EducationKidsNCERT class 10th

ਈਅਰ ਫੋਨ (ਕਹਾਣੀ): ਬਲਵਿੰਦਰ ਸਿੰਘ ਸੋਢੀ

ਸਾਹਿਤਕ ਰੰਗ – ੨
ਦਸਵੀਂ ਜਮਾਤ

ਪ੍ਰਸ਼ਨ 1 . ਮੰਮੀ – ਪਾਪਾ ਮੀਨਾਕਸ਼ੀ ਨੂੰ ਕਿਸ ਗੱਲ ਤੋਂ ਰੋਕਦੇ ਸਨ ?
ਉੱਤਰ – ਮੰਮੀ – ਪਾਪਾ ਮੀਨਾਕਸ਼ੀ ਨੂੰ ਈਅਰ ਫ਼ੋਨ ਦੀ ਲੋੜ ਤੋਂ ਵੱਧ ਵਰਤੋਂ ਕਰਨ ਤੋਂ ਰੋਕਦੇ ਸਨ, ਕਿਉਂਕਿ ਉਹ ਲਗਾਤਾਰ ਕਈ – ਕਈ ਘੰਟੇ ਈਅਰ ਫ਼ੋਨ ਕੰਨਾਂ ਨੂੰ ਲਾ ਕੇ ਗਾਣੇ ਸੁਣਦੀ ਰਹਿੰਦੀ ਸੀ। ਉਸਦੇ ਪਾਪਾ ਉਸਨੂੰ ਸਮਝਾਉਂਦੇ ਸਨ ਕਿ ਈਅਰ ਫ਼ੋਨ ਦੀ ਵਧੇਰੇ ਵਰਤੋਂ ਕਰਨ ਨਾਲ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ। ਉਸ ਦੀ ਮੰਮੀ ਵੀ ਉਸ ਨੂੰ ਟੋਕਦੀ ਰਹਿੰਦੀ ਸੀ। ਉਨ੍ਹਾਂ ਨੂੰ ਉਸ ਦੀ ਚਿੰਤਾ ਸੀ।
ਪ੍ਰਸ਼ਨ 2 . ਕੀ ਮੀਨਾਕਸ਼ੀ ਈਅਰ ਫ਼ੋਨ ਦੀ ਵਰਤੋਂ ਕਰਕੇ ਫ਼ੇਲ ਹੋ ਗਈ ਸੀ ?
ਉੱਤਰ – ਨਹੀਂ।
ਪ੍ਰਸ਼ਨ 3 . ਮੀਨਾਕਸ਼ੀ ਦੀ ਮਾਂ ਉਸ ਨਾਲ ਕੀ ਖੇਡਣਾ ਚਾਹੁੰਦੀ ਸੀ ?
ਉੱਤਰ – ਮੀਨਾਕਸ਼ੀ ਦੀ ਮਾਂ ਉਸ ਨਾਲ ਕੈਰਮ ਬੋਰਡ ਖੇਡਣਾ ਚਾਹੁੰਦੀ ਸੀ ।
ਪ੍ਰਸ਼ਨ 4 . ਬਾਰਵ੍ਹੀ ਜਮਾਤ ਦਾ ਨਤੀਜਾ ਆਉਣ ਉਪਰੰਤ ਮੰਮੀ – ਪਾਪਾ, ਮੀਨਾਕਸ਼ੀ ਨੂੰ ਕਿੱਥੋਂ ਲੈ ਕੇ ਆਏ ਸਨ ?
ਉੱਤਰ – ਬਾਰਵ੍ਹੀ ਜਮਾਤ ਦਾ ਨਤੀਜਾ ਆਉਣ ਉਪਰੰਤ ਮੰਮੀ – ਪਾਪਾ, ਮੀਨਾਕਸ਼ੀ ਨੂੰ ਭੂਆ ਘਰੋਂ ਲੈ ਕੇ ਆਏ ਸਨ ।
ਪ੍ਰਸ਼ਨ 5 . ਪਾਸ ਹੋਣ ਦੇ ਤੋਹਫ਼ੇ ਵਜੋਂ ਮੀਨਾਕਸ਼ੀ ਨੇ ਮੰਮੀ – ਪਾਪਾ ਕੋਲੋਂ ਕਿਹੜੀ ਚੀਜ਼ ਦੀ ਮੰਗ ਕੀਤੀ ?
ਉੱਤਰ – ਪਾਸ ਹੋਣ ਦੇ ਤੋਹਫ਼ੇ ਵਜੋਂ ਮੀਨਾਕਸ਼ੀ ਨੇ ਮੰਮੀ – ਪਾਪਾ ਕੋਲੋਂ ਨਵੇਂ ਮੋਬਾਈਲ ਫੋਨ ਦੀ ਮੰਗ ਕੀਤੀ ਕਿਉਂਕਿ ਉਸ ਦੇ ਮੰਮੀ – ਪਾਪਾ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਫ਼ਸਟ ਆਉਣ ਤੇ ਉਸਨੂੰ ਨਵਾਂ ਮੋਬਾਈਲ ਲੈ ਕੇ ਦੇਣਗੇ। ਜਦੋਂ ਨਤੀਜਾ ਆਇਆ ਤਾਂ ਉਹ ਫ਼ਸਟ ਆਈ। ਪਾਪਾ ਦੇ ਪੁੱਛਣ ਤੇ ਉਸਨੇ ਨਵੇਂ ਮੋਬਾਈਲ ਦੀ ਮੰਗ ਕੀਤੀ।
ਪ੍ਰਸ਼ਨ 6 . ਕਹਾਣੀ ਵਿੱਚ ਹਾਦਸਾ ਵਾਪਰਣ ਦਾ ਮੁੱਖ ਕਾਰਨ ਕੀ ਸੀ ? ਇਸ ਬਾਰੇ ਵਿਸਥਾਰ ਸਹਿਤ ਦੱਸੋ।
ਉੱਤਰ – ਕਹਾਣੀ ਵਿਚ ਹਾਦਸਾ ਵਾਪਰਨ ਦਾ ਮੁੱਖ ਕਾਰਨ ਮੀਨਾਕਸ਼ੀ ਦੀ ਆਪਣੀ ਲਾਪਰਵਾਹੀ ਸੀ। ਉਸ ਦਿਨ ਵੀ , ਜਦੋਂ ਹਾਦਸਾ ਵਾਪਰਿਆ, ਉਹ ਆਪਣੇ ਮੰਮੀ – ਪਾਪਾ ਨਾਲ ਆਪਣੇ ਜਨਮ ਦਿਨ ਦੀ ਪਾਰਟੀ ਲਈ ਬਜ਼ਾਰੋਂ ਕੁੱਝ ਸਮਾਨ ਖਰੀਦਣ ਗਈ ਸੀ । ਕਾਰ ਪਾਰਕ ਕਰਨ ਤੋਂ ਬਾਅਦ ਉਸ ਨੇ ਫਿਰ ਈਅਰ ਫੋਨ ਲਾ ਲਿਆ, ਜਿਸ ਕਾਰਨ ਸੜਕ ਪਾਰ ਕਰਦੇ ਸਮੇਂ ਮੋਟਰਸਾਈਕਲ ਨਾਲ ਉਸਦੀ ਟੱਕਰ ਹੋ ਗਈ ਤੇ ਉਸ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ।
ਪ੍ਰਸ਼ਨ 7 . ਮੀਨਾਕਸ਼ੀ ਦਾ ਸੁਭਾਅ ਕਿਹੋ ਜਿਹਾ ਸੀ ? ਕੀ ਉਹ ਇੱਕ ਜਿੱਦੀ ਕੁੜੀ ਸੀ ?
ਉੱਤਰ – ਮੀਨਾਕਸ਼ੀ ਦਾ ਸੁਭਾਅ ਸ਼ਾਂਤ ਸੀ। ਉਹ ਇੱਕ ਜਿੱਦੀ ਕੁੜੀ ਨਹੀਂ ਸੀ। ਉਹ ਸਮਝਦਾਰ ਤੇ ਹੁਸ਼ਿਆਰ ਸੀ। ਉਹ ਕਿਸੇ ਜਿੱਦ ਕਾਰਨ ਈਅਰ ਫੋਨ ਦੀ ਵਰਤੋਂ ਨਹੀਂ ਸੀ ਕਰਦੀ। ਇਹ ਤਾਂ ਉਸ ਦੀ ਭੈੜੀ ਆਦਤ ਉਸ ਤੇ ਹਾਵੀ ਹੋ ਗਈ ਸੀ। ਉਸ ਆਦਤ ਨੇ ਉਸ ਨੂੰ ਮਜਬੂਰ ਕਰ ਦਿੱਤਾ ਸੀ।
ਪ੍ਰਸ਼ਨ 8. ਆਖ਼ਰ ਮੀਨਾਕਸ਼ੀ ਈਅਰ ਫੋਨ ਦੀ ਹੱਦੋਂ ਵੱਧ ਵਰਤੋਂ ਕਿਉਂ ਕਰਦੀ ਸੀ ?
ਉੱਤਰ – ਮੀਨਾਕਸ਼ੀਵੱਲੋਂ ਈਅਰ ਫੋਨ ਦੀ ਹੱਦੋਂ ਵੱਧ ਵਰਤੋਂ ਇਸਲਈ ਕੀਤੀ ਜਾਂਦੀ ਸੀ ਕਿਉਂਕਿ ਇੱਕ ਤਾਂ ਉਹ ਘਰ ਵਿੱਚ ਇਕੱਲੀ ਸੀ, ਉਸਦੇ ਹਾਣ ਦਾ ਕੋਈ ਹੋਰ ਬੱਚਾ ਉੱਥੇ ਨਹੀਂ ਸੀ, ਜਿਸ ਨਾਲ ਉਹ ਖੇਡ ਸਕਦੀ।
ਇਸਲਈ ਵਕਤ ਬਿਤਾਉਣ ਲਈ ਉਹ ਈਅਰ ਫੋਨ ਦਾ ਸਹਾਰਾ ਲੈਂਦੀ ਜੋ ਸਮਾਂ ਪਾਕੇ ਉਸ ਤੇ ਹੀ ਹਾਵੀ ਹੋ ਗਿਆ ਤੇ ਉਸ ਨੂੰ ਈਅਰ ਫੋਨ ਦਾ ਝੱਸ ਹੀ ਪੈ ਗਿਆ। ਉਹ ਏਨੀ ਮਜਬੂਰ ਹੋ ਗਈ ਸੀ ਕਿ ਚਾਹੁੰਦੀ ਹੋਈ ਵੀ ਇਸ ਦਾ ਖਹਿੜਾ ਨਹੀਂ ਸੀ ਛੱਡਦੀ।
ਪ੍ਰਸ਼ਨ 9 . ‘ਵਾਅਦਾ ਕਰੋ ਕਿ ਈਅਰ ਫੋਨ ਨਹੀਂ ਸੁਣੇਂਗੀ?’ ਇਹ ਵਾਕ ਕਿਸ ਨੇ , ਕਿਸਨੂੰ ਅਤੇ ਕਦੋਂ ਕਹੇ ?
ਉੱਤਰ – ਇਹ ਵਾਕ ਮੀਨਾਕਸ਼ੀ ਦੇ ਪਾਪਾ ਨੇ ਮੀਨਾਕਸ਼ੀ ਨੂੰ ਉਦੋਂ ਕਹੇ, ਜਦੋਂ ਜਮਾਤ ਵਿੱਚ ਫ਼ਸਟ ਆਉਣ ‘ਤੇ ਮੀਨਾਕਸ਼ੀ ਨੇ ਮਾਪਿਆਂ ਦੇ ਵਾਅਦੇ ਮੁਤਾਬਕ ਉਨ੍ਹਾਂ ਤੋਂ ਨਵਾਂ ਮੋਬਾਈਲ ਫੋਨ ਲੈਣ ਦੀ ਮੰਗ ਕੀਤੀ ਤਾਂ ਉਸ ਦੇ ਪਾਪਾ ਨੇ ਇਸ ਸ਼ਰਤ ਤੇ ਹਾਂ ਕੀਤੀ ਕਿ ਪਹਿਲਾਂ ਉਹ ਵਾਅਦਾ ਕਰੇ ਕਿ ਅੱਗੇ ਤੋਂ ਈਅਰ ਫੋਨ ਤੇ ਗਾਣੇ ਨਹੀਂ ਸੁਣੇਗੀ ਤਾਂ ਹੀ ਉਸ ਦੀ ਮੋਬਾਈਲ ਵਾਲੀ ਮੰਗ ਪੂਰੀ ਕੀਤੀ ਜਾਵੇਗੀ।
ਪ੍ਰਸ਼ਨ 10 . ‘ਪਾਪਾ ਤੁਸੀਂ ਕਦੋਂ ਆਏ, ਮੈਨੂੰ ਪਤਾ ਹੀ ਨਹੀਂ ਲੱਗਿਆ’? ਮੀਨਾਕਸ਼ੀ ਨੇ ਇਹ ਵਾਕ ਕਦੋਂ ਅਤੇ ਕਿਉਂ ਕਹੇ ?
ਉੱਤਰ – ਮੀਨਾਕਸ਼ੀ ਨੇ ਇਹ ਵਾਕ ਆਪਣੇ ਪਾਪਾ ਨੂੰ ਉਦੋਂ ਕਹੇ, ਜਦੋਂ ਉਸ ਨੇ ਵੇਖਿਆ ਕਿ ਉਸ ਦੇ ਪਾਪਾ ਉਸਦੇ ਕੋਲ ਹੀ ਕੁਰਸੀ ਤੇ ਬੜੇ ਆਰਾਮ ਨਾਲ ਬੈਠੇ ਹਨ ਤੇ ਉਹ ਹੈਰਾਨ ਹੋ ਗਈ, ਕਿਉਂਕਿ ਉਹ ਗਾਣੇ ਸੁਣਨ ‘ਚ ਏਨੀ ਮਸਰੂਫ਼ ਸੀ ਕਿ ਉਸ ਨੂੰ ਆਲੇ ਦੁਆਲੇ ਦੀ ਕੋਈ ਖ਼ਬਰ ਹੀ ਨਹੀਂ ਸੀ। ਸ਼ਾਇਦ ਉਸ ਨੂੰ ਆਪਣੀ ਬੇਧਿਆਨੀ ਦਾ ਅਹਿਸਾਸ ਹੋ ਗਿਆ ਸੀ।
ਪ੍ਰਸ਼ਨ 11 . ਮੀਨਾਕਸ਼ੀ ਨੇ ਆਪਣੇ ਮਾਪਿਆਂ ਤੋਂ ਮੁਆਫ਼ੀ ਕਿਉਂ ਮੰਗੀ ?
ਉੱਤਰ – ਮੀਨਾਕਸ਼ੀ ਨੇ ਆਪਣੇ ਮਾਪਿਆਂ ਤੋਂ ਮੁਆਫ਼ੀ ਇਸ ਲਈ ਮੰਗੀ ਕਿਉਂਕਿ ਹਾਦਸਾ ਵਾਪਰਨ ਨਾਲ ਉਸਦੀ ਲੱਤ ਟੁੱਟ ਗਈ ਸੀ, ਜਿਸ ਕਾਰਨ ਉਸ ਨੂੰ ਲੰਮਾ ਸਮਾਂ ਦੁੱਖ ਝੱਲਣਾ ਪੈਂਦਾ ਹੈ । ਇਸ ਗੱਲ ਦਾ ਉਸਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਦੇ ਮਾਪੇ ਉਸ ਦੀ ਭਲਾਈ ਲਈ ਹੀ ਉਸਨੂੰ ਟੋਕਦੇ ਸਨ । ਆਪਣੀ ਗਲਤੀ ਦਾ ਅਹਿਸਾਸ ਹੋ ਜਾਣ ਤੇ ਉਸਨੇ ਮਾਪਿਆਂ ਤੋਂ ਮੁਆਫ਼ੀ ਮੰਗ ਲਈ।
ਪ੍ਰਸ਼ਨ 12 . ਮੀਨਾਕਸ਼ੀ ਦੇ ਮਾਪੇ ਕਿਹੋ ਜਿਹੇ ਸਨ ?
ਉੱਤਰ – ਮੀਨਾਕਸ਼ੀ ਦੇ ਮਾਪੇ ਵੀ ਆਮ ਮਾਪਿਆਂ ਵਾਂਗ ਆਪਣੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਵਾਲੇ ਤੇ ਕੁਰਾਹੇ ਪਏ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਵਾਲੇ ਤੇ ਲੋੜ ਪੈਣ ‘ਤੇ ਮਿੱਠੀਆਂ – ਮਿੱਠੀਆਂ ਝਿੜਕਾਂ ਵੀ ਦੇਣ ਵਾਲੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਸੁਖੀ ਵੀ ਰਹਿਣ ਤੇ ਖੁਸ਼ ਵੀ।
ਪ੍ਰਸ਼ਨ 13 . ‘ਈਅਰ ਫੋਨ’ ਕਹਾਣੀ ਵਿਚੋਂ ਕੀ ਸਿੱਖਿਆ ਮਿਲਦੀ ਹੈ ?
ਉੱਤਰ – ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਵੀ ਚੀਜ਼ ਦੀ ਹੱਦ ਤੋਂ ਵੱਧ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ। ਜਿਵੇਂ ਮੀਨਾਕਸ਼ੀ ਦੀ ਈਅਰ ਫੋਨ ਦੀ ਹੱਦੋਂ ਵੱਧ ਵਰਤੋਂ ਕਰਨੀ ਉਸ ਲਈ ਘਾਤਕ ਸਿੱਧ ਹੁੰਦੀ ਹੈ। ਇਸ ਦੇ ਨਾਲ ਹੀ ਇਹ ਸਿੱਖਿਆ ਵੀ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪਣੇ ਮਾਤਾ – ਪਿਤਾ ਤੇ ਵੱਡਿਆਂ ਦੀ ਨਸੀਹਤ ਮੰਨਣੀ ਚਾਹੀਦੀ ਹੈ।

ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।