ਕਾਰ ਵਿਹਾਰ ਦੇ ਪੱਤਰ
ਤੁਸੀਂ ਇੱਕ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਹੋ। ਆਪਣੇ ਜਿਲ੍ਹੇ ਦੇ ਮੱਛੀ ਪਾਲਣ ਅਫ਼ਸਰ ਨੂੰ ਇੱਕ ਪੱਤਰ ਲਿਖ ਕੇ ਮੱਛੀ ਪਾਲਣ ਸਬੰਧੀ ਸਰਕਾਰ ਵੱਲੋਂ ਮਿਲਦੀ ਸਹਾਇਤਾ ਬਾਰੇ ਪੁੱਛੋ।
ਪਿੰਡ ਤੇ ਡਾਕਖਾਨਾ ਨੂਰਪੁਰ
ਜ਼ਿਲ੍ਹਾ ਕਪੂਰਥਲਾ
25 ਫਰਵਰੀ, 20…..
ਸੇਵਾ ਵਿਖੇ,
ਜ਼ਿਲ੍ਹਾ ਮੱਛੀ ਪਾਲਣ ਅਫ਼ਸਰ,
ਕਪੂਰਥਲਾ।
ਵਿਸ਼ਾ : ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਬਾਰੇ।
ਸ਼੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਹਾਂ। ਮੈਂ ਪਿਛਲੇ ਸਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਏ. ਪਾਸ ਕੀਤੀ ਹੈ ਪਰ ਮੈਨੂੰ ਅੱਜ ਤੱਕ ਕੋਈ ਨੌਕਰੀ ਨਹੀਂ ਮਿਲੀ। ਮੇਰੇ ਇੱਕ ਮਿੱਤਰ ਨੇ ਮੈਨੂੰ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ ਜੋ ਮੇਰੇ ਮਨ ਨੂੰ ਚੰਗੀ ਲੱਗੀ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਇਸ ਕੰਮ ਵਿੱਚ ਆਮ ਲੋਕਾਂ ਦੀ ਕਾਫੀ ਮਦਦ ਕਰ ਰਹੀ ਹੈ। ਸੋ ਮੈਂ ਇਹ ਕੰਮ ਕਰਨਾ ਚਾਹੁੰਦਾ ਹਾਂ ਤੇ ਇਸ ਲਈ ਮੇਰੇ ਕੋਲ ਹੇਠ ਲਿਖੀਆਂ ਸਹੂਲਤਾਂ ਉਪਲਬਧ ਹਨ—
ਮੇਰੇ ਕੋਲ ਆਪਣੀ 2 ਕਿੱਲੇ ਜ਼ਮੀਨ ਹੈ ਜੋ ਕਿ ਨਹਿਰ ਦੇ ਨਾਲ ਲੱਗਦੀ ਹੈ। ਮੇਰੇ ਕੋਲ ਆਪਣਾ ਬਚਾਇਆ ਲਗਭਗ ਡੇਢ ਲੱਖ ਰੁਪਿਆ ਹੈ। ਮੈਂ ਆਪਣੇ ਫਾਰਮ ਵਿੱਚ ਪੈਦਾ ਹੋਈਆਂ ਮੱਛੀਆਂ ਲਾਗੇ ਲੱਗਦੇ ਜ਼ਿਲ੍ਹਿਆਂ ਵਿੱਚ ਸਪਲਾਈ ਕਰ ਸਕਦਾ ਹਾਂ।
ਮੈਨੂੰ ਆਸ ਹੈ ਕਿ ਮੈਂ ਇਸ ਕੰਮ ਵਿੱਚ ਕਾਮਯਾਬੀ ਪ੍ਰਾਪਤ ਕਰਾਂਗਾ ਤੇ ਇੱਕ ਚੰਗਾ ਸਫ਼ਲ ਮੱਛੀ ਉਤਪਾਦਕ ਸਿੱਧ ਹੋਵਾਂਗਾ। ਕਿਰਪਾ ਕਰਕੇ ਮੈਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਇਹ ਕੰਮ ਅਰੰਭ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਮੈਨੂੰ ਕੀ ਸਿਖਲਾਈ ਦਿੱਤੀ ਜਾਵੇਗੀ ਤੇ ਕਿੰਨੀ ਹਾਸ਼ੀ ਦੇਵੇਗੀ ਤੇ ਉਸਨੂੰ ਉਤਾਰਨ ਸਬੰਧੀ ਕੀ ਸ਼ਰਤਾਂ ਹੋਣਗੀਆਂ? ਮੈਨੂੰ ਛੇਤੀ ਤੋਂ ਛੇਤੀ ਇਹ ਜਾਣਕਾਰੀ ਉਪਲਬਧ ਕਰਵਾਈ ਜਾਵੇ ਤਾਂ ਜੋ ਮੈਂ ਇਸ ਕੰਮ ਸਬੰਧੀ ਕੋਈ ਫੈਸਲਾ ਲੈ ਸਕਾਂ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਰਜਤ ਵਿਗ