ਇੱਕ ਆਦਰਸ਼ਕ ਵਿਦਿਆਰਥੀ
ਇੱਕ ਆਦਰਸ਼ਕ ਵਿਦਿਆਰਥੀ ਨਿਰਾ ਪੜ੍ਹਦਾ ਹੀ ਨਹੀਂ, ਖੇਡਦਾ, ਭਾਸ਼ਣ ਪ੍ਰਤੀਤਿਯੋਗੀਤਾਵਾਂ, ਗੀਤ ਜਾਂ ਨਾਚ ਪ੍ਰਤੀਤਿਯੋਗੀਤਾਵਾਂ ਤੇ ਹੋਰ ਸੱਭਿਆਚਾਰਕ ਸਰਗਰਮੀਆਂ ਵਿੱਚ ਵੀ ਭਾਗ ਲੈਂਦਾ ਹੈ। ਉਸ ਦਾ ਕੋਈ ਸੋਚਿਆ – ਵਿਚਾਰਿਆ ਉਦੇਸ਼ ਹੁੰਦਾ ਹੈ, ਜਿਸ ਦੀ ਪ੍ਰਾਪਤੀ ਲਈ ਉਹ ਉੱਦਮ ਕਰੀ ਜਾਂਦਾ ਹੈ। ਉਹ ਪੰਜੇ ਵਿਕਾਰਾਂ ਨੂੰ ਬੇਲਗਾਮਾ ਨਹੀਂ ਹੋਣ ਦਿੰਦਾ। ਉਹ ਕਾਮ – ਵੱਸ ਹੋ ਥਾਂ – ਕੁਥਾਂ ਆਵਾਰਾਗਰਦੀ ਨਹੀਂ ਕਰਦਾ। ਉਹ ਖ਼ਾਹ – ਮਖ਼ਾਹ ਗੁੱਸਾ ਕਰ ਕੇ ਆਪਣੇ ਖ਼ੂਨ ਦੀ ਗਤੀ ਨੂੰ ਨਹੀਂ ਵਧਾਉਂਦਾ। ਉਹ ਲੋਭ ਹਿਤ ਕਾਇਆ ਨੂੰ ਨਹੀਂ ਗਾਲਦਾ। ਉਸ ਦਾ ਮੋਹ ਉਸ ਨੂੰ ਮਿਥੇ ਨਿਸ਼ਾਨਿਓਂ ਨਹੀਂ ਹਟਾਉਂਦਾ। ਉਹ ‘ਨਿੱਕੀ ਮੈਂ’ ਦਾ ਹੱਥ – ਠੋਕਾ ਨਹੀਂ ਬਣਦਾ। ਉਹ ਅਨੁਸ਼ਾਸਨ ਵਿੱਚ ਰਹਿੰਦਿਆਂ ਹਰ ਕੰਮ ਵੇਲੇ ਸਿਰ ਕਰਦਿਆਂ ਮੱਲਾਂ ਮਾਰੀ ਜਾਂਦਾ ਹੈ। ਜੀਵਨ ਦੀ ਖੇਡ ਵਿੱਚ ਉੱਨਤੀ ਕਰਦਿਆਂ ਉਹ ਨਿਮਰਤਾ, ਮਿਠਾਸ, ਸਾਦਗੀ ਤੇ ਆਗਿਆਕਾਰਿਤਾ ਆਦਿ ਗੁਣਾਂ ਨੂੰ ਵਧਾਈ ਜਾਂਦਾ ਹੈ। ਉਹ ਆਪਣੇ ਇਸ਼ਟ ਨੂੰ ਪੂਜਦਾ, ਧਿਆਉਂਦਾ, ਅਧਿਆਪਕਾਂ, ਮਾਪਿਆਂ ਤੇ ਬਜ਼ੁਰਗਾਂ ਦਾ ਆਦਰ – ਸਤਿਕਾਰ ਕਰਦਾ ਹੋਇਆ ਉਨ੍ਹਾਂ ਦੀਆਂ ਅਸੀਸਾਂ ਲੈਂਦਾ ਹੈ। ਉਹ ਇੱਕ ਆਦਰਸ਼ਕ ਵਿਦਿਆਰਥੀ ਬਣ ਕੇ ਹੋਰਨਾਂ ਲਈ ਚਾਨਣ – ਮੁਨਾਰੇ ਦਾ ਕੰਮ ਕਰਦਾ ਹੈ। ਸਾਡੇ ਦੇਸ਼ ਵਿੱਚ ਆਦਰਸ਼ਕ ਵਿਦਿਆਰਥੀਆਂ ਦੀ ਘਾਟ ਕਰਕੇ ਅਸੀਂ ਓਨੀ ਉੱਨਤੀ ਨਹੀਂ ਕਰ ਸਕੇ। ਸਾਨੂੰ ਅਜ਼ਾਦ ਹੋਇਆਂ ਪੈਂਹਠ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਦੇਸ਼ ਦੀ ਵਾਗਡੋਰ ਅਜੇ ਵੀ ਪੁਰਾਣੀ ਪੀੜ੍ਹੀ ਦੇ ਹੱਥਾਂ ਵਿੱਚ ਹੀ ਹੈ।