CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)Punjabi Viakaran/ Punjabi Grammar

ਇੰਟਰਨੈੱਟ ਰਾਹੀਂ ਹੁੰਦੀਆਂ ਠੱਗੀਆਂ ਬਾਰੇ ਪੱਤਰ


ਕਿਸੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਇੰਟਰਨੈੱਟ ਰਾਹੀਂ ਹੁੰਦੀਆਂ ਠੱਗੀਆਂ ਬਾਰੇ ਆਪਣੇ ਵਿਚਾਰ ਪ੍ਰਗਟਾਓ।


155, ਪੰਜਾਬੀ ਬਾਗ਼,

………………ਸ਼ਹਿਰ।

ਮਿਤੀ : ……………….. .

ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਨਵਾਂ ਜ਼ਮਾਨਾ’,

ਜਲੰਧਰ।

ਵਿਸ਼ਾ : ਇੰਟਰਨੈੱਟ ਰਾਹੀਂ ਹੁੰਦੀਆਂ ਠੱਗੀਆਂ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਇੰਟਰਨੈੱਟ ਰਾਹੀ ਹੁੰਦੀਆਂ ਠੱਗੀਆਂ ਬਾਰੇ ਵਿਚਾਰ ਪ੍ਰਗਟਾਉਣੇ ਚਾਹੁੰਦਾ ਹਾਂ।

ਇੰਟਰਨੈੱਟ ਵਿਗਿਆਨ ਦੀ ਇੱਕ ਮਹੱਤਵਪੂਰਨ ਕਾਢ ਹੈ ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰਾਂ ਨੂੰ ਇੱਕ-ਦੂਜੇ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਵਿਵਸਥਾ ਰਾਹੀਂ ਸੁਨੇਹੇ ਭੇਜੇ ਤੇ ਪ੍ਰਾਪਤ ਕੀਤੇ ਜਾਂਦੇ ਹਨ। ਜਦ ਦੋ ਜਾਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਕੰਪਿਊਟਰ ਨੈੱਟਵਰਕ ਦਾ ਨਾਂ ਦਿੱਤਾ ਜਾਂਦਾ ਹੈ। ਨੈੱਟਵਰਕਾਂ ਦਾ ਨੈੱਟਵਰਕ ਇੰਟਰਨੈੱਟ ਅਖਵਾਉਂਦਾ ਹੈ।

ਇੰਟਰਨੈੱਟ ਰਾਹੀਂ ਅਸੀਂ ਦੁਨੀਆਂ ਭਰ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣੇ ਵਪਾਰ ਵਿੱਚ ਵਾਧਾ ਕਰ ਸਕਦੇ ਹਾਂ। ਈ-ਮੇਲ, ਫੇਸ-ਬੁੱਕ, ਟਵਿੱਟਰ ਆਦਿ ਅਜਿਹੀਆਂ ਵਿਵਸਥਾਵਾਂ ਹਨ ਜਿਨ੍ਹਾਂ ਰਾਹੀਂ ਅਸੀਂ ਦੁਨੀਆਂ ਭਰ ਵਿੱਚ ਬੈਠੇ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਵਿਭਿੰਨ-ਅਧਿਕਾਰੀਆਂ ਨਾਲ ਸੰਬੰਧ ਸਥਾਪਿਤ ਕਰ ਸਕਦੇ ਹਾਂ ਅਤੇ ਕਿਸੇ ਵੀ ਖੇਤਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।

ਇੰਟਰਨੈੱਟ ਦੀਆਂ ਜਿੱਥੇ ਅਨੇਕਾਂ ਹੈਰਾਨ ਕਰ ਦੇਣ ਵਾਲੀਆਂ ਪ੍ਰਾਪਤੀਆਂ ਹਨ ਉੱਥੇ ਇਸ ਦਾ ਦੂਸਰਾ ਪੱਖ ਵੀ ਸਾਮ੍ਹਣੇ ਆ ਰਿਹਾ ਹੈ। ਇੰਟਰਨੈੱਟ ਰਾਹੀਂ ਆਮ ਲੋਕਾਂ ਨੂੰ ਗੁਮਰਾਹ ਕਰਨ ਅਥਵਾ ਉਹਨਾਂ ਨੂੰ ਠੱਗਣ ਵਾਲੀਆਂ ਖ਼ਬਰਾਂ ਵੀ ਸਾਮ੍ਹਣੇ ਆ ਰਹੀਆਂ ਹਨ। ਅਸੀਂ ਜਾਣਦੇ ਹਾਂ ਕਿ ਮੋਬਾਈਲ ‘ਤੇ ਸਾਨੂੰ ਭਰਮਾਉਣ ਤੇ ਗੁਮਰਾਹ ਕਰਨ ਲਈ ਕਈ ਸੁਨੇਹੇ ਆਉਂਦੇ ਹਨ। ਇੰਟਰਨੈੱਟ ਰਾਹੀਂ ਅਜਿਹੇ ਸੁਨੇਹੇ ਤੁਹਾਡੀ ਈ-ਮੇਲ ਆਦਿ ‘ਤੇ ਆਉਂਦੇ ਹਨ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡਾ ਇਨਾਮ ਜਾ ਲੱਖਾ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਦੀ ਰਕਮ ਨਕਦ ਨਹੀਂ ਦਿੱਤੀ ਜਾਵੇਗੀ। ਸਗੋਂ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਇਸ ਉਦੇਸ਼ ਲਈ ਤੁਹਾਡੇ ਤੋਂ ਤੁਹਾਡਾ ਨਾਂ, ਜਨਮ-ਮਿਤੀ, ਬੈਂਕ ਖਾਤੇ ਦਾ ਨੰਬਰ ਆਦਿ ਪੁੱਛਿਆ ਜਾਂਦਾ ਹੈ। ਕਈ ਭੋਲੇ-ਭਾਲੇ ਲੋਕ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਪੁੱਛੀ ਗਈ ਜਾਣਕਾਰੀ ਈ-ਮੇਲ ਰਾਹੀ ਭੇਜ ਦਿੰਦੇ ਹਨ। ਇਸ ਜਾਣਕਾਰੀ ਦੇ ਆਧਾਰ ‘ਤੇ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਅਥਵਾ ਤੁਹਾਨੂੰ ਠੱਗਣ ਦੇ ਯਤਨ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਇੰਟਰਨੈੱਟ ‘ਤੇ ਤੁਹਾਨੂੰ ਜੂਏ ਵਰਗੀਆਂ ਖੇਡਾਂ ਵਿੱਚ ਫਸਾ ਕੇ ਵੀ ਠੱਗਣ ਦਾ ਯਤਨ ਕੀਤਾ ਜਾਂਦਾ ਹੈ। ਤੁਹਾਨੂੰ ਲਾਲਚ ਵਿੱਚ ਇਸ ਤਰ੍ਹਾਂ ਫਸਾਇਆ ਜਾਂਦਾ ਹੈ ਕਿ ਇਸ ਵਿੱਚੋਂ ਨਿਕਲਨਾ ਮੁਸ਼ਕਲ ਹੋ ਜਾਂਦਾ ਹੈ।

ਵਪਾਰ ਦੇ ਨਾਂ ‘ਤੇ ਇੰਟਰਨੈੱਟ ‘ਤੇ ਕਈ ਠੱਗੀਆਂ ਹੁੰਦੀਆਂ ਹਨ। ਘਟੀਆ ਪਰ ਚਮਕ-ਦਮਕ ਵਾਲੇ ਸਮਾਨ ਦੀ ਮਸ਼ਹੂਰੀ ਪ੍ਰਸਿੱਧ ਵਿਅਕਤੀਆਂ ਤੋਂ ਕਰਵਾ ਕੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਬਹੁਤੀ ਵਾਰ ਆਮ ਲੋਕ ਠੱਗੇ ਜਾਂਦੇ ਹਨ।

ਆਪਣੀ ਕਿਸਮਤ ਜਾਣਨ ਦੀ ਇੱਛਾ ਹਰ ਵਿਅਕਤੀ ਦੀ ਹੁੰਦੀ ਹੈ। ਇੰਟਰਨੈੱਟ ‘ਤੇ ਆਮ ਲੋਕਾਂ ਦੀ ਇਸ ਕਮਜ਼ੋਰੀ ਦਾ ਵੀ ਲਾਭ ਉਠਾਇਆ ਜਾਂਦਾ ਹੈ। ਵੱਡੀ ਰਕਮ ਲੈ ਕੇ ਤੁਹਾਡੀ ਸਮੱਸਿਆ ਦਾ ਹੱਲ ਦੱਸਿਆ ਜਾਂਦਾ ਹੈ ਅਥਵਾ ਕਈ ਤਰ੍ਹਾਂ ਦੇ ਉਪਾਅ ਸੁਝਾਏ ਜਾਂਦੇ ਹਨ। ਕਈ ਕਿਸਮ ਦੇ ਬਾਬੇ ਇਸ ਖੇਤਰ ਵਿੱਚ ਲੋਕਾਂ ਨੂੰ ਠੱਗਣ ਵਿੱਚ ਲੱਗੇ ਹੋਏ ਹਨ। ਇਸ ਤਰ੍ਹਾਂ ਇੰਟਰਨੈੱਟ ‘ਤੇ ਕਈ ਤਰ੍ਹਾਂ ਦੀਆਂ ਠੱਗੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇੰਟਰਨੈੱਟ ‘ਤੇ ਕਿਸੇ ਅਣਜਾਣ ਵਿਅਕਤੀ ਦੇ ਸੰਪਰਕ ਵਿੱਚ ਆਉਣ ‘ਤੇ ਸਾਨੂੰ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦੇਣੀ ਚਾਹੀਦੀ।

ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰੋਗੇ ਤਾਂ ਜੋ ਪਾਠਕ ਇੰਟਰਨੈੱਟ ‘ਤੇ ਹੁੰਦੀਆਂ ਠੱਗੀਆਂ ਤੋਂ ਜਾਣੂ ਹੋ ਸਕਣ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ਼ਪਾਤਰ,

ਲਖਵਿੰਦਰ ਸਿੰਘ