ਉਪ-ਭਾਸ਼ਾ ਜਾਂ ਉਪ-ਬੋਲੀ
ਉਪ-ਭਾਸ਼ਾ ਜਾਂ ਉਪ-ਬੋਲੀ ਕਿਸੇ ਇਲਾਕੇ ਵਿੱਚ ਪ੍ਰਚੱਲਤ ਭਾਸ਼ਾ ਦਾ ਖੇਤਰੀ ਰੂਪ ਹੁੰਦੀ ਹੈ। ਇਲਾਕੇ ਦੀ ਭਿੰਨਤਾ ਆ ਜਾਣ ਦੇ ਕਾਰਨ ਭਾਸ਼ਾ ਜਾਂ ਬੋਲੀ ਦੇ ਜੋ ਵੱਖ-ਵੱਖ ਰੂਪ ਹੁੰਦੇ ਹਨ, ਉਹੋ ਹੀ ਉਪ-ਭਾਸ਼ਾ ਜਾਂ ਉਪ-ਬੋਲੀ ਹੁੰਦੀ ਹੈ। ਇਸ ਉਪ-ਭਾਸ਼ਾ ਉੱਤੇ ਕਿਸੇ ਖ਼ਾਸ ਇਲਾਕੇ ਦੇ ਸ਼ਬਦਾਂ ਦਾ ਵਧੇਰੇ ਪ੍ਰਭਾਵ ਹੁੰਦਾ ਹੈ। ਵਿਗਿਆਨਕ ਵਿਕਾਸ ਅਤੇ ਆਵਾਜਾਈ ਦੇ ਵੱਧਦੇ ਸਾਧਨਾਂ ਕਾਰਨ ਉਪ-ਭਾਸ਼ਾਵਾਂ ਵਿਚਲਾ ਵਖਰੇਵਾਂ ਨਿਰੰਤਰ ਘੱਟਦਾ ਜਾ ਰਿਹਾ ਹੈ।
ਪੰਜਾਬੀ ਦੀਆਂ ਉਪ-ਭਾਸ਼ਾਵਾਂ
ਪੰਜਾਬੀ ਦੀਆਂ ਕਈ ਉਪ-ਭਾਸ਼ਾਵਾਂ ਹਨ –
1. ਮਾਝੀ
2. ਦੁਆਬੀ
3. ਮਲਵਈ
4. ਡੋਗਰੀ
5. ਪੁਆਧੀ
6 . ਪੋਠੋਹਾਰੀ
7. ਮੁਲਤਾਨੀ
8 . ਭਟਿਆਲੀ
1. ਮਾਝੀ – ਮਾਝੀ ਉਪ ਬੋਲੀ ਅਣਵੰਡੇ ਪੰਜਾਬ ਦੇ ਕੇਂਦਰੀ ਇਲਾਕੇ; ਜਿਵੇਂ – ਜ਼ਿਲ੍ਹਾ-ਗੁਰਦਾਸਪੁਰ, ਅੰਮ੍ਰਿਤਸਰ ਤੇ ਲਾਹੌਰ ਵਿੱਚ ਬੋਲੀ ਜਾਂਦੀ ਸੀ। 1947 ਈ. ਵਿਚ ਪਾਕਿਸਤਾਨ ਦੇ ਹੋਂਦ ਵਿਚ ਆ ਜਾਣ ਨਾਲ ਅੱਜ ਦੇ ਪੰਜਾਬ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਜ਼ਿਲ੍ਹੇ ਹੀ ਰਹਿ ਗਏ ਹਨ। ਇਸ ਬੋਲੀ ਵਿੱਚ ਪੰਜਾਬੀ ਦੀ ਵਿਸ਼ੇਸ਼ ਧੁਨੀ ‘ੜ’ ਦੀ ਵਰਤੋਂ ਵਧੇਰੇ ਹੁੰਦੀ ਹੈ। ਇਸਨੂੰ ਟਕਸਾਲੀ ਜਾਂ ਕੇਂਦਰੀ ਪੰਜਾਬੀ ਅਖਵਾਉਣ ਦਾ ਮਾਣ ਹਾਸਲ ਹੈ।
2. ਦੁਆਬੀ – ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ‘ਦੁਆਬਾ’ ਆਖਿਆ ਜਾਂਦਾ ਹੈ।
ਇਸ ਇਲਾਕੇ ਦੀ ਉਪ-ਭਾਸ਼ਾ ਦੁਆਬੀ ਹੈ। ਇਸ ਖੇਤਰ ਵਿਚ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਆਉਂਦੇ ਹਨ। ਇਸ ਬੋਲੀ ਵਿਚ ਪੰਜਾਬੀ ਦਾ ‘ਵ’ ‘ਬ’ ਦੇ ਰੂਪ ਵਿਚ ਉਚਾਰਿਆ ਜਾਂਦਾ ਹੈ।
3. ਮਲਵਈ – ਮਾਲਵੇ ਦੇ ਇਲਾਕੇ ਦੀ ਬੋਲੀ ਨੂੰ ‘ਮਲਵਈ’ ਆਖਿਆ ਜਾਂਦਾ ਹੈ। ਇਸ ਖੇਤਰ ਵਿਚ ਅਜੋਕੇ ਪੰਜਾਬ ਦੇ ਮੋਗਾ, ਫਿਰੋਜਪੁਰ, ਬਠਿੰਡਾ, ਮੁਕਤਸਰ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਦੇ ਜ਼ਿਲ੍ਹੇ ਆਉਂਦੇ ਹਨ। ਇਸ ਬੋਲੀ ਵਿੱਚ ‘ਕੇ’ ਦੀ ਵਰਤੋਂ ਵਧੇਰੇ ਹੁੰਦੀ ਹੈ।
4. ਡੋਗਰੀ – ਪੰਜਾਬੀ ਦੀ ਇਹ ਉਪ-ਭਾਸ਼ਾ ਜੰਮੂ ਅਤੇ ਕਾਂਗੜੇ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ। ਇਸ ਖੇਤਰ ਵਿੱਚ ਕਠੂਆ, ਜੰਮੂ, ਊਧਮਪੁਰ, ਧਰਮਸ਼ਾਲਾ, ਕਾਂਗੜਾ ਆਦਿ ਦੇ ਪਹਾੜੀ ਖੇਤਰ ਆਉਂਦੇ ਹਨ। ਇਸ ਉਪ- ਭਾਸ਼ਾ ਵਿੱਚ ‘ਦੇ’ ਦੀ ਵਰਤੋਂ ਵਧੇਰੇ ਹੁੰਦੀ ਹੈ, ਜਿਵੇਂ – ਗਏ ਦੇ ਨੇ, ਆਇਆ ਦਾ ਏ ਆਦਿ।
5. ਪੁਆਧੀ – ਇਹ ਰੋਪੜ ਜ਼ਿਲ੍ਹੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ। ਇਸ ਬੋਲੀ ਵਿੱਚ ‘ਸੀ’ ਦੀ ਥਾਂ ‘ਤੀ’ ਵਰਤਿਆ ਜਾਂਦਾ ਹੈ; ਜਿਵੇਂ – ਮੈਂ ਗਿਆ ਸੀ।
6. ਪੋਠੋਹਾਰੀ – ਰਾਵਲਪਿੰਡੀ ਦੇ ਪਹਾੜੀ ਇਲਾਕੇ ਦੀ ਬੋਲੀ ਨੂੰ ਪੋਠੋਹਾਰੀ ਆਖਿਆ ਜਾਂਦਾ ਹੈ। ਇਹ ਖੇਤਰ ਪਾਕਿਸਤਾਨ ਵਿੱਚ ਪੈਂਦਾ ਹੈ। ਇਸ ਬੋਲੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਨੇ ਅੱਜ ਵੀ ਸੰਸਕ੍ਰਿਤ ਦੀ ਵਿਸ਼ੇਸ਼ਤਾਈਆਂ ਨੂੰ ਸੰਭਾਲਿਆ ਹੋਇਆ ਹੈ।
7. ਮੁਲਤਾਨੀ – ਇਹ ਭਾਸ਼ਾ ਅਜੋਕੇ ਪਾਕਿਸਤਾਨ ਵਿਚਲੇ ਮੁਲਤਾਨ, ਡੇਰਾ ਗਾਜ਼ੀ ਖ਼ਾਨ, ਬਹਾਵਲਪੁਰ, ਜ਼ਿਲ੍ਹਾ ਮੁਜ਼ੱਫ਼ਰਗੜ੍ਹ, ਮਿੰਟਗੁਮਰੀ, ਝੰਗ, ਸ਼ਾਹਪੁਰ, ਸ਼ੇਖੂਪੁਰਾ ਆਦਿ ਵਿੱਚ ਬੋਲੀ ਜਾਂਦੀ ਹੈ। ਇਸ ਭਾਸ਼ਾ ਵਿੱਚ ਮੈਂਡਾ, ਤੈਂਡਾ, ਆਵਸਣ, , ਮਰਿਊਨ, ਮਾਰਿਐਲੇ ਆਦਿ ਦੀ ਵਧੇਰੇ ਵਰਤੋਂ ਹੁੰਦੀ ਹੈ।
8. ਭਟਿਆਲੀ – ਇਹ ਭਾਸ਼ਾ ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਇਲਾਕੇ ਦੀ ਬੋਲੀ ਹੈ। ਇਸ ਵਿੱਚ ਦੁਨੇਰਾ, ਸ਼ਾਹਪੁਰਕੰਡੀ ਆਦਿ ਦਾ ਇਲਾਕਾ ਆਉਂਦਾ ਹੈ।