ਕਵਿਤਾ : ਰੱਬ ਤੋਂ ਉੱਚਾ ਮਾਂ ਦਾ ਦਰਜ਼ਾ


ਰੱਬ ਤੋਂ ਉੱਚਾ ਮਾਂ ਦਾ ਦਰਜ਼ਾ,

ਕਦੇ ਨਾ ਲਹਿੰਦਾ ਮਾਂ ਦਾ ਕਰਜ਼ਾ,

ਵੱਖਰਾ ਹੀ ਨਿੱਘ ਹੁੰਦਾ ਮਾਂ ਦੀਆਂ ਬਾਂਹਵਾਂ ਦਾ

ਕਲੀਆਂ ਤੋਂ ਵੱਧ ਕੋਮਲ ਹਿਰਦਾ ਮਾਂਵਾਂ ਦਾ।

ਬੱਚਿਆਂ ਦੇ ਸਾਹ ਵਿੱਚ ਸਾਹ ਲੈਂਦੀ,

ਤੱਤੀ ਵਾਹ ਨਾ ਲੱਗੇ ਕਹਿੰਦੀ,

ਮਾਂ ਮੈਂ ਚੁੰਮਦਾ ਰੇਤਾਂ ਤੇਰੀਆਂ ਰਾਹਵਾਂ ਦਾ।

ਪੁੱਤਰਾਂ ਲਈ ਅਰਦਾਸਾਂ ਕਰਦੀ

ਜਗ ਦੀ ਭੈੜੀ ਨਜ਼ਰ ਤੋਂ ਡਰਦੀ

ਫ਼ਰਕ ਨਾ ਪੈ ਜਾਏ ਕਿਧਰੇ ਸਕੇ ਭਰਾਵਾਂ ਦਾ

ਉਏ ਦੁਨੀਆਂ ਦੇ ਲੋਕੋ ਸੋਚੋ

ਮਾਂ ਪੂਜੋ ਉਹਦੇ ਪਿਆਰ ਨੂੰ ਲੋਚੋ

ਕੋਈ ਭਰੋਸਾ ਹੁੰਦਾ ਨਹੀਂ ਜੇ ਸਾਹਵਾਂ ਦਾ

ਮਾਂ ਮਰ ਜਾਏ ਪਛਤਾਉਣਾ ਪੈਂਦਾ

ਅਰਥੀ ਮੋਢਾ ਲਾਉਣਾ ਪੈਂਦਾ

ਬੇੜੀ ਬਾਝੋਂ ਕਾਹਦਾ ਜ਼ੋਰ ਮੁਲਾਹਵਾਂ ਦਾ।

ਪਿੰਡ ਜੁਕਰ ਜਦ ਕਿੰਗਰਾ ਆਵੇ

ਮਾਂ ਦੇ ਚਰਨਾਂ ਨੂੰ ਹੱਥ ਲਾਵੇ

ਵਰਦਾ ਆਵੇ ਦੇਖੋ ਛਮ-ਛਮ ਮੀਂਹ ਦੁਆਵਾਂ ਦਾ।