ਇਕਾਂਗੀ : ਦੂਜਾ ਵਿਆਹ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (50-60 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)
ਪ੍ਰਸ਼ਨ 1. ਸੰਤ ਸਿੰਘ ਸੇਖੋਂ ਦੀ ਨਾਟਕ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ : ਸੰਤ ਸਿੰਘ ਸੇਖੋਂ ਪੰਜਾਬੀ ਦਾ ਇੱਕ ਬੌਧਿਕ ਨਾਟਕਕਾਰ ਹੈ। ਉਸ ਨੇ ਵਿਸੇਸ਼ ਤੌਰ ‘ਤੇ ਇਤਿਹਾਸਿਕ ਤੇ ਮਿਥਿਹਾਸਿਕ ਵਿਸ਼ਿਆਂ/ਘਟਨਾਵਾਂ ‘ਤੇ ਨਾਟਕ ਲਿਖੇ ਹਨ ਅਤੇ ਇਹਨਾਂ ਦੇ ਨਵੇਂ ਅਰਥ ਸਥਾਪਿਤ ਕਰਨ ਦੀ ਕੋਸ਼ਸ਼ ਕੀਤੀ ਹੈ। ਉਸ ਦੇ ਨਾਟਕਾਂ ਵਿੱਚ ਬੌਧਿਕਤਾ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਹੈ। ਉਸ ਨੇ ਪੰਜਾਬੀ ਨਾਟਕ ਨੂੰ ਗੰਭੀਰਤਾ ਪ੍ਰਦਾਨ ਕਰਨ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਸ ਦੇ ਨਾਟਕ ਖੇਡੇ ਘੱਟ ਅਤੇ ਪੜ੍ਹੇ ਜ਼ਿਆਦਾ ਜਾਂਦੇ ਹਨ। ਨਾਟਕ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਣ ਕਾਰਨ ਉਸ ਦੇ ਨਾਟਕ ਰੰਗ-ਮੰਚ ‘ਤੇ ਬਹੁਤੇ ਸਫਲ ਨਹੀਂ ਹੁੰਦੇ। ਸੇਖੋਂ ਦੇ ਪੂਰੇ ਨਾਟਕਾਂ ਨਾਲੋਂ ਉਸ ਦੇ ਇਕਾਂਗੀ ਰੰਗ-ਮੰਚ ‘ਤੇ ਵਧੇਰੇ ਸਫਲ ਹਨ।
ਪ੍ਰਸ਼ਨ 2. ‘ਦੂਜਾ ਵਿਆਹ’ ਇਕਾਂਗੀ ਦੇ ਵਿਸ਼ੇ/ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।
ਉੱਤਰ : ਸੰਤ ਸਿੰਘ ਸ਼ੇਖੋਂ ਦੇ ਇਕਾਂਗੀ ‘ਦੂਜਾ ਵਿਆਹ’ ਦਾ ਵਿਸ਼ਾ ਨੋਂਹ-ਸੱਸ ਦੇ ਸਮਾਜਿਕ ਰਿਸ਼ਤੇ ਵਿਚਲੇ ਝਗੜੇ ਅਤੇ ਇਸ ਰਿਸ਼ਤੇ ਦੀਆਂ ਉਲਝਣਾਂ ਨੂੰ ਪ੍ਰਗਟਾਉਣ ਨਾਲ ਸੰਬੰਧਿਤ ਹੈ। ਇਕਾਂਗੀਕਾਰ ਨੇ ਇਸ ਰਿਸ਼ਤੇ ਦੀਆਂ ਉਲਝਣਾਂ ਦਾ ਹੱਲ ਵੀ ਸੁਝਾਇਆ ਹੈ। ਉਹ ਭਾਵੇਂ ਸੱਸ (ਨਿਹਾਲ ਕੌਰ) ਨੂੰ ਕਸੂਰਵਾਰ ਸਮਝਦਾ ਹੈ ਪਰ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਜੇਕਰ ਨੋਂਹ ਸਿਆਣਪ ਤੋਂ ਕੰਮ ਲਵੇ ਤਾਂ ਉਹ ਸੱਸ ਦੀਆਂ ਵਧੀਕੀਆਂ ‘ਤੇ ਕਾਬੂ ਪਾ ਸਕਦੀ ਹੈ ਅਤੇ ਘਰ ਦਾ ਮਾਹੌਲ ਵੀ ਸੁਖਾਵਾਂ ਹੋ ਸਕਦਾ ਹੈ। ਮਨਜੀਤ ਇਸੇ ਤਰ੍ਹਾਂ ਦੀ ਭੂਮਿਕਾ ਨਿਭਾਉਂਦੀ ਹੈ। ਇਸ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵੀ ਪ੍ਰਗਟਾਇਆ ਗਿਆ ਹੈ। ਇਸ ਸਮੱਸਿਆ ਨੂੰ ਪੇਸ਼ ਕਰ ਕੇ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ। ਅੰਤ ਨਿਹਾਲ ਕੌਰ ਨੂੰ ਆਪਣੀ ਗ਼ਲਤੀ ਮੰਨਣੀ ਪੈਂਦੀ ਹੈ।
ਪ੍ਰਸ਼ਨ 3. ‘ਦੂਜਾ ਵਿਆਹ’ ਇਕਾਂਗੀ ਵਿੱਚ ਪੇਸ਼ ਹੋਈ ਦੂਜੇ ਵਿਆਹ ਦੀ ਸਮੱਸਿਆ ਬਾਰੇ ਵਿਚਾਰ ਕਰੋ।
ਉੱਤਰ : ‘ਦੂਜਾ ਵਿਆਹ’ ਸੰਤ ਸਿੰਘ ਸੇਖੋਂ ਦਾ ਇੱਕ ਮਹੱਤਵਪੂਰਨ ਇਕਾਂਗੀ ਹੈ ਜਿਸ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵਿਗਿਆਨਿਕ ਪੱਧਰ ‘ਤੇ ਪ੍ਰਗਟਾਇਆ ਗਿਆ ਹੈ। ਸੇਖੋਂ ਨੇ ਜਗੀਰਦਾਰੀ ਪ੍ਰਬੰਧ ਦੇ ਸਮੇ ਤੋਂ ਚਲੀ ਆ ਰਹੀ ਦੂਜੇ ਵਿਆਹ ਦੀ ਸਮੱਸਿਆ ਨੂੰ ਨਜਿੱਠਣ ਦਾ ਸਫਲ ਯਤਨ ਕੀਤਾ ਹੈ। ਨਿਹਾਲ ਕੌਰ ਮਨਜੀਤ ਨੂੰ ਦੂਜੇ ਵਿਆਹ ਦੇ ਡਰਾਵੇ ਦਿੰਦੀ ਹੈ ਪਰ ਮਨਜੀਤ ਤੇ ਸੁਖਦੇਵ ਬੜੀ ਸੂਝ-ਬੂਝ/ਸਿਆਣਪ ਨਾਲ ਮਾਂ ਜੀ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦੇ ਹਨ। ਮਨਜੀਤ ਬਲਵੰਤ ਸਿੰਘ ਨੂੰ ਵੀ ਇਸਤਰੀ-ਸਭਾ ਦੀ ਮਦਦ ਨਾਲ ਸਿੱਧੇ ਰਾਹ ‘ਤੇ ਲਿਆਉਣਾ ਚਾਹੁੰਦੀ ਹੈ। ਇਸ ਤਰ੍ਹਾਂ ‘ਦੂਜਾ ਵਿਆਹ’ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਅਤੇ ਇਸ ਦੇ ਹੱਲ ਨੂੰ ਬੜੀ ਸਫਲਤਾ ਨਾਲ ਪ੍ਰਗਟਾਇਆ ਗਿਆ ਹੈ ਅਤੇ ਇਹ ਸਿੱਖਿਆ ਦਿੱਤੀ ਗਈ ਹੈ ਕਿ ਸਮੇਂ ਦੇ ਨਾਲ ਬਦਲਨਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 4. ਕੀ ‘ਦੂਜਾ ਵਿਆਹ’ ਇਕਾਂਗੀ ਦੇ ਇਸ ਸਿਰਲੇਖ ਨੂੰ ਢੁਕਵਾਂ ਤੇ ਸਫਲ ਕਿਹਾ ਜਾ ਸਕਦਾ ਹੈ?
ਉੱਤਰ : ‘ਦੂਜਾ ਵਿਆਹ’ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਪ੍ਰਗਟਾਇਆ ਗਿਆ ਹੈ। ਸਾਰੇ ਇਕਾਂਗੀ ਵਿੱਚ ਵਾਰ-ਵਾਰ ਦੂਜੇ ਵਿਆਹ ਦਾ ਜ਼ਿਕਰ ਹੁੰਦਾ ਹੈ। ਮਨਜੀਤ ਨੂੰ ਦੂਜੇ ਵਿਆਹ ਦਾ ਡਰ ਦਿੱਤਾ ਜਾਂਦਾ ਹੈ। ਸੁਖਦੇਵ ਮਜ਼ਾਕ ਵਿੱਚ ਦੂਜੇ ਵਿਆਹ ਦੀਆਂ ਗੱਲਾਂ ਕਰਦਾ ਹੈ। ਸੁਖਦੇਵ ਦਾ ਬਾਪੂ ਵੀ ਸੁਖਦੇਵ ਦੀ ਮਾਂ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਦਿੰਦਾ ਰਿਹਾ ਹੈ। ਉਹ ਤਾਂ ਦੂਜਾ ਵਿਆਹ ਕਰਵਾ ਵੀ ਲੈਂਦਾ ਹੈ। ਸੁਖਦੇਵ ਦੀ ਭੈਣ ਦੀ ਚਿੱਠੀ ਵਿੱਚ ਵੀ ਬਲਵੰਤ ਸਿੰਘ ਦੇ ਦੂਜੇ ਵਿਆਹ ਦੀ ਗੱਲ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਸਿਰਲੇਖ ਢੁਕਵਾਂ ਤੇ ਸਫਲ ਕਿਹਾ ਜਾ ਸਕਦਾ ਹੈ।
ਪ੍ਰਸ਼ਨ 5. ਮਨਜੀਤ ਨੇ ਕਦੋਂ ਤੋਂ ਆਪਣੇ ਪਤੀ ਦਾ ਨਾਂ ਲੈਣਾ ਸ਼ੁਰੂ ਕੀਤਾ ਸੀ?
ਉੱਤਰ : ਜਦ ਮਨਜੀਤ ਨਿਹਾਲ ਕੌਰ ਦੇ ਸਾਮ੍ਹਣੇ ਆਪਣੇ ਪਤੀ ਸੁਖਦੇਵ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਉਸ ਨੂੰ ਪੁੱਛਦੀ ਹੈ ਕਿ ਉਸ ਨੇ ਉਸ ਦੇ ਮੁੰਡੇ ਦਾ ਨਾਂ ਕਦ ਤੋਂ ਲੈਣਾ ਸ਼ੁਰੂ ਕੀਤਾ ਹੈ? ਮਨਜੀਤ ਦੱਸਦੀ ਹੈ ਕਿ ਪਿਛਲੀ ਵਾਰ ਜਦ ਉਹ ਛਾਉਣੀ ਰਹੀ ਸੀ ਤਾਂ ਸੁਖਦੇਵ ਨੇ ਆਪ ਹੀ ਨਾਂ ਲੈਣ ਲਾ ਲਿਆ। ਮਨਜੀਤ ਨਿਹਾਲ ਕੌਰ ਨੂੰ ਕਹਿੰਦੀ ਹੈ ਕਿ ਉਸ ਨੇ ਉਹਨਾਂ ਸਾਮ੍ਹਣੇ ਆਪਣੇ ਪਤੀ ਦਾ ਨਾਂ ਨਹੀਂ ਸੀ ਲੈਣਾ ਪਰ ਇਹ ਮੂੰਹ ‘ਤੇ ਚੜ੍ਹਿਆ ਹੋਣ ਕਾਰਨ ਲਿਆ ਗਿਆ ਹੈ।
ਪ੍ਰਸ਼ਨ 6. ਮਨਜੀਤ ਸੁਖਦੇਵ ਨੂੰ ਇਸਤਰੀ-ਸਭਾ ਬਾਰੇ ਕੀ ਜਾਣਕਾਰੀ ਦਿੰਦੀ ਹੈ?
ਉੱਤਰ : ਮਨਜੀਤ ਸੁਖਦੇਵ ਨੂੰ ਦੱਸਦੀ ਹੈ ਕਿ ਉਹਨਾਂ ਨੇ ਲੋਕ ਇਸਤਰੀ-ਸਭਾ ਬਣਾਈ ਹੈ ਜਿਸ ਦੀਆਂ ਜ਼ਿਲ੍ਹੇ-ਜ਼ਿਲ੍ਹੇ ਅਤੇ ਪਿੰਡ-ਪਿੰਡ ਵਿੱਚ ਸ਼ਾਖਾਵਾਂ ਬਣ ਰਹੀਆਂ ਹਨ। ਉਹ ਦੱਸਦੀ ਹੈ ਕਿ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ। ਉਹ ਜਾਣਦੀ ਹੈ ਕਿ ਭੈਣ ਜੀ ਦੇ ਪਿੰਡ ਵੀ ਇਸਤਰੀ-ਸਭਾ ਦੀ ਸ਼ਾਖਾ ਹੈ। ਉਹ ਕਹਿੰਦੀ ਹੈ ਕਿ ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਹ ‘ਤੇ ਲੈ ਆਏਗੀ।
ਪ੍ਰਸ਼ਨ 7. ਮਨਜੀਤ ਵੱਲੋਂ ਆਪਣੇ ਪਤੀ ਸੁਖਦੇਵ ਦਾ ਨਾਂ ਲੈਣ ਸੰਬੰਧੀ ਨਿਹਾਲ ਕੌਰ ਤੇ ਸੁਖਦੇਵ ਦੇ ਵਿਚਾਰਾਂ ਬਾਰੇ ਜਾਣਕਾਰੀ ਦਿਓ।
ਉੱਤਰ : ਨਿਹਾਲ ਕੌਰ ਚਾਹੁੰਦੀ ਹੈ ਕਿ ਮਨਜੀਤ ਆਪਣੇ ਪਤੀ ਦਾ ਨਾਂ ਨਾ ਲਵੇ ਪਰ ਇਸ ਸੰਬੰਧੀ ਸੁਖਦੇਵ ਦੇ ਵਿਚਾਰ ਅਲੱਗ ਹਨ। ਉਹ ਕਹਿੰਦਾ ਹੈ ਕਿ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ। ਉਹ ਕਹਿੰਦਾ ਹੈ ਕਿ ਤੀਵੀਂ ਆਪਣੇ ਘਰ ਵਾਲ਼ੇ ਨੂੰ ਸਰਦਾਰ ਜੀ ਕਹਿੰਦੀ ਚੰਗੀ ਨਹੀਂ ਲੱਗਦੀ। ਜੇਕਰ ਉਹ ਅਜਿਹਾ ਕਹੇ ਤਾਂ ਫਿਰ ਉਸ ਦੇ ਘਰ ਵਾਲੇ ਨੂੰ ਉਸ ਨੂੰ ਸਰਦਾਰਨੀ
ਜੀ ਕਹਿਣਾ ਪਵੇਗਾ। ਸੁਖਦੇਵ ਆਪਣੇ ਮਿੱਤਰ ਸੋਹਣ ਸਿੰਘ ਦਾ ਹਵਾਲਾ ਦਿੰਦਾ ਦੱਸਦਾ ਹੈ ਕਿ ਉਹ ਆਪਣੀ ਪਤਨੀ ਨੂੰ ਸਰਦਾਰਨੀ ਕਹਿੰਦਾ ਹੈ ਤਾਂ ਉਹਨਾਂ ਨੂੰ ਹਾਸਾ ਆਉਂਦਾ ਹੈ। ਨਿਹਾਲ ਕੌਰ ਕਹਿੰਦੀ ਹੈ ਕਿ ਜੇਕਰ ਅਜਿਹਾ ਹੀ ਹੈ ਤਾਂ ਫਿਰ ਉਹ ਵੀ ਆਪਣੇ ਪਤੀ ਦਾ ਨਾਂ ਲੈ ਲਿਆ ਕਰੇਗੀ। ਜਦ ਮਨਜੀਤ ਮੁੜ ਆਪਣੇ ਪਤੀ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਗੁੱਸੇ ਵਿੱਚ ਮਨਜੀਤ ਨੂੰ ਮੂੰਹ ਸੰਭਾਲ ਕੇ ਬੋਲਣ ਲਈ ਕਹਿੰਦੀ ਹੈ ਅਤੇ ਆਖਦੀ ਹੈ ਕਿ ਉਸ ਨੇ ਮਨਜੀਤ ਨੂੰ ਸੁਖਦੇਵ ਦਾ ਨਾਂ ਨਹੀਂ ਲੈਣ ਦੇਣਾ। ਪਰ ਦੂਜੇ ਪਾਸੇ ਸੁਖਦੇਵ ਵੀ ਸਰਦਾਰ ਜੀ ਅਖਵਾਉਣ ਦੇ ਹੱਕ ਵਿੱਚ ਨਹੀਂ।
ਪ੍ਰਸ਼ਨ 8. ਨਿਹਾਲ ਕੌਰ ਮਨਜੀਤ ਨੂੰ ਸੁਖਦੇਵ ਦੇ ਦੂਜੇ ਵਿਆਹ ਦੀਆਂ ਧਮਕੀਆਂ ਕਿਉਂ ਦਿੰਦੀ ਹੈ?
ਉੱਤਰ : ਨਿਹਾਲ ਕੌਰ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਹੈ। ਮਨਜੀਤ ਦੇ ਵਿਆਹ ਨੂੰ ਢਾਈ ਸਾਲ ਹੋ ਚੁੱਕੇ ਹਨ ਪਰ ਉਸ ਦੇ ਕੋਈ ਬੱਚਾ ਨਹੀਂ। ਨਿਹਾਲ ਕੌਰ ਸਮੇਂ-ਸਮੇਂ ‘ਤੇ ਮਨਜੀਤ ਦੇ ਕੰਮਾਂ ਵਿੱਚ ਨੁਕਸ ਕੱਢਦੀ ਹੈ ਅਤੇ ਸੁਖਦੇਵ ਦੇ ਦੂਜੇ ਵਿਆਹ ਦਾ ਡਰ ਦਿੰਦੀ ਰਹਿੰਦੀ ਹੈ। ਸੁਖਦੇਵ ਮਨਜੀਤ ਨੂੰ ਦੱਸਦਾ ਹੈ ਕਿ ਇਸ ਵਿੱਚ ਵਿਚਾਰੀ ਮਾਂ ਦਾ ਵੀ ਕੋਈ ਕਸੂਰ ਨਹੀਂ। ਉਸ ਨੂੰ ਸਾਰੀ ਉਮਰ ਬਾਪੂ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ। ਅੰਤ ਗੁਰਦਿੱਤ ਸਿੰਘ ਨੇ ਦੂਜਾ ਵਿਆਹ ਕਰਵਾ ਵੀ ਲਿਆ। ਨਿਹਾਲ ਕੌਰ ਸਮਝਦੀ ਹੈ ਕਿ ਇਸਤਰੀ ‘ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਜ਼ਰੂਰੀ ਹੈ। ਸੁਖਦੇਵ ਦੱਸਦਾ ਹੈ ਕਿ ਮਾਂ ਨੂੰ ਪੋਤਾ-ਪੋਤੀ ਨਾ ਹੋਣ ਦਾ ਵੀ ਮਨਜੀਤ ‘ਤੇ ਰੋਸ ਹੈ।
ਪ੍ਰਸ਼ਨ 9. ਨਿਹਾਲ ਕੌਰ ਨੇ ਮਨਜੀਤ ਨੂੰ ਦੂਜੇ ਵਿਆਹ ਸੰਬੰਧੀ ਜਿਹੜੇ ਬੋਲ-ਕਬੋਲ ਕਹੇ ਸਨ ਉਸ ਲਈ ਉਹ ਮਾਫ਼ੀ ਕਿਉਂ ਮੰਗਦੀ ਹੈ?
ਉੱਤਰ : ਜਦ ਨਿਹਾਲ ਕੌਰ ਨੂੰ ਦੱਸਿਆ ਜਾਂਦਾ ਹੈ ਕਿ ਉਸ ਦਾ ਜਵਾਈ ਬਲਵੰਤ ਸਿੰਘ ਵੀ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੁੰਦੀ ਹੈ। ਇਸੇ ਲਈ ਉਹ ਮਨਜੀਤ ਨੂੰ ਕਹਿੰਦੀ ਹੈ ਕਿ ਉਸ ਨੇ ਉਸ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਹਨ ਉਸ ਲਈ ਉਸ ਨੂੰ ਮਾਫ਼ ਕਰ ਦਿੱਤਾ ਜਾਵੇ। ਨਿਹਾਲ ਕੌਰ ਕਹਿੰਦੀ ਹੈ ਕਿ ਉਹ ਤਾਂ ਪਹਿਲਾਂ ਹੀ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ। ਉਹ ਕਹਿੰਦੀ ਹੈ ਕਿ ਉਸ ਦੀ ਧੀ ‘ਤੇ ਦੂਜੇ ਵਿਆਹ ਦੀ ਹੋਣੀ ਪਤਾ ਨਹੀਂ ਕਿਹੜੇ ਪਾਪ ਦਾ ਫਲ ਬਣ ਕੇ ਬੀਤੀ ਹੈ। ਉਹ ਮਨਜੀਤ ਨੂੰ ਕਹੇ ਬੋਲਾਂ-ਕਬੋਲਾਂ ਲਈ ਮਨਜੀਤ ਤੇ ਵਾਹਿਗੁਰੂ ਤੋਂ ਮਾਫ਼ੀ ਮੰਗਦੀ ਹੈ।
ਪ੍ਰਸ਼ਨ 10. ‘ਦੂਜਾ ਵਿਆਹ’ ਇਕਾਂਗੀ ਦੀ ਪਾਤਰ ਨਿਹਾਲ ਕੌਰ ਨਾਲ ਜਾਣ-ਪਛਾਣ ਕਰਾਓ।
ਉੱਤਰ : ਨਿਹਾਲ ਕੌਰ ‘ਦੂਜਾ ਵਿਆਹ’ ਇਕਾਂਗੀ ਦੀ ਵਿਸ਼ੇਸ਼ ਇਸਤਰੀ-ਪਾਤਰ ਹੈ। ਉਹ ਗੁਰਦਿੱਤ ਸਿੰਘ ਦੀ ਪਤਨੀ ਅਤੇ ਸੁਖਦੇਵ ਸਿੰਘ ਤੇ ਸੁਖਦੇਵ ਕੌਰ ਦੀ ਮਾਂ ਹੈ। ਉਹ ਪੁਰਾਣੀ ਪੀੜ੍ਹੀ ਦੀ ਪ੍ਰਤਿਨਿਧਤਾ ਕਰਨ ਵਾਲੀ ਅਤੇ ਪਰੰਪਰਾਵਾਦੀ ਵਿਚਾਰਾਂ ਦੀ ਮਾਲਕ ਹੈ। ਉਸ ਦਾ ਦ੍ਰਿਸ਼ਟੀਕੋਣ ਪਿਛਾਂਹ-ਖਿੱਚੂ ਹੈ। ਉਹ ਆਪਣੀ ਨੂੰਹ ਮਨਜੀਤ ਦੇ ਕੰਮਾਂ ਵਿੱਚ ਨੁਕਸ ਕੱਢਦੀ ਰਹਿੰਦੀ ਹੈ, ਉਸ ਨੂੰ ਤਾਹਨੇ-ਮਿਹਣੇ ਮਾਰਦੀ ਹੈ ਅਤੇ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੀ ਹੈ। ਪਰ ਜਦ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਆਪਣਾ ਜਵਾਈ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਸ ਦੀ ਅਕਲ ਟਿਕਾਣੇ ਆਉਂਦੀ ਹੈ ਅਤੇ ਉਸ ਨੂੰ ਆਪਣੀਆਂ ਗ਼ਲਤੀਆਂ ਦਾ ਅਨੁਭਵ ਹੁੰਦਾ ਹੈ।
ਪ੍ਰਸ਼ਨ 11. ‘ਦੂਜਾ ਵਿਆਹ’ ਇਕਾਂਗੀ ਦੀ ਇਸਤਰੀ ਪਾਤਰ ਮਨਜੀਤ ਬਾਰੇ ਜਾਣਕਾਰੀ ਦਿਓ।
ਉੱਤਰ : ਮਨਜੀਤ ‘ਦੂਜਾ ਵਿਆਹ’ ਇਕਾਂਗੀ ਦੀ ਮੁੱਖ ਇਸਤਰੀ ਪਾਤਰ ਹੈ। ਉਹ ਸੁਖਦੇਵ ਸਿੰਘ ਦੀ ਪਤਨੀ ਅਤੇ ਨਿਹਾਲ ਕੌਰ ਤੇ ਗੁਰਦਿੱਤ ਸਿੰਘ ਦੀ ਨੋਂਹ ਹੈ। ਉਹ ਪੜ੍ਹੀ-ਲਿਖੀ, ਅਗਾਂਹਵਧੂ ਵਿਚਾਰਾਂ ਵਾਲੀ, ਹਾਜ਼ਰ-ਜਵਾਬ ਅਤੇ ਹਸਮੁਖ ਸੁਭਾਅ ਦੀ ਮਾਲਕ ਹੈ। ਉਹ ਇੱਕ ਆਦਰਸ਼ ਪਤਨੀ ਅਤੇ ਸੁਚੱਜੀ ਨੋਂਹ ਹੈ। ਉਹ ਨਵੀਂ ਪੀੜ੍ਹੀ ਦੀ ਪ੍ਰਤਿਨਿਧਤਾ ਕਰਦੀ ਹੈ ਅਤੇ ਇਸਤਰੀ ਵਿੱਚ ਆਪਣੇ ਹੱਕਾਂ ਲਈ ਪੈਦਾ ਹੋ ਰਹੀ ਜਾਗ੍ਰਿਤੀ ਦੀ ਪ੍ਰਤੀਕ ਹੈ। ਉਹ ਆਪਣੀ ਸੂਝ-ਬੂਝ/ਸਿਆਣਪ ਨਾਲ ਘਰ ਦੇ ਮਾਹੌਲ ਨੂੰ ਸੁਖਾਵਾਂ ਬਣਾਈ ਰੱਖਦੀ ਹੈ। ਉਸ ਦਾ ਦ੍ਰਿਸ਼ਟੀਕੋਣ ਸੁਧਾਰਵਾਦੀ ਹੈ। ਉਹ ਸਿਆਣਪ ਤੋਂ ਕੰਮ ਲੈ ਕੇ ਆਪਣੀ ਸੱਸ ਦੀਆਂ ਵਧੀਕੀਆ ‘ਤੇ ਕਾਬੂ ਪਾ ਲੈਂਦੀ ਹੈ। ਉਹ ਆਪਣੇ ਉਦੇਸ਼ ਵਿੱਚ ਸਫਲ ਹੁੰਦੀ ਦਿਖਾਈ ਗਈ ਹੈ।
ਪ੍ਰਸ਼ਨ 12. ‘ਦੂਜਾ ਵਿਆਹ’ ਇਕਾਂਗੀ ਦੇ ਪਾਤਰ ਸੁਖਦੇਵ ਨਾਲ ਜਾਣ-ਪਛਾਣ ਕਰਾਓ।
ਉੱਤਰ : ਸੁਖਦੇਵ ‘ਦੂਜਾ ਵਿਆਹ’ ਇਕਾਂਗੀ ਦਾ ਵਿਸ਼ੇਸ਼ ਮਰਦ ਪਾਤਰ ਹੈ। ਉਹ ਨਿਹਾਲ ਕੌਰ ਅਤੇ ਗੁਰਦਿੱਤ ਸਿੰਘ ਦਾ ਪੁੱਤਰ, ਸੁਖਦੇਵ ਕੌਰ ਦਾ ਭਰਾ ਅਤੇ ਮਨਜੀਤ ਦਾ ਪਤੀ ਹੈ। ਉਹ ਇੱਕ ਫ਼ੌਜੀ ਹੈ ਅਤੇ ਨੌਜਵਾਨ ਪੀੜ੍ਹੀ ਦੀ ਪ੍ਰਤਿਨਿਧਤਾ ਕਰਦਾ ਹੈ। ਉਸ ਦੇ ਖ਼ਿਆਲ ਅਗਾਂਹਵਧੂ ਹਨ। ਉਸ ਅਨੁਸਾਰ ਇੱਕ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਵਿੱਚ ਕੋਈ ਔਗੁਣ ਨਹੀਂ। ਉਹ ਆਪਣੀ ਮਾਂ ਦੇ ਪਿਛਾਂਹ-ਖਿੱਚੂ ਵਿਚਾਰਾਂ ਦਾ ਪੱਖ ਨਹੀਂ ਪੂਰਦਾ ਸਗੋਂ ਮਨਜੀਤ ਦੇ ਆਧੁਨਿਕ ਖ਼ਿਆਲਾਂ ਦੀ ਹਾਮੀ ਭਰਦਾ ਹੈ। ਉਹ ਆਪਣੀ ਮਾਂ ਦੀ ਦੂਜਾ ਵਿਆਹ ਵਾਲ਼ੀ ਸੋਚ ਨੂੰ ਬੜੀ ਸੂਝ-ਬੂਝ ਨਾਲ ਬਦਲਨ ਵਿੱਚ ਸਫਲ ਹੋ ਜਾਂਦਾ ਹੈ। ਉਹ ਮਾਤਾ-ਪਿਤਾ ਦਾ ਸਤਿਕਾਰ ਕਰਦਾ ਹੈ ਅਤੇ ਭੈਣ ਦੀ ਆਈ ਚਿੱਠੀ ਪੜ੍ਹ ਕੇ ਪਰੇਸ਼ਾਨ ਹੁੰਦਾ ਹੈ।
ਪ੍ਰਸ਼ਨ 13. ਗੁਰਦਿੱਤ ਸਿੰਘ (ਬਾਪੂ ਜੀ) ਦੇ ਸੁਭਾਅ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਗੁਰਦਿੱਤ ਸਿੰਘ ‘ਦੂਜਾ ਵਿਆਹ’ ਇਕਾਂਗੀ ਦਾ ਵਿਸ਼ੇਸ਼ ਮਰਦ ਪਾਤਰ ਹੈ। ਉਹ ਨਿਹਾਲ ਕੌਰ ਦਾ ਪਤੀ, ਸੁਖਦੇਵ ਸਿੰਘ ਤੇ ਸੁਖਦੇਵ ਕੌਰ ਦਾ ਪਿਤਾ ਅਤੇ ਮਨਜੀਤ ਦਾ ਸਹੁਰਾ ਹੈ। ਉਹ ਸਾਬਕਾ ਫ਼ੌਜੀ ਹੈ। ਦੋ ਬੱਚਿਆਂ ਨੂੰ ਉਸ ਨੇ ਕਾਫ਼ੀ ਨਾ ਸਮਝਿਆ ਅਤੇ ਦੂਜਾ ਵਿਆਹ ਕਰਵਾ ਲਿਆ । ਉਸ ਨੂੰ ਆਪਣੀ ਧੀ ਦਾ ਬਹੁਤ ਫ਼ਿਕਰ ਹੈ। ਜਦ ਉਸ ਨੂੰ ਬਲਵੰਤ ਸਿੰਘ ਦੀ ਦੂਜੇ ਵਿਆਹ ਵਾਲੀ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਆਪਣੀ ਧੀ ਨੂੰ ਆਪਣੇ ਕੋਲ ਬੁਲਾ ਲਏਗਾ। ਉਹ ਆਪਣੀ ਪਤਨੀ ਨਿਹਾਲ ਕੌਰ ਦਾ ਵੀ ਖ਼ਿਆਲ ਰੱਖਦਾ ਹੈ।
ਪ੍ਰਸ਼ਨ 14. ਸੁਖਦੇਵ ਕੌਰ ਦੇ ਪਰਿਵਾਰ ਬਾਰੇ ਜਾਣਕਾਰੀ ਦਿਓ।
ਉੱਤਰ : ਸੁਖਦੇਵ ਕੌਰ ਬਲਵੰਤ ਸਿੰਘ ਦੀ ਪਤਨੀ, ਨਿਹਾਲ ਕੌਰ ਅਤੇ ਗੁਰਦਿੱਤ ਸਿੰਘ ਦੀ ਧੀ, ਸੁਖਦੇਵ ਦੀ ਭੈਣ ਅਤੇ ਮਨਜੀਤ ਦੀ ਨਣਾਨ ਹੈ। ਉਸ ਦੀਆਂ ਦੋ ਕੁੜੀਆਂ ਹਨ। ਉਸ ਦਾ ਪਤੀ ਸ਼ਰਾਬ ਪੀਂਦਾ ਹੈ। ਅੱਧੀ-ਅੱਧੀ ਰਾਤ ਤੱਕ ਘਰ ਨਹੀਂ ਆਉਂਦਾ ਅਤੇ ਉਸ ਦੇ ਕੁਝ ਬੋਲਣ ‘ਤੇ ਉਸ ਨੂੰ ਮਾਰਨ ਨੂੰ ਪੈਂਦਾ ਹੈ। ਸੁਖਦੇਵ ਕੌਰ ਦੇ ਕੋਈ ਪੁੱਤਰ ਨਾ ਹੋਣ ਕਾਰਨ ਉਸ ਦਾ ਪਤੀ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ।
ਪ੍ਰਸ਼ਨ 15. ਸੁਖਦੇਵ ਸਿੰਘ ਅਤੇ ਮਨਜੀਤ ਦੇ ਆਪਸੀ ਰਿਸ਼ਤੇ ਬਾਰੇ ਜਾਣਕਾਰੀ ਦਿਓ।
ਉੱਤਰ : ਸੁਖਦੇਵ ਸਿੰਘ ਅਤੇ ਮਨਜੀਤ ‘ਦੂਜਾ ਵਿਆਹ’ ਇਕਾਂਗੀ ਦੇ ਮੁੱਖ ਪਾਤਰ ਹਨ। ਉਹ ਪਤੀ-ਪਤਨੀ ਹਨ ਅਤੇ ਨਵੀਂ ਪੀੜ੍ਹੀ ਦੀ ਪ੍ਰਤਿਨਿਧਤਾ ਕਰਦੇ ਹਨ। ਉਹ ਦੋਵੇਂ ਹੀ ਆਧੁਨਿਕ ਖ਼ਿਆਲਾਂ ਦੇ ਮਾਲਕ ਹਨ। ਉਹ ਇੱਕ-ਦੂਜੇ ਦਾ ਬਹੁਤ ਖਿਆਲ ਰੱਖਦੇ ਹਨ। ਆਪਣੀ ਪਤਨੀ ਮਨਜੀਤ ਵੱਲੋਂ ਉਸ ਦਾ ਨਾਂ ਲੈਣ ਵਿੱਚ ਉਸ ਨੂੰ ਕੋਈ ਬੁਰਾਈ ਨਹੀਂ ਲੱਗਦੀ। ਇਸ ਬਾਰੇ ਉਹ ਆਪਣੀ ਮਾਂ ਨੂੰ ਵੀ ਸਮਝਾਉਂਦਾ ਹੈ। ਜਦ ਉਸ ਦੀ ਮਾਂ ਮਨਜੀਤ ਨੂੰ ਦੂਜੇ ਵਿਆਹ ਦਾ ਡਰ ਦਿੰਦੀ ਹੈ ਤਾਂ ਉਹ ਦੋਵੇਂ (ਮਨਜੀਤ ਤੇ ਸੁਖਦੇਵ) ਬੜੀ ਸੂਝ-ਬੂਝ ਤੋਂ ਕੰਮ ਲੈਂਦੇ ਹਨ ਅਤੇ ਮਾਂ ਜੀ ਨੂੰ ਸਿੱਖਿਆ ਦੇਣ ਵਿੱਚ ਸਫਲ ਹੋ ਜਾਂਦੇ ਹਨ। ਇੱਕ ਆਦਰਸ਼ ਪਤੀ-ਪਤਨੀ ਦੇ ਰੂਪ ਵਿੱਚ ਉਹਨਾਂ ਦੀ ਭੂਮਿਕਾ ਸ਼ਲਾਘਾਯੋਗ ਹੈ।
ਪ੍ਰਸ਼ਨ 16. ਇੱਕ ਪਤਨੀ ਅਤੇ ਨੋਂਹ ਦੇ ਰੂਪ ਵਿੱਚ ਮਨਜੀਤ ਕੌਰ ਦੀ ਭੂਮਿਕਾ ਬਾਰੇ ਵਿਚਾਰ ਕਰੋ।
ਉੱਤਰ : ਮਨਜੀਤ ਕੌਰ ‘ਦੂਜਾ ਵਿਆਹ’ ਇਕਾਂਗੀ ਦੀ ਮਹੱਤਵਪੂਰਨ ਇਸਤਰੀ-ਪਾਤਰ ਹੈ। ਉਹ ਇੱਕ ਆਦਰਸ਼ ਪਤਨੀ ਅਤੇ ਨੋਂਹ ਹੈ। ਉਹ ਆਪਣੇ ਪਤੀ ਦੀ ਖ਼ੁਸ਼ੀ ਦਾ ਪੂਰਾ ਖ਼ਿਆਲ ਰੱਖਦੀ ਹੈ। ਨਿਹਾਲ ਕੌਰ ਭਾਵੇਂ ਉਸ ਦੇ ਨੁਕਸ ਕੱਢਦੀ ਰਹਿੰਦੀ ਹੈ ਅਤੇ ਉਸ ਨੂੰ ਦੂਜੇ ਵਿਆਹ ਦਾ ਡਰ ਦਿੰਦੀ ਹੈ ਪਰ ਆਪਣੇ ਪਤੀ ਦੀ ਖ਼ੁਸ਼ੀ ਲਈ ਉਹ ਫਿਰ ਵੀ ਉਸ ਦਾ ਸਤਿਕਾਰ ਕਰਦੀ ਹੈ। ਮਨਜੀਤ ਇੱਕ ਸੁਚੱਜੀ ਨੋਂਹ ਵੀ ਹੈ। ਨੋਂਹ ਦੇ ਰੂਪ ਵਿੱਚ ਉਹ ਘਰ ਦੀਆਂ ਜ਼ੁੰਮੇਵਾਰੀਆਂ ਨੂੰ ਸਫਲਤਾ ਨਾਲ ਨਿਭਾਉਂਦੀ ਹੈ। ਉਹ ਆਪਣੀ ਸੱਸ ਅਤੇ ਸਹੁਰੇ ਦਾ ਸਤਿਕਾਰ ਕਰਦੀ ਹੈ ਅਤੇ ਉਹਨਾਂ ਦਾ ਖ਼ਿਆਲ ਰੱਖਦੀ ਹੈ।
ਪ੍ਰਸ਼ਨ 17. ਨਿਹਾਲ ਕੌਰ ਨੂੰ ਮਨਜੀਤ ਦੇ ਕਿਹੜੇ-ਕਿਹੜੇ ਕੰਮ ਪਸੰਦ ਨਹੀ?
ਉੱਤਰ : ਨਿਹਾਲ ਕੌਰ ਨੂੰ ਮਨਜੀਤ ਦਾ ਕੋਈ ਕੰਮ ਵੀ ਪਸੰਦ ਨਹੀਂ ਆਉਂਦਾ। ਉਹ ਉਸ ਦੇ ਹਰ ਕੰਮ ਵਿੱਚ ਨੁਕਸ ਕੱਢਦੀ ਹੈ। ਉਹ ਕਹਿੰਦੀ ਹੈ ਕਿ ਮਨਜੀਤ ਵੇਲ਼ੇ ਸਿਰ ਰੋਟੀ-ਟੁੱਕ ਨਹੀਂ ਕਰਦੀ ਅਤੇ ਸਬਜ਼ੀ ਬਹੁਤ ਵੱਡੀ-ਵੱਡੀ ਕੱਟਦੀ ਹੈ। ਉਹ ਬਹੁਤ ਤੇਜ਼ ਅੱਗ ਤੇ ਸਬਜ਼ੀ ਬਣਾਉਂਦੀ ਹੈ ਜੋ ਅੱਧ-ਰਿੱਝੀ ਹੁੰਦੀ ਹੈ। ਨਿਹਾਲ ਕੌਰ ਨੂੰ ਨਾ ਤਾਂ ਮਨਜੀਤ ਦਾ ਇਸਤਰੀ-ਸਭਾ ਦੀ ਮੈਂਬਰ ਬਣਨਾ ਪਸੰਦ ਹੈ ਅਤੇ ਨਾ ਹੀ ਉਸ ਦਾ ਆਪਣੇ ਪਤੀ ਦਾ ਨਾਂ ਲੈਣਾ। ਉਹ ਮਨਜੀਤ ਦਾ ਗੁਆਂਢਣ ਕੋਲ ਜਾਣਾ ਵੀ ਪਸੰਦ ਨਹੀਂ ਕਰਦੀ।
ਪ੍ਰਸ਼ਨ 18. ਨਿਹਾਲ ਕੌਰ ਦਾ ਆਪਣੀ ਨੋਂਹ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਹੈ?
ਉੱਤਰ : ਨਿਹਾਲ ਕੌਰ ਦਾ ਆਪਣੀ ਨੋਂਹ ਪ੍ਰਤੀ ਰਵੱਈਆ ਪੁਰਾਣੇ ਸਮੇਂ ਦੀਆਂ ਸੱਸਾਂ ਵਾਲ਼ਾ ਹੈ। ਉਹ ਪਰੰਪਰਾਵਾਦੀ ਹੈ ਅਤੇ ਉਸ ਦਾ ਦ੍ਰਿਸ਼ਟੀਕੋਣ ਪਿਛਾਂਹ-ਖਿੱਚੂ ਹੈ। ਉਹ ਮਨਜੀਤ ਦੇ ਕੰਮਾਂ ਵਿੱਚ ਨੁਕਸ ਕੱਢਦੀ ਰਹਿੰਦੀ ਹੈ, ਉਸ ਨੂੰ ਤਾਹਨੇ-ਮਿਹਣੇ ਮਾਰਦੀ ਹੈ ਅਤੇ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੀ ਹੈ। ਉਸ ਨੂੰ ਇਹ ਪਸੰਦ ਨਹੀਂ ਕਿ ਮਨਜੀਤ ਆਪਣੇ ਪਤੀ ਦਾ ਨਾਂ ਲੈ ਕੇ ਬੁਲਾਵੇ। ਪਰ ਜਦ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਆਪਣਾ ਜਵਾਈ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਸ ਦੀ ਅਕਲ ਟਿਕਾਣੇ ਆਉਂਦੀ ਹੈ ਅਤੇ ਉਸ ਨੂੰ ਆਪਣੀਆਂ ਗ਼ਲਤੀਆਂ ਦਾ ਅਨੁਭਵ ਹੁੰਦਾ ਹੈ।
ਪ੍ਰਸ਼ਨ 19. ‘ਦੂਜਾ ਵਿਆਹ’ ਇਕਾਂਗੀ ਵਿੱਚ ਲੋਕ ਇਸਤਰੀ-ਸਭਾ ਦੀ ਕੀ ਭੂਮਿਕਾ ਦਰਸਾਈ ਗਈ ਹੈ?
ਉੱਤਰ : ‘ਦੂਜਾ ਵਿਆਹ’ ਇਕਾਂਗੀ ਵਿੱਚ ਲੋਕ ਇਸਤਰੀ-ਸਭਾ ਦੀ ਵਿਸ਼ੇਸ਼ ਭੂਮਿਕਾ ਦਰਸਾਈ ਗਈ ਹੈ। ਇਸ ਸਭਾ ਦੀਆਂ ਜ਼ਿਲ੍ਹੇ-ਜ਼ਿਲ੍ਹੇ ਅਤੇ ਪਿੰਡ-ਪਿੰਡ ਵਿੱਚ ਸ਼ਾਖਾਵਾਂ ਬਣ ਰਹੀਆਂ ਹਨ। ਇਸ ਸਭਾ ਨੇ ਇਸਤਰੀਆਂ ਨੂੰ ਆਪਣੇ ਦੁੱਖਾਂ ਤੋਂ ਮੁਕਤੀ ਅਤੇ ਹੱਕਾਂ ਦੀ ਰਾਖੀ ਲਈ ਜਥੇਬੰਦ ਕੀਤਾ ਹੈ। ਮਨਜੀਤ ਅਤੇ ਉਸ ਦੀ ਗੁਆਂਢਣ ਇਸੇ ਸਭਾ ਦੀਆਂ ਮੈਂਬਰ ਹਨ ਅਤੇ ਇਸ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦੀਆਂ ਹਨ। ਮਨਜੀਤ ਦੱਸਦੀ ਹੈ ਕਿ ਸੁਖਦੇਵ ਕੌਰ ਦੇ ਪਿੰਡ ਇਸ ਇਸਤਰੀ-ਸਭਾ ਦੀ ਸ਼ਾਖਾ ਹੈ ਅਤੇ ਇਹ ਸਭਾ ਬਲਵੰਤ ਸਿੰਘ ਨੂੰ ਜਲਦੀ ਹੀ ਸਿੱਧੇ ਰਾਹ ‘ਤੇ ਲੈ ਆਏਗੀ। ਇਸ ਤਰ੍ਹਾਂ ‘ਦੂਜਾ ਵਿਆਹ’ ਇਕਾਂਗੀ ਵਿੱਚ ਲੋਕ ਇਸਤਰੀ-ਸਭਾ ਦੀ ਵਿਸ਼ੇਸ਼ ਭੂਮਿਕਾ ਦਰਸਾਈ ਗਈ ਹੈ।
ਪ੍ਰਸ਼ਨ 20. ‘ਦੂਜਾ ਵਿਆਹ’ ਇਕਾਂਗੀ ਤੋਂ ਮਿਲਦੀ ਸਿੱਖਿਆ ਬਾਰੇ ਜਾਣਕਾਰੀ ਦਿਓ।
ਉੱਤਰ : ‘ਦੂਜਾ ਵਿਆਹ’ ਇਕਾਂਗੀ ਮੂਲ ਰੂਪ ਵਿੱਚ ਸਿੱਖਿਆਦਾਇਕ ਹੈ। ਇਸ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮਾਜਿਕ ਬੁਰਾਈ/ਸਮੱਸਿਆ ਨੂੰ ਪੇਸ਼ ਕਰ ਕੇ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਹੁਣ ਸਾਨੂੰ ਅਜਿਹੀਆਂ ਸਮਾਜਿਕ ਕੁਰੀਤੀਆਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇਸ ਇਕਾਂਗੀ ਤੋਂ ਸਾਨੂੰ ਸਹਿਣਸ਼ੀਲਤਾ, ਪਿਆਰ, ਸੂਝ-ਬੂਝ ਤੋਂ ਕੰਮ ਲੈਣ, ਅਗਾਂਹਵਧੂ ਵਿਚਾਰਾਂ ਨੂੰ ਅਪਣਾਉਣ ਅਤੇ ਘਰ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਸਿੱਖਿਆ ਮਿਲ਼ਦੀ ਹੈ। ਇਕਾਂਗੀਕਾਰ ਇਹ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਬਿਨਾਂ ਕਿਸੇ ਕਾਰਨ ਦੇ ਦੂਸਰੇ ਦੇ ਕੰਮਾਂ ਵਿੱਚ ਨੁਕਸ ਨਹੀਂ ਕੱਢਣੇ ਚਾਹੀਦੇ ਅਤੇ ਨੋਂਹਾਂ ਨੂੰ ਵੀ ਧੀਆਂ ਵਾਂਗ ਹੀ ਸਮਝਣਾ ਚਾਹੀਦਾ ਹੈ। ਇਕਾਂਗੀਕਾਰ ਇਹ ਵੀ ਸਿੱਖਿਆ ਦੇਣੀ ਚਾਹੁੰਦਾ ਹੈ ਕਿ ਸਮੇਂ ਨਾਲ ਬਦਲਨਾ ਬਹੁਤ ਜ਼ਰੂਰੀ ਹੈ।