ਕਹਾਣੀ ਦਾ ਸਾਰ : ਨੀਲੀ
ਪ੍ਰਸ਼ਨ : ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਨੀਲੀ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਨੀਲੀ’ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਰਚਨਾ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਸੂਆਂ ਦੀ ਮਾਨਸਿਕਤਾ ਅਤੇ ਮਨੁੱਖ ਦੇ ਸਵਾਰਥੀਪੁਣੇ ਨੂੰ ਪੇਸ਼ ਕੀਤਾ ਹੈ। ਇਸ ਕਹਾਣੀ ਦਾ ਸਾਰ ਇਸ ਪ੍ਰਕਾਰ ਹੈ:
ਨੀਲੀ ਨਾਂ ਦੀ ਗਾਂ ਰੰਗ ਦੀ ਗੋਰੀ ਸੀ। ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ। ਕਹਾਣੀਕਾਰ ਦੀ ਪਤਨੀ ਨੇ ਇਸੇ ਕਰਕੇ ਨੀਲੀ ਨੂੰ ਚੁਣ ਕੇ ਉਸ ਦੇ ਦੁੱਧ ਦਾ ਭਾਅ ਚੁਕਾਇਆ ਸੀ। ਗਵਾਲਾ ਹਰ ਰੋਜ਼ ਨੀਲੀ ਨੂੰ ਕਹਾਣੀਕਾਰ ਦੀ ਕੋਠੀ ਲੈ ਆਉਂਦਾ ਅਤੇ ਮਹਿੰਦੀ ਦੇ ਬੂਟੇ ਹੇਠ ਖਲੋਤੀ ਗਾਂ ਦਾ ਦੁੱਧ ਗਾਗਰ ਭਰ ਕੇ ਚੋਂਦਾ। ਦੁੱਧ ਦਾ ਭਾਅ ਮੁਕਾਉਣ ਵੇਲੇ ਕਹਾਣੀਕਾਰ ਦੀ ਪਤਨੀ ਨੇ ਨੀਲੀ ਨੂੰ ਚੰਗਾ ਚਾਰਾ ਖੁਆਉਣ ਦੀ ਸ਼ਰਤ ਗਵਾਲੇ ਅੱਗੇ ਰੱਖੀ ਸੀ। ਕਹਾਣੀਕਾਰ ਦੀ ਪਤਨੀ ਕਦੇ-ਕਦੇ ਟੋਕਰੀ ਵੀ ਵੇਖ ਲੈਂਦੀ ਸੀ। ਡੰਗਰ ਨੂੰ ਚੰਗੀ ਖ਼ੁਰਾਕ ਮਿਲਨ ਨਾਲ ਦੁੱਧ ਵਧੀਆ ਹੁੰਦਾ ਹੈ ਅਤੇ ਮੱਖਣ ਵੀ ਚੋਖਾ ਨਿਕਲਦਾ ਹੈ। ਹਰ ਰੋਜ਼ ਨੀਲੀ ਦੇ ਆਉਣ ‘ਤੇ ਕਹਾਣੀਕਾਰ ਉਸ ਦੀ ਖ਼ੁਰਾਕ ਖਾਣ ਦੀ ਤੇਜ਼ੀ ਬਾਰੇ ਸੋਚਦਾ ਰਹਿੰਦਾ। ਨੀਲੀ ਜਦ ਕਹਾਣੀਕਾਰ ਦੀ ਕੋਠੀ ਆਉਂਦੀ ਤਾਂ ਕਦੇ ਉਹ ਸੌਂ ਰਹੇ ਹੁੰਦੇ, ਕਦੇ ਸੌਂ ਕੇ ਉੱਠ ਰਹੇ ਹੁੰਦੇ ਅਤੇ ਕਦੇ ਸੌਂ ਕੇ ਉੱਠ ਚੁੱਕੇ ਹੁੰਦੇ। ਕਈ ਮਹੀਨੇ ਇਸੇ ਤਰ੍ਹਾਂ ਬੀਤ ਗਏ। ਨੀਲੀ ਨੂੰ ਨਵੀਂ ਹੋਈ ਨੂੰ ਕਿੰਨੇ ਦਿਨ ਹੋ ਚੁੱਕੇ ਸਨ। ਨੀਲੀ ਅੱਜ ਦੁੱਧ ਤੋਂ ਲੱਤ ਮਾਰ ਗਈ ਸੀ। ਕੁਝ ਦਿਨਾਂ ਬਾਅਦ ਨੀਲੀ ਨੇ ਫਿਰ ਆਉਣਾ ਸ਼ੁਰੂ ਕਰ ਦਿੱਤਾ। ਹੁਣ ਨੀਲੀ ਦੇ ਪਿੱਛੇ ਉਹਦੀ ਵੱਛੀ ਵੀ ਆਉਂਦੀ ਜੋ ਨਿਰੀ-ਪੁਰੀ ਨੀਲੀ ਵਰਗੀ ਹੀ ਸੀ।
ਕਹਾਣੀਕਾਰ ਦੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ‘ਤੇ ਨਿਰਭਰ ਹੋ ਗਈ ਸੀ। ਨੀਲੀ ਦਾ ਇੱਕ ਵੇਲੇ ਦਾ ਸਾਰਾ ਦੁੱਧ ਉਹ ਖ਼ਰੀਦ ਲੈਂਦੇ। ਕਹਾਣੀਕਾਰ ਦੀ ਪਤਨੀ (ਤ੍ਰੀਮਤ) ਮੁੜ-ਮੁੜ ਗਵਾਲੇ ਨੂੰ ਵੱਛੀ ਲਈ ਵਧੇਰੇ ਦੁੱਧ ਛੱਡਣ ਲਈ ਆਖਦੀ ਪਰ ਉਹ ਨੱਕ ਵਿੱਚ ਕੁਝ ਗੁਣਗੁਣਾ ਛੱਡਦਾ। ਗਵਾਲੇ ਨੇ ਨੀਲੀ ਲਈ ਮਸਾਲਾ ਵੀ ਲਿਆਉਣਾ ਬੰਦ ਕਰ ਦਿੱਤਾ। ਸ਼ਿਕਾਇਤ ਕਰਨ ‘ਤੇ ਗਵਾਲਾ ਆਖਦਾ ਕਿ ਉਹ ਨੀਲੀ ਨੂੰ ਬਕਾਇਦਾ ਮਸਾਲਾ ਖੁਆਉਂਦਾ ਹੈ। ਉਸ ਨੇ ਇਸ ਦਾ ਸਮਾਂ ਹੀ ਬਦਲਿਆ ਹੈ। ਕਹਾਣੀਕਾਰ ਦੀ ਤ੍ਰੀਮਤ ਇਸ ਗੱਲ ‘ਤੇ ਖਪਣ ਲੱਗ ਪਈ ਕਿ ਦੁੱਧ ਪਾਣੀ ਵਰਗਾ ਸੀ ਤੇ ਗਵਾਲਾ ਵੱਛੀ ਲਈ ਚੂਲੀ ਦੁੱਧ ਨਹੀਂ ਸੀ ਛੱਡਦਾ। ਪਰ ਗਵਾਲਾ ਆਖਦਾ ਕਿ ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਹੈ ਅਤੇ ਬਾਅਦ ਵਿੱਚ ਉਸ ਨੂੰ ਪਿਆਉਂਦੀ ਹੈ।
ਅਖੀਰ ਨੀਲੀ ਦੀ ਵੱਛੀ ਮਰ ਗਈ। ਅਗਲੇ ਦਿਨ ਗਵਾਲੇ ਨੇ ਨਿਕੇ ਜਿਹੇ ਮੂੰਹ ਨਾਲ ਆ ਕੇ ਦੱਸਿਆ ਕਿ ਵੱਛੀ ਮਰ ਗਈ ਸੀ ਤੇ ਨੀਲੀ ਨੇ ਕੁਝ ਖਾਧਾ-ਪੀਤਾ ਨਹੀਂ ਸੀ। ਅਸਲ ਵਿੱਚ ਉਹ ਇੱਕ ਦਿਨ ਦੁੱਧ ਦਾ ਨਾਗਾ ਹੋਣ ਬਾਰੇ ਦੱਸਣ ਆਇਆ ਸੀ। ਕਹਾਣੀਕਾਰ ਦੀ ਪਤਨੀ ਦੰਦ ਕਰੀਚ ਕੇ ਰਹਿ ਗਈ। ਉਸ ਨੂੰ ਪਤਾ ਸੀ ਕਿ ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ। ਪਰ ਗਵਾਲੇ ਵਿਚਾਰੇ ਦਾ ਤਾਂ ਪਹਿਲਾਂ ਹੀ ਨੁਕਸਾਨ ਹੋ ਗਿਆ ਸੀ। ਫਿਰ ਗਾਂ ਦਾ ਵੀ ਪਤਾ ਨਹੀਂ ਸੀ ਕਿ ਉਹ ਉੱਕਾ ਹੀ ਲੱਤ ਮਾਰ ਜਾਵੇ। ਇਸ ਲਈ ਕਹਾਣੀਕਾਰ ਦੀ ਪਤਨੀ ਚੁੱਪ ਰਹੀ ਪਰ ਗਵਾਲੇ ਦੇ ਮੁੜਨ ‘ਤੇ ਉਹ ਬੁੱਲ੍ਹਾਂ ਵਿੱਚ ਬੁੜਬੁੜਾ ਕੇ ਕਹਿਣ ਲੱਗੀ, “ਚੂਲੀ ਦੁੱਧ ਬਚਾਣ ਲਈ ਭੈੜੇ ਨੇ ਵੱਛੀ ਗੁਆ ਲਈ ਏ।”
ਅਗਲੇ ਸਵੇਰੇ ਨੀਲੀ ਗੇਟ ਦੇ ਬਾਹਰ ਆ ਕੇ ਖੜੋ ਗਈ। ਗਵਾਲਾ ਪਿੱਛੇ ਮਸਾਲੇ ਦੀ ਟੋਕਰੀ ਲੈ ਕੇ ਆ ਰਿਹਾ ਸੀ। ਪਹਿਲਾਂ ਨੀਲੀ ਧੁੱਸ ਮਾਰ ਕੇ ਗੇਟ ਖੋਲ੍ਹ ਲੈਂਦੀ ਸੀ ਅਤੇ ਜੇਕਰ ਗੇਟ ਬੰਦ ਹੁੰਦਾ ਤਾਂ ਸਿੰਗਾਂ ਨਾਲ ਖੜਕਾਉਣ ਲੱਗ ਪੈਂਦੀ ਸੀ। ਪਰ ਅੱਜ ਉਹ ਉਦਾਸੀਆਂ ਅੱਖਾਂ ਨਾਲ
ਨਿੰਮੋਝੂਣ ਆ ਕੇ ਖਲੋ ਗਈ ਸੀ। ਗਵਾਲਾ ਅੰਦਰ ਆਇਆ ਤਾਂ ਉਹਦੇ ਪਿੱਛੇ ਨੀਲੀ ਗਿਣ-ਗਿਣ ਕੇ ਕਦਮ ਰੱਖ ਰਹੀ ਸੀ।
ਮਹਿੰਦੀ ਦੇ ਬੂਟੇ ਥੱਲੇ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ। ਨੀਲੀ ਜੱਕ-ਤੱਕ ਕਰਦੀ ਅੱਗੇ ਹੋਈ ਪਰ ਉਸ ਮੂੰਹ ਮੋੜ ਲਿਆ। ਗਵਾਲੇ ਨੇ ਉਸ ਨੂੰ ਪੁਚਕਾਰ ਕੇ ਕੁਝ ਖੁਆਉਣ ਦੀ ਬਹੁਤ ਕੋਸ਼ਸ਼ ਕੀਤੀ ਪਰ ਸਭ ਬੇਅਰਥ। ਅੱਜ ਉਸ ਤੋਂ ਕੁਝ ਨਹੀਂ ਸੀ ਖਾਧਾ ਜਾ ਰਿਹਾ। ਪਰੇਸ਼ਾਨ ਹੋਇਆ ਗਵਾਲਾ ਟੋਕਰੀ ਚੁੱਕ ਕੇ ਮੁੜ ਪਿਆ। ਨੀਲੀ ਉਹਦੇ ਪਿੱਛੇ ਤੁਰ ਗਈ। ਕਹਾਣੀਕਾਰ ਦੀ ਪਤਨੀ ਨੇ ਨੌਕਰ ਨੂੰ ਡੇਅਰੀ ਤੋਂ ਦੁੱਧ ਲਿਆਉਣ ਲਈ ਕਿਹਾ। ਕਹਾਣੀਕਾਰ ਆਪਣੀ ਬੱਚੀ ਨੂੰ ਛਾਤੀ ਨਾਲ ਲਾਈ ਦੂਰ ਤੱਕ ਜਾਂਦੀ ਨੀਲੀ ਨੂੰ ਦੇਖ ਰਿਹਾ ਸੀ।
ਅਗਲੇ ਦਿਨ ਮੂੰਹ-ਹਨੇਰੇ ਹੀ ਗਵਾਲੇ ਦੇ ਪਿੱਛੇ-ਪਿੱਛੇ ਨੀਲੀ ਆਈ। ਗਵਾਲੇ ਨੇ ਮਹਿੰਦੀ ਦੇ ਬੂਟੇ ਥੱਲੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਟੋਕਰੀ ਵਿੱਚ ਮੂੰਹ ਮਾਰਨ ਲੱਗੀ। ਨੀਲੀ ਨੂੰ ਇਸ ਤਰ੍ਹਾਂ ਮਸਾਲਾ ਖਾਂਦੀ ਦੇਖ ਕੇ ਗਵਾਲਾ ਗਾਗਰ ਲੈ ਕੇ ਨੀਲੀ ਕੋਲ ਦੁੱਧ ਚੋਣ ਲਈ ਬੈਠ ਗਿਆ ਪਰ ਉਹ ਪਰੇ ਹੋ ਗਈ। ਨੀਲੀ ਤਿੰਨ ਦਿਨ ਦੀ ਭੁੱਖੀ ਸੀ। ਗਵਾਲੇ ਨੇ ਪੁਚਕਾਰ ਕੇ ਨੀਲੀ ਨੂੰ ਚੋਣ ਦਾ ਯਤਨ ਕੀਤਾ ਪਰ ਉਹ ਲੱਤ ਛੰਡ ਕੇ ਪਰੇ ਹੋ ਜਾਂਦੀ। ਦੁਖੀ ਹੋ ਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਨੂੰ ਖੋਹ ਲਿਆ। ਟੋਕਰੀ ਸਿਰ ‘ਤੇ ਰੱਖ ਕੇ ਉਹ ਤੇਜ਼-ਤੇਜ਼ ਮੁੜ ਤੁਰਿਆ। ਨੀਲੀ ਗਵਾਲੇ ਨੂੰ ਦੇਖਣ ਲੱਗੀ। ਜਦ ਗਵਾਲਾ ਕੋਠੀ ਦੇ ਕੋਲ ਪੁੱਜਾ ਤਾਂ ਨੀਲੀ ਅੜਿੰਗੀ ਜਿਵੇਂ ਗਵਾਲੇ ਨੂੰ ਬੁਲਾ ਰਹੀ ਹੋਵੇ। ਪਰ ਉਹ ਕੋਠੀ ਤੋਂ ਬਾਹਰ ਚਲਾ ਗਿਆ। ਨੀਲੀ ਕਿੰਨਾ ਚਿਰ ਮਹਿੰਦੀ ਦੇ ਬੂਟੇ ਹੇਠ ਖੜ੍ਹੀ ਬੂਥੀ ਚੁੱਕੀ ਗੇਟ ਵੱਲ ਦੇਖਦੀ ਰਹੀ ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ। ਕਦੇ-ਕਦੇ ਉਹ ਅੜਿੰਗਦੀ ਜਿਵੇਂ ਗਵਾਲੇ ਨੂੰ ਅਵਾਜ਼ਾਂ ਮਾਰਦੀ ਕਹਿ ਰਹੀ ਹੋਵੇ ਕਿ “ਮੇਰੇ ਮਾਲਕ! ਤੈਨੂੰ ਕਿਉਂ ਨਹੀਂ ਸਮਝ ਆਉਂਦੀ, ਅਜੇ ਤੇ ਦੋ ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮੋਇਆਂ…… ਅੱਜ ਤਿੰਨ ਦਿਨਾਂ ਦੀ ਮੈਂ ਭੁੱਖੀ-ਭਾਣੀ ਡਿੱਕਡੋਲੇ ਪਈ ਖਾਂਦੀ ਹਾਂ। ਮੈਂ ਨਹੀਂ ਕਹਿੰਦੀ ਮੈਂ ਹਮੇਸ਼ਾਂ ਦੁੱਧ ਨਹੀਂ ਦਿਆਂਗੀ। ਮੈਂ ਦੁੱਧ ਦਿਆਂਗੀ। ਪਰ ਕੁਝ ਚਿਰ ਹੋਰ ਤੂੰ ਸਬਰ ਕਰ ਲੈ। ….. ਤੂੰ ਮੁੜ ਆ, ਇੰਞ ਮੈਨੂੰ ਭੁੱਖਾ ਨਾ ਮਾਰ। ਅੱਗੇ ਥੋੜ੍ਹਾ ਮੇਰੇ ਨਾਲ ਅਨਿਆ ਹੋਇਆ ਏ। ਤੂੰ ਮੁੜ ਆ, ਮੇਰੇ ਮਾਲਕ….. ।” ਕਿੰਨੀ ਦੇਰ ਨੀਲੀ ਇਸੇ ਤਰ੍ਹਾਂ ਮਹਿੰਦੀ ਹੇਠ ਖੜ੍ਹੀ ਕੋਠੀ ਦੇ ਗੇਟ ਵੱਲ ਦੇਖਦੀ ਰਹੀ ਪਰ ਗਵਾਲਾ ਨਹੀਂ ਮੁੜਿਆ।
ਇਸ ਤਰ੍ਹਾਂ ‘ਨੀਲੀ’ ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਨੇ ਪਸੂਆਂ ਪ੍ਰਤਿ ਮਨੁੱਖ ਦੇ ਸਵਾਰਥੀ ਰਵੱਈਏ ਨੂੰ ਚਿਤਰਿਆ ਹੈ।