ਕਵਿਤਾ : ਰੱਬੀ ਤੋਹਫ਼ਾ – ਮਾਂ
ਸਾਗਰ ਦੀ ਉਹ ਕਿਸ਼ਤੀ ਮਾਂ,
ਜੋ ਸਾਨੂੰ ਪਾਰ ਲਗਾ ਦਿੰਦੀ।
ਐਸੀ ਇੱਕ ਮੋਮਬੱਤੀ ਮਾਂ,
ਜੋ ਬੁੱਝ ਕੇ ਵੀ ਰਾਹ ਦਿਖਾ ਦਿੰਦੀ।
ਰੱਬ ਦਾ ਹੈ ਇੱਕ ਤੋਹਫ਼ਾ ਮਾਂ,
ਜੋ ਸਭ ਨੂੰ ਜੀਣਾ ਸਿਖਾ ਦਿੰਦੀ।
ਆਖਦੇ ਗੁਣਵਾਨ ਮਾਂ ਹੈ ਇੱਕ ਰੋਸ਼ਨੀ,
ਜੋ ਅਗਿਆਨਤਾ ਨੂੰ ਮਿਟਾ ਦਿੰਦੀ,
ਆਖਦੇ ਪੱਤੇ ਮਾਂ ਉਹ ਜੜ੍ਹ,
ਜੋ ਪੂਰੇ ਰੁੱਖ ਨੂੰ ਲਹਿਲਹਾ ਦਿੰਦੀ।
ਆਖਦਾ ਰੇਗਿਸਤਾਨ ਮਾਂ ਉਹ ਬੱਦਲ,
ਜੋ ਤੱਪਦੇ ਸੂਰਜ ਨੂੰ ਸ਼ਾਂਤ ਕਰਾ ਦਿੰਦੀ।
ਰੱਬ ਦਾ ਹੈ ਇੱਕ ਤੋਹਫ਼ਾ ਮਾਂ,
ਜੋ ਸਭ ਨੂੰ ਜੀਣਾ ਸਿਖਾ ਦਿੰਦੀ।
ਪਿਆਰ ਦੀ ਉਹ ਕੋਮਲ ਰੱਸੀ ਮਾਂ,
ਜੋ ਪਰਿਵਾਰ ਦੀ ਸਾਂਝ ਪਾ ਦਿੰਦੀ।
ਸੁੰਦਰ ਬੂਟੇ ਦਾ ਸੁੰਦਰ ਫੁੱਲ ਮਾਂ,
ਜੋ ਪੂਰੇ ਬਾਗ਼ ਨੂੰ ਮਹਿਕਾ ਦਿੰਦੀ।
ਗਰਮੀਆਂ ਵਿੱਚ ਹਵਾ ਦਾ ਬੁੱਲ੍ਹਾ ਮਾਂ,
ਜੋ ਠੰਢ ਕਾਲਜੇ ਪਾ ਦਿੰਦੀ।
ਰੱਬ ਦਾ ਅਣਮੁੱਲਾ ਤੋਹਫ਼ਾ ਮਾਂ,
ਜੋ ਸਭ ਨੂੰ ਜੀਣਾ ਸਿਖਾ ਦਿੰਦੀ।