CBSEClass 9th NCERT PunjabiEducationPunjab School Education Board(PSEB)

ਕਵਿਤਾ ਦਾ ਸਾਰ : ਸਮਾਂ 


ਪ੍ਰਸ਼ਨ. ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਸਮਾਂ’ ਕਵਿਤਾ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਉਹਨਾਂ ਨੇ ਆਪਣੇ ਵਿਚਾਰ ਇਸਤਰੀ ਰੂਪ ਵਿੱਚ ਪ੍ਰਗਟ ਕੀਤੇ ਹਨ। ਇਸ ਵਿੱਚ ਭਾਈ ਵੀਰ ਸਿੰਘ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਲਈ ਆਖਿਆ ਹੈ, ਕਿਉਂਕਿ ਸਮਾਂ ਚਲਾਇਮਾਨ ਹੈ, ਗਤੀਸ਼ੀਲ ਹੈ, ਜੋ ਕਦੇ ਕਿਸੇ ਲਈ ਰੁਕਦਾ ਨਹੀਂ ਅਤੇ ਨਾ ਹੀ ਕਦੇ ਮੁੜ ਕੇ ਵਾਪਸ ਆਉਂਦਾ ਹੈ।

ਭਾਈ ਜੀ ਸਮੇਂ ਦੀ ਨਿਰੰਤਰ ਚਾਲ ਬਾਰੇ ਦੱਸਦਿਆਂ ਹੋਇਆਂ ਕਹਿੰਦੇ ਹਨ ਕਿ ਉਹਨਾਂ ਨੇ ਸਮੇਂ ਨੂੰ ਰੋਕਣ ਲਈ ਸਮੇਂ ਦੇ ਅੱਗੇ ਬਥੇਰੇ ਤਰਲੇ-ਮਿੰਨਤਾਂ ਕੀਤੀਆਂ, ਪਰ ਉਸ ਨੇ ਇੱਕ ਵੀ ਨਾ ਮੰਨੀ। ਉਹਨਾਂ ਨੇ ਉਸ ਨੂੰ ਬਥੇਰਾ ਫੜਨ ਦਾ ਯਤਨ ਕੀਤਾ, ਆਪਣੇ ਵੱਲ ਖਿੱਚਣ ਦੀ ਕੋਸ਼ਸ਼ ਕੀਤੀ, ਪਰ ਉਹ ਉਹਨਾਂ ਕੋਲੋਂ ਪੱਲਾ ਖਿਸਕਾ ਕੇ ਨਿਕਲ ਗਿਆ। ਉਹਨਾਂ ਨੇ ਉਸ ਦੇ ਰਸਤੇ ਵਿੱਚ ਬਥੇਰੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ, ਪਰ ਉਹ ਕਿਸੇ ਤਰੀਕੇ ਨਾਲ ਵੀ ਨਹੀਂ ਰੁਕਿਆ। ਸਮਾਂ ਤਾਂ ਆਪਣੀ ਤੇਜ਼ ਗਤੀ ਨਾਲ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦਾ ਆਪਣੀਆਂ ਸਭ ਸੀਮਾਵਾਂ ਨੂੰ ਪਾਰ ਕਰਦਾ ਅੱਗੇ ਵਧਦਾ ਗਿਆ। ਇਸ ਲਈ ਸਾਨੂੰ ਸਮੇਂ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਉਸ ਦਾ ਸਦਾ ਸਦਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਵਾਰ ਜੇ ਸਮਾਂ ਲੰਘ ਜਾਵੇ ਤਾਂ ਮੁੜ ਕੇ ਹੱਥ ਨਹੀਂ ਆਉਂਦਾ। ਹਰ ਮਨੁੱਖ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।