ਔਰੰਗਜ਼ੇਬ ਦਾ ਚਰਿੱਤਰ ਚਿਤਰਨ – ਜ਼ਫ਼ਰਨਾਮਾ
ਇਕਾਂਗੀ ਵਿੱਚ ਆਏ ਪਾਤਰਾਂ ਦਾ ਚਰਿੱਤਰ ਚਿਤਰਨ ਕਰੋ।
ਇਕਾਂਗੀ – ਜ਼ਫ਼ਰਨਾਮਾ
ਲੇਖਕ – ਡਾ. ਹਰਚਰਨ ਸਿੰਘ
ਜਮਾਤ – ਦਸਵੀਂ
ਪਾਤਰ – ਔਰੰਗਜ਼ੇਬ
ਔਰੰਗਜ਼ੇਬ ਡਾ. ਹਰਚਰਨ ਸਿੰਘ ਦੇ ਇਕਾਂਗੀ ਨਾਟਕ ‘ਜ਼ਫ਼ਰਨਾਮਾ’ ਦਾ ਮੁੱਖ ਪਾਤਰ ਹੈ। ਉਹ ਮੁਗ਼ਲ ਸ਼ਹਿਨਸ਼ਾਹ ਸੀ। ਉਸ ਦਾ ਕੱਦ ਮਧਰਾ ਸੀ। ਉਹ ਆਪਣੀ ਅਖੀਰਲੇ ਉਮਰ ਵਿੱਚ ਬਹੁਤ ਹੀ ਕਮਜ਼ੋਰ ਹੋ ਗਿਆ ਸੀ ਭਾਵੇਂ ਕਿ ਉਸਦੀ ਸ਼ਾਹੀ ਦਿੱਖ ਉਵੇਂ ਦੀ ਉਵੇਂ ਸੀ। ਉਸਦਾ ਪਰਿਵਾਰ ਭਾਵੇਂ ਬਹੁਤ ਵੱਡਾ ਸੀ। ਆਖ਼ਿਰੀ ਸਮੇਂ ਤੇ ਉਸ ਦੀ ਬੇਟੀ ਜ਼ੀਨਤ – ਉਨ – ਨਿਸਾ ਤੇ ਬੇਗ਼ਮ ਉਦੈਪੁਰੀ ਹੀ ਉਸਦੇ ਨੇੜੇ ਸਨ।
ਜ਼ਾਲਮ ਬਾਦਸ਼ਾਹ – ਹਕੂਮਤ ਦੀ ਹਵਸ ਵਿੱਚ ਅੰਨ੍ਹਾ ਹੋ ਕੇ ਉਸ ਨੇ ਆਪਣੇ ਪਿਤਾ ਦੀ ਮੌਤ ਦਾ ਇੰਤਜ਼ਾਰ ਵੀ ਨਹੀਂ ਕੀਤਾ ਸੀ। ਉਸਨੇ ਅਠਤਾਲੀ ਸਾਲ ਮੁਗ਼ਲ ਸਲਤਨਤ ‘ਤੇ ਰਾਜ ਕੀਤਾ ਅਤੇ ਜਨਤਾ ‘ਤੇ ਕਦੀ ਤਰਸ ਨਹੀਂ ਕੀਤਾ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸੂਫ਼ੀ, ਹਿੰਦੂ; ਸਭ ਉਸ ਦੀ ਹਕੂਮਤ ਤੋਂ ਦੁਖੀ ਸਨ।
ਕੱਟੜ ਮੁਗ਼ਲ ਸ਼ਹਿਨਸ਼ਾਹ – ਔਰੰਗਜ਼ੇਬ ਖ਼ੁਦਾ ਨੂੰ ਪ੍ਰੇਮ ਕਰਨ ਵਾਲਾ ਤੇ ਨਾਲ ਹੀ ਉਸ ਤੋਂ ਡਰਨ ਵਾਲਾ ਇੱਕ ਕੱਟੜ ਮੁਗ਼ਲ ਸ਼ਹਿਨਸ਼ਾਹ ਸੀ। ਉਸਨੇ ਖ਼ੁਦਾ ਦੇ ਨਾਂ ‘ਤੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਸੀ।
ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਭੇਜੇ ਜ਼ਫ਼ਰਨਾਮੇ ਨੇ ਹਿਲਾ ਦਿੱਤਾ ਸੀ ਤੇ ਉਹ ਸਮਝਦਾ ਸੀ ਕਿ ਖ਼ੁਦਾ ਨੇ ਉਸਨੂੰ ਭੁਲਾ ਦਿੱਤਾ ਹੈ। ਖ਼ੁਦਾ ਪਰਸਤ ਹੋਣ ਕਾਰਨ ਉਹ ਕਦੇ ਵੀ ਆਪਣੀ ਨਮਾਜ਼ ਅਦਾ ਕਰਨ ਦਾ ਵਕਤ ਨਹੀਂ ਖੁੰਝਣ ਦਿੰਦਾ ਸੀ।
ਜ਼ਿੰਦਗੀ ਦੇ ਰੰਗ ਤਮਾਸ਼ੇ ਦਾ ਵਿਰੋਧੀ – ਉਸਨੂੰ ਆਪਣੇ ਦਰਬਾਰ ਅਤੇ ਮਹੱਲ ਵਿੱਚ ਕਿਸੇ ਕਿਸਮ ਦੀ ਰਾਗ ਰੰਗ ਪਸੰਦ ਨਹੀਂ ਸੀ। ਉਹ ਸ਼ੇਅਰੋ – ਸ਼ਾਇਰੀ ਦੇ ਖ਼ਿਲਾਫ਼ ਸੀ। ਉਹ ਸ਼ਰਾਬ ਨੋਸ਼ੀ ‘ਤੇ ਕਰੜੀ ਸਜ਼ਾ ਦੇਣ ਦੇ ਹੱਕ ਵਿੱਚ ਸੀ। ਆਪਣੀ ਸਖ਼ਤ – ਮਿਜਾਜ਼ੀ ਕਰਕੇ ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਿਆ ਸੀ।
ਕੀਤੀ ਤੇ ਪਛਤਾਉਣ ਵਾਲਾ – ਉਸਨੇ ਆਪਣੇ ਜੀਵਨ ਕਾਲ ਵਿੱਚ ਅਜਿਹੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਤੇ ਉਹ ਬਾਅਦ ਵਿੱਚ ਬਹੁਤ ਪਛਤਾਇਆ। ਉਸਨੇ ਹਕੂਮਤ ਦੀ ਬਾਗਡੋਰ ਆਪਣੇ ਹੱਥ ਵਿੱਚ ਲੈਣ ਲਈ ਆਪਣੇ ਪਿਤਾ ਦੀ ਮੌਤ ਦਾ ਵੀ ਇੰਤਜ਼ਾਰ ਨਹੀਂ ਕੀਤਾ ਸੀ।
ਹਾਲਾਂਕਿ ਬਾਅਦ ਵਿੱਚ ਉਹ ਬਹੁਤ ਪਛਤਾਇਆ ਤੇ ਆਪਣੇ ਬੱਚੇ ਨੂੰ ਇਸ ਸੋਚ ਨੂੰ ਤਿਆਗਣ ਲਈ ਕਿਹਾ। ਇਸੇ ਤਰ੍ਹਾਂ ਉਹ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਦੀ ਜੰਗੀ ਸ਼ਹੀਦੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ‘ਤੇ ਵੀ ਉਸਨੂੰ ਬਹੁਤ ਪਛਤਾਵਾ ਹੋਇਆ ਸੀ।
ਗੁੱਸੇ ਵਾਲਾ – ਉਹ ਆਪਣੀ ਸਾਰੀ ਜ਼ਿੰਦਗੀ ਗੁੱਸੇ ਨੂੰ ਤਿਆਗ ਨਾ ਸਕਿਆ। ਭਾਵੇਂ ਕਿ ਗੁੱਸੇ ਵਿੱਚ ਲਏ ਨਿਰਣਿਆਂ ‘ਤੇ ਬਾਅਦ ਵਿੱਚ ਉਸਨੂੰ ਪਛਤਾਉਣਾ ਹੀ ਪਿਆ। ਕਦੇ ਇਹ ਗੁੱਸੇ ਮੁਲਕੀ ਮਾਮਲਿਆਂ ਦੇ ਨਾਂ ‘ਤੇ ਹੁੰਦਾ ਤੇ ਕਦੇ ਇਸਲਾਮ ਦੇ ਨਾਂ ‘ਤੇ।
ਉਹ ਸਮਝਦਾ ਸੀ ਕਿ ਹਕੂਮਤ ਦੀਆਂ ਨੀਹਾਂ ‘ਹੁਕਮਰਾਨ ਦੇ ਮਜਬੂਤ ਹੱਥ ਅਤੇ ਪੁਖ਼ਤਾ ਇਰਾਦਾ’ ਹੀ ਪੱਕੀਆਂ ਕਰ ਸਕਦੇ ਹਨ, ਇਸ ਲਈ ਉਹ ਹਰ ਨਿਰਣਾ ਸਖ਼ਤੀ ਨਾਲ ਲੈਂਦਾ ਸੀ।
ਸ਼ੱਕੀ – ਉਸਨੂੰ ਆਪਣੀ ਪਤਨੀ ਤੇ ਸ਼ਾਹੀ ਹਕੀਮ ਤੇ ਵੀ ਯਕੀਨ ਨਹੀਂ ਹੈ। ਜਦੋਂ ਕਿ ਉਹ ਉਸ ਦੀ ਖ਼ਰਾਬ ਸਿਹਤ ਲਈ ਚਿੰਤਾ ਦਰਸਾ ਰਹੇ ਸਨ। ਉਸਨੂੰ ਲੱਗਦਾ ਹੈ ਕਿ ਉਹ ਉਸਦੇ ਖ਼ਿਲਾਫ਼ ਕੋਈ ਵਿਉਂਤ ਬਣਾ ਰਹੇ ਹਨ।
ਇੱਥੋਂ ਤੱਕ ਕਿ ਉਹ ਸ਼ਾਹੀ ਹਕੀਮ ਵੱਲੋਂ ਦਿੱਤੀ ਦਵਾਈ ਵੀ ਪਹਿਲਾਂ ਉਸਨੂੰ ਚੱਖਣ ਲਈ ਕਹਿੰਦਾ ਹੈ। ਉਸਦੀ ਬੇਟੀ ਜ਼ੀਨਤ ਵੀ ਉਸਨੂੰ ਕਹਿੰਦੀ ਹੈ ਕਿ ਉਹ ਇੰਨੇ ਸਾਲਾਂ ਵਿੱਚ ਉਸਦਾ ਯਕੀਨ ਹਾਸਿਲ ਨਹੀਂ ਕਰ ਸਕੀ।
ਆਪਣੀ ਪਤਨੀ, ਬੇਟੇ ਅਤੇ ਬੇਟੀ ਨਾਲ ਪਿਆਰ ਕਰਨ ਵਾਲਾ – ਬੇਗਮ ਉਦੈਪੁਰੀ ਉਸ ਦੀ ਸਭ ਤੋਂ ਪਿਆਰੀ ਪਤਨੀ ਸੀ। ਹਾਲਾਂਕਿ ਉਸਨੇ ਆਪਣੇ ਬੱਚਿਆਂ ਨਾਲ ਬਹੁਤ ਸਖਤੀ ਵਾਲਾ ਰਵਈਆ ਅਪਣਾਇਆ ਸੀ।
ਪਰ ਉਹ ਕਾਮ ਬਖ਼ਸ਼ ਦੀ ਬਹੁਤ ਫ਼ਿਕਰ ਕਰਦਾ ਸੀ ਅਤੇ ਜ਼ੀਨਤ ਨਾਲ ਉਸਦਾ ਵਿਹਾਰ ਨਰਮੀ ਵਾਲਾ ਸੀ। ਉਹ ਤੀਹ ਸਾਲਾਂ ਤੋਂ ਉਸਦੀ ਦੇਖ ਰੇਖ ਕਰ ਰਹੀ ਸੀ। ਉਹ ਖੁਦ ਖ਼ੁਦਾ ਅੱਗੇ ਦੁਆ ਕਰਦਾ ਹੈ ਕਿ ਉਹ ਅਜਿਹੀ ਬੇਟੀ ਹਰ ਇਨਸਾਨ ਨੂੰ ਦੇਵੇ।
ਧਰਮ ਦੇ ਨਾਂ ‘ਤੇ ਅਤਿਆਚਾਰ ਕਰਨ ਵਾਲਾ – ਉਸਦੇ ਸ਼ਾਸਨ ਕਾਲ ਵਿੱਚ ਹਰ ਇੱਕ ਇਨਸਾਨ ਦੁਖੀ ਸੀ । ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸੂਫ਼ੀ, ਸ਼ੀਆ ਆਦਿ ਕੋਈ ਵੀ ਉਸ ਦੀ ਹਕੂਮਤ ਤੋਂ ਸੁਖੀ ਨਹੀਂ ਸੀ। ਹਾਲਾਂਕਿ ਉਹ ਸਮਝਦਾ ਸੀ ਕਿ ਉਹ ਦੀਨ ਈਮਾਨ ਨਾਲ ਆਮ ਲੋਕਾਂ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ।
ਉਸਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਰ ਨੂੰ ਕਲਮ ਕਰਨ ਦਾ ਹੁਕਮ ਵੀ ਧਰਮ ਦੇ ਨਾਂ ‘ਤੇ ਹੀ ਦਿੱਤਾ ਸੀ।
ਹਕੂਮਤ ਨੂੰ ਬਣਾਈ ਰੱਖਣ ਦੀ ਲਾਲਸਾ ਰੱਖਣ ਵਾਲਾ – ਇਹ ਜਾਣਦੇ ਹੋਏ ਕਿ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਬੱਚਿਆਂ ਨਾਲ ਸਹੀ ਵਿਹਾਰ ਨਹੀਂ ਕੀਤਾ ਤੇ ਧੋਖੇ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਇਸ ਦੇ ਬਾਵਜੂਦ ਵੀ ਉਹ ਵਜ਼ੀਰ ਖਾਨ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ, ਕਿਉਂਕਿ ਉਸਨੇ ਸਿੱਖ ਫੌਜਾਂ ਨੂੰ ਠੱਲ੍ਹ ਪਾਈ ਹੋਈ ਸੀ। ਇੰਞ ਉਹ ਆਪਣੀ ਹਕੂਮਤ ਨੂੰ ਬਣਾਈ ਰੱਖਣ ਦੀ ਲਾਲਸਾ ਨੂੰ ਬਲ ਦਿੰਦਾ ਹੈ। ਇਸੇ ਲਾਲਸਾ ਅਧੀਨ ਹੀ ਉਸਨੇ ਆਪਣੇ ਬਾਗੀ ਬੱਚਿਆਂ ਦੀ ਵੀ ਗੱਲ ਕਦੇ ਨਹੀਂ ਮੰਨੀ ਸੀ।
ਜ਼ਫ਼ਰਨਾਮਾ ਪੜ੍ਹ ਕੇ ਆਪਣੀ ਹਾਰ ਸਵੀਕਾਰ ਕਰਨਾ – ਜ਼ਫ਼ਰਨਾਮਾ ਪੜ੍ਹ ਕੇ ਔਰੰਗਜ਼ੇਬ ਦਾ ਜ਼ਮੀਰ ਝੰਜੋੜਿਆ ਗਿਆ ਸੀ। ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਅਸਦ ਖ਼ਾਨ ਤੇ ਆਪਣੀ ਧੀ ਜ਼ੀਨਤ ਅੱਗੇ ਆਪਣੀ ਗ਼ਲਤੀ ਕਬੂਲ ਕਰਦਾ ਹੈ।