CBSELetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਕਾਰ ਵਿਹਾਰ ਦੇ ਪੱਤਰ


ਭਾਰਤ ਟੈੱਕਟਰ ਕੰਪਨੀ, ਪੰਚਕੂਲਾ ਵੱਲੋਂ ਸੱਜਣ ਆਟੋ ਸਪੇਅਰਜ਼, ਬਰਨਾਲਾ ਨੂੰ ਸਪੇਅਰ ਪਾਰਟਸ ਦੀ ਏਜੰਸੀ ਨਹੀਂ ਦਿੱਤੀ ਗਈ ਕਿਉਂਕਿ ਇੱਕ ਤਾਂ ਉਹਨਾਂ ਕੋਲ ਖੁੱਲ੍ਹੀ ਜਗ੍ਹਾ ਨਹੀਂ ਹੈ ਅਤੇ ਦੂਸਰੇ ਉਸ ਸ਼ਹਿਰ ਵਿੱਚ ਪਹਿਲਾਂ ਹੀ ਇੱਕ ਏਜੰਸੀ ਹੈ। ਸੱਜਣ ਆਟੋ ਸਪੇਅਰਜ਼ ਵੱਲੋਂ ਇਸ ਕੇਸ ਨੂੰ ਦੁਬਾਰਾ ਖੋਲ੍ਹਣ ਅਤੇ ਏਜੰਸੀ ਦੇਣ ਦੇ ਹੱਕ ਵਿੱਚ ਦਲੀਲਾਂ ਦਿਓ।


ਸੱਜਣ ਆਟੋ ਸਪੇਅਰਜ਼,

ਰੇਲਵੇ ਰੋਡ,

ਬਰਨਾਲਾ।

ਹਵਾਲਾ ਨੰਬਰ : 165,

ਮਿਤੀ: 27 ਅਪਰੈਲ, 20……

ਮੈਨੇਜਰ ਸਾਹਿਬ,

ਭਾਰਤ ਟ੍ਰੈਕਟਰ ਕੰਪਨੀ,

ਪੰਚਕੂਲਾ।

ਵਿਸ਼ਾ : ਸਪੇਅਰ ਪਾਰਟਸ ਦੀ ਏਜੰਸੀ ਸੰਬੰਧੀ।

ਸ੍ਰੀਮਾਨ ਜੀ,

ਅਸੀਂ ਆਪਣੇ ਪੱਤਰ ਨੰਬਰ 57, ਮਿਤੀ ……. ਰਾਹੀਂ ਆਪ ਜੀ ਪਾਸੋਂ ਸਪੇਅਰ ਪਾਰਟਸ ਦੀ ਏਜੰਸੀ ਲੈਣ ਲਈ ਬੇਨਤੀ ਕੀਤੀ ਸੀ। ਇਸ ਸੰਬੰਧ ਵਿੱਚ ਤੁਹਾਡਾ ਪੱਤਰ ਨੰਬਰ 122, ਮਿਤੀ …….. ਪ੍ਰਾਪਤ ਹੋਇਆ ਹੈ। ਤੁਸੀਂ ਹੇਠ ਦਿੱਤੇ ਦੋ ਕਾਰਨਾਂ ਕਰਕੇ ਏਜੰਸੀ ਦੇਣ ਤੋਂ ਅਸਮਰਥਾ ਪ੍ਰਗਟਾਈ ਹੈ :

1. ਆਪਣੇ ਪ੍ਰਤੀਨਿਧੀ ਦੀ ਰਿਪੋਰਟ ਦੇ ਆਧਾਰ ਉੱਤੇ ਤੁਸੀਂ ਲਿਖਿਆ ਹੈ ਕਿ ਸਾਡੇ ਕੋਲ ਪੁਰਜ਼ੇ ਰੱਖਣ ਲਈ ਉਚਿਤ ਜਗ੍ਹਾ ਨਹੀਂ ਹੈ।

2. ਬਰਨਾਲਾ ਵਿਖੇ ਤੁਸੀਂ ਪਹਿਲਾਂ ਹੀ ਇੱਕ ਏਜੰਸੀ ਦਿੱਤੀ ਹੋਈ ਹੈ।

ਅਸੀਂ ਆਪ ਜੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਜੀ. ਟੀ. ਰੋਡ ‘ਤੇ ਹੀ ਇੱਕ ਹੋਰ ਬਹੁਤ ਵੱਡਾ ਸ਼ੋ-ਰੂਮ ਖ਼ਰੀਦ ਲਿਆ ਹੈ। ਇਸ ਤਰ੍ਹਾਂ ਪੁਰਜ਼ੇ ਰੱਖਣ ਲਈ ਸਾਡੇ ਕੋਲ ਕਾਫ਼ੀ ਜਗ੍ਹਾ ਦੀ ਵਿਵਸਥਾ ਹੋ ਗਈ ਹੈ। ਇਸ ਸ਼ੋ-ਰੂਮ ਦੀ ਰਜਿਸਟਰੀ ਦੀ ਫੋਟੋ-ਕਾਪੀ ਇਸ ਪੱਤਰ ਨਾਲ ਭੇਜੀ ਜਾ ਰਹੀ ਹੈ।

ਤੁਸੀਂ ਲਿਖਿਆ ਹੈ ਕਿ ਤੁਸੀਂ ਬਰਨਾਲੇ ਵਿੱਚ ਪਹਿਲਾਂ ਹੀ ਇੱਕ ਏਜੰਸੀ ਦਿੱਤੀ ਹੋਈ ਹੈ। ਇਸ ਦੇ ਉੱਤਰ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਟੈੱਕਟਰਾਂ ਦੇ ਪੁਰਜ਼ਿਆਂ ਦੀ ਵਧ ਰਹੀ ਮੰਗ ਅਨੁਸਾਰ ਬਰਨਾਲੇ ਵਰਗੇ ਸ਼ਹਿਰ ਵਿੱਚ ਦੋ ਡੀਲਰਾਂ ਨੂੰ ਏਜੰਸੀ ਦੇਣਾ ਜਾਇਜ਼ ਹੈ। ਫਿਰ ਸਾਡਾ ਸ਼ੋ-ਰੂਮ ਉਸ ਡੀਲਰ ਤੋਂ ਬਹੁਤ ਦੂਰ ਹੈ ਜਿਸ ਨੂੰ ਤੁਸੀਂ ਪਹਿਲਾਂ ਹੀ ਏਜੰਸੀ ਦਿੱਤੀ ਹੋਈ ਹੈ। ਇਸ ਤਰ੍ਹਾਂ ਸਾਡੇ ਦੋਹਾਂ ਵੱਲੋਂ ਇੱਕ-ਦੂਜੇ ਦੀ ਸੇਲ ਨੂੰ ਪ੍ਰਭਾਵਿਤ ਕਰਨ ਦੀ ਕੋਈ ਸੰਭਾਵਨਾ ਨਹੀਂ।

ਅਸੀਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਏਜੰਸੀ ਮਿਲਨ ‘ਤੇ ਅਸੀਂ ਬੜੀ ਇਮਾਨਦਾਰੀ ਨਾਲ ਕੰਮ ਕਰਾਂਗੇ ਅਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੋਵੇਗੀ। ਸਾਡੇ ਕੋਲ ਬਹੁਤ ਸਿਆਣੇ/ਯੋਗ ਅਤੇ ਤਜਰਬੇਕਾਰ ਸੇਲਜ਼ਮੈਨ ਹਨ ਜੋ ਤੁਹਾਡੀ ਫ਼ਰਮ ਦੇ ਪੁਰਜ਼ਿਆਂ ਦੀ ਵਿਕਰੀ ਨੂੰ ਵਧਾਉਣ ਵਿੱਚ ਬਹੁਤ ਸਹਾਈ ਹੋਣਗੇ।

ਆਸ ਹੈ ਤੁਸੀਂ ਆਪਣੇ ਪਹਿਲੇ ਫ਼ੈਸਲੇ ‘ਤੇ ਮੁੜ ਵਿਚਾਰ ਕਰੋਗੇ ਅਤੇ ਜਲਦੀ ਹੀ ਉੱਤਰ ਦਿਓਗੇ।

ਤੁਹਾਡੇ ਹਾਂ-ਪੱਖੀ ਉੱਤਰ ਦੀ ਉਡੀਕ ਵਿੱਚ,

ਤੁਹਾਡਾ ਵਿਸ਼ਵਾਸਪਾਤਰ,

ਮੋਹਨ ਸਿੰਘ

ਵਾਸਤੇ ਸੱਜਣ ਆਟੋ ਸਪੇਅਰਜ਼।

ਨੱਥੀ ਦਸਤਾਵੇਜ :

ਸ਼ੋ-ਰੂਮ ਦੀ ਰਜਿਸਟਰੀ ਦੀ ਫੋਟੋ-ਕਾਪੀ