂ ਵਿੱਚ ਕਵੀ ਕਿੱਸੇ ਦੀ ਸਮਾਪਤੀ ਤੇ ਇਸ ਦੇ ਸਾਹਿਤਕ ਗੁਣਾਂ ਤੇ ਲੋਕਾਂ ਉੱਪਰ ਪ੍ਰਭਾਵ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ।

ਵਿਆਖਿਆ : ਵਾਰਿਸ ਸ਼ਾਹ ਕਹਿੰਦਾ ਹੈ ਕਿ ਉਸ ਦੇ ਪਿਆਰੇ ਮਿੱਤਰ ਨੇ ਫ਼ਰਮਾਇਸ਼ ਕਰ ਕੇ ਉਸ ਨੂੰ ‘ਹੀਰ’ ਦੀ ਪ੍ਰੀਤ-ਕਹਾਣੀ ਨੂੰ ਕਵਿਤਾ ਵਿੱਚ ਲਿਖਣ ਲਈ ਕਿਹਾ ਸੀ ਤੇ ਇਸ ਕਹਾਣੀ ਨੂੰ ਕਵਿਤਾ ਵਿਚ ਬਿਆਨ ਕਰਨ ਦਾ ਕੰਮ ਰੱਬ ਦੀ ਮਿਹਰ ਨਾਲ ਪੂਰਾ ਹੋ ਗਿਆ ਹੈ। ਇਸ ਕਿੱਸੇ ਵਿੱਚ ਮੈਂ ਪੂਰਾ ਦਿਮਾਗ਼ ਲਾ ਕੇ ਇੰਨੇ ਮੁਨਾਸਬ ਢੰਗ ਨਾਲ ਕਵਿਤਾ ਦੇ ਸ਼ੇਅਰ ਉਚਾਰੇ ਹਨ ਕਿ ਇਹ ਇਕ ਸੁਆਰ ਕੇ ਪਰੋਈ ਹੋਈ ਮੋਤੀਆਂ ਦੀ ਲੜੀ ਜਾਪਦੀ ਹੈ। ਇਸ ਕਿੱਸੇ ਵਿੱਚ ਮੈਂ ਸਾਰਾ ਬਿਆਨ ਪੂਰੇ ਵਿਸਥਾਰ ਨਾਲ ਖੋਲ੍ਹ ਕੇ ਪੇਸ਼ ਕਰਦਿਆਂ ਉਹ ਰੰਗ ਭਰਿਆ ਹੈ, ਜੋ ਸੋਹਣੀ ਬਹਾਰ ਦਾ ਰੰਗ ਹੁੰਦਾ ਹੈ। ਮੈਂ ਇਸ ਕਿੱਸੇ ਦੇ ਬਿਆਨ ਨੂੰ ਖੋਲ੍ਹ ਕੇ ਇਸ ਵਿੱਚ ਉਹ ਸਜਾਵਟ ਭਰੀ ਹੈ, ਜਿਹੜੀ ਸਜਾਵਟ ਦੀ ਹਾਰ ਵਿੱਚ ਪਰੋਏ ਜਾਣ ਵਾਲੇ ਲਾਲ ਨੂੰ ਜ਼ਰੂਰਤ ਹੁੰਦੀ ਹੈ। ਜਿਹੜਾ ਵੀ ਇਸ ਕਿੱਸੇ ਨੂੰ ਪੜ੍ਹਦਾ ਹੈ, ਉਹ ਬਹੁਤ ਖ਼ੁਸ਼ ਹੁੰਦਾ ਹੈ ਤੇ ਸਾਰੀ ਦੁਨੀਆ ਇਸ ਕਿੱਸੇ ਨੂੰ ਸੁਣ ਕੇ ਇਸ ਦੀ ਤਾਰੀਫ਼ ਵਿੱਚ ‘ਵਾਹ ਵਾਹ’ ਕਰ ਰਹੀ ਹੈ। ਇਹ ਕਿੱਸਾ ਲਿਖਣ ਸਮੇਂ ਵਾਰਿਸ ਸ਼ਾਹ ਦੇ ਦਿਲ ਵਿੱਚ ਆਪਣੇ ਪਿਆਰੇ ਨੂੰ ਮਿਲਣ ਦੀ ਇਸੇ ਤਰ੍ਹਾਂ ਤੀਬਰ ਇੱਛਾ ਸੀ, ਜਿਸ ਤਰ੍ਹਾਂ ਹੀਰ ਦੇ ਮਨ ਵਿੱਚ ਆਪਣੇ ਯਾਰ ਰਾਂਝੇ ਨੂੰ ਮਿਲਣ ਦੀ ਤੜਫ਼ ਸੀ।


ਕਿੱਸੇ ਦੀ ਸਮਾਪਤੀ