ਕਾਰ ਵਿਹਾਰ ਦੇ ਪੱਤਰ
ਪਿੰਡ ਦੇ ਇੱਕ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਵੱਲੋਂ ਪੰਜਾਬ ਪੋਲਟਰੀ ਕਮਿਸ਼ਨ ਨੂੰ ਇੱਕ ਪੱਤਰ ਲਿਖੋ ਅਤੇ ਪੋਲਟਰੀ ਫਾਰਮ ਖੋਲ੍ਹਣ ਵਾਸਤੇ ਨਿਗਮ ਪਾਸ ਮਿਲਦੀ ਵਿੱਤੀ ਮਦਦ ਦੀ ਜਾਣਕਾਰੀ ਦੀ ਮੰਗ ਕਰੋ।
ਪਿੰਡ ਤੇ ਡਾਕਖਾਨਾ ਬਿਆਸ ਪਿੰਡ,
ਜਲੰਧਰ।
13 ਮਾਰਚ, 20……
ਸੇਵਾ ਵਿਖੇ,
ਮੈਨੇਜਿੰਗ ਡਾਇਰੈਕਟਰ,
ਪੰਜਾਬ ਪਲਟਰੀ ਫਾਰਮ ਨਿਗਮ,
ਚੰਡੀਗੜ੍ਹ।
ਵਿਸ਼ਾ : ਪੋਲਟਰੀ ਫਾਰਮ ਖੋਲ੍ਹਣ ਲਈ ਵਿੱਤੀ ਮਦਦ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਬੀ.ਏ. ਪਾਸ ਕੀਤੀ ਹੋਈ ਹੈ ਪਰ ਅਜੇ ਤੱਕ ਮੈਂ ਬੇਰੁਜ਼ਗਾਰ ਹਾਂ। ਮੈਂ ਸੋਚ ਰਿਹਾ ਹਾਂ ਕਿ ਕਿਉਂ ਨਾ ਮੈਂ ਆਪਣੇ ਪਿੰਡ ਪੋਲਟਰੀ ਫਾਰਮ ਹੀ ਖੋਲ੍ਹ ਲਵਾਂ। ਪੋਲਟਰੀ ਫਾਰਮ ਲਈ ਮੇਰੇ ਕੋਲ ਕਾਫ਼ੀ ਜ਼ਮੀਨ ਤੇ ਹੋਰ ਵੀ ਕਈ ਸਹੂਲਤਾਂ ਹਨ, ਜੋ ਇਸ ਕਾਰਜ ਵਿੱਚ ਲੋੜੀਂਦੀਆਂ ਹਨ। ਪੋਲਟਰੀ ਫਾਰਮ ਖੋਲ੍ਹਣ ਦੀ ਯੋਜਨਾ ਕਾਰਨ ਹੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਇਸ ਸਬੰਧੀ ਤਿੰਨ ਮਹੀਨਿਆਂ ਦਾ ਟਰੇਨਿੰਗ ਕੋਰਸ ਵੀ ਕੀਤਾ ਹੈ। ਪਰ ਵਿੱਤੀ ਲੋੜਾਂ ਦੀ ਕੁਝ ਘਾਟ ਜਾਪਦੀ ਹੈ।
ਰੁਜ਼ਗਾਰ ਯੋਜਨਾ ਤਹਿਤ ਆਪ ਜੀ ਦੇ ਨਿਗਮ ਵੱਲੋਂ ਬਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਲਈ ਮਾਲੀ ਮਦਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਸਵੈ-ਰੁਜ਼ਗਾਰ ਲਈ ਵਿੱਤੀ ਮਦਦ ਲੈਣ ਸਬੰਧੀ ਪੂਰੀ-ਪੂਰੀ ਜਾਣਕਾਰੀ ਦੇ ਦਿਓ, ਤਾਂ ਜੋ ਮੈਂ ਆਪਣਾ ਕੰਮ ਖੋਲ੍ਹ ਕੇ ਬੇਰੁਜ਼ਗਾਰੀ ਤੋਂ ਨਿਜਾਤ ਪਾ ਸਕਾਂ।
ਆਸ ਹੈ ਕਿ ਆਪ ਦੇ ਮਹਿਕਮੇ ਵੱਲੋਂ ਮੈਨੂੰ ਵੇਰਵੇ ਸਹਿਤ ਪੂਰੀ ਜਾਣਕਾਰੀ ਜਲਦੀ ਮੁਹੱਈਆ ਕਰਵਾਈ ਜਾਏਗੀ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਸਤਪਾਲ ਸਿੰਘ।